Breaking News >> News >> The Tribune


ਉੱਤਰ ਪ੍ਰਦੇਸ਼ ਵਿਧਾਨ ਪਰਿਸ਼ਦ ਚੋਣਾਂ ’ਚ 98 ਫ਼ੀਸਦ ਤੋਂ ਵੱਧ ਮਤਦਾਨ


Link [2022-04-10 08:13:28]



ਲਖਨਊ, 9 ਅਪਰੈਲ

ਉੱਤਰ ਪ੍ਰਦੇਸ਼ ਵਿਧਾਨ ਪਰਿਸ਼ਦ ਚੋਣਾਂ ਵਿੱਚ ਅੱਜ 98 ਫ਼ੀਸਦ ਤੋਂ ਵੱਧ ਪੋਲਿੰਗ ਹੋਈ ਹੈ। ਇਹ ਜਾਣਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ। ਵਿਧਾਨ ਪਰਿਸ਼ਦ ਚੋਣਾਂ ਹਰ ਦੋ ਸਾਲਾਂ ਬਾਅਦ ਹੁੰਦੀਆਂ ਹਨ। ਸਥਾਨਕ ਅਥਾਰਟੀ ਚੋਣ ਖੇਤਰਾਂ 'ਚ 27 ਸੀਟਾਂ ਲਈ ਮਤਦਾਨ ਅੱਜ ਸਵੇਰੇ 8 ਵਜੇ ਸ਼ੁਰੂ ਹੋ ਕੇ ਸ਼ਾਮ 4 ਵਜੇ ਸਮਾਪਤ ਹੋਇਆ। ਭਾਰਤੀ ਚੋਣ ਕਮਿਸ਼ਨ (ਈਸੀਆਈ) ਮੁਤਾਬਕ ਸੂਬੇ ਵਿੱਚ ਸ਼ਾਮ 4 ਵਜੇ ਤੱਕ ਔਸਤ 98.11 ਫ਼ੀਸਦ ਮਤਦਾਨ ਦਰਜ ਹੋਇਆ। ਰਾਏਬਰੇਲੀ ਵਿੱਚ ਸਭ ਤੋਂ ਵੱਧ 99.35 ਫ਼ੀਸਦ ਜਦਕਿ ਗੋਰਖਪੁਰ ਵਿੱਚ ਸਭ ਤੋਂ ਘੱਟ 96.50 ਫ਼ੀਸਦ ਵੋਟਾਂ ਪਈਆਂ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਮੁਤਾਬਕ 95 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਅਤੇ ਅੱਜ 739 ਕੇਂਦਰਾਂ 'ਤੇ ਪੋਲਿੰਗ ਹੋਈ, ਜਿੱਥੇ 1,20,657 ਯੋਗ ਵੋਟਰ ਹਨ।

ਇਸੇ ਦੌਰਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਗੋਰਖਪੁਰ ਹਲਕੇ ਵਿੱਚ ਆਪਣੀ ਵੋਟ ਪਾਈ। ਹਾਲਾਂਕਿ ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਮੈਨਪੁਰੀ ਵਿੱਚ ਆਪਣੀ ਵੋਟ ਨਹੀਂ ਪਾ ਸਕੇ ਕਿਉਂਕਿ ਮਥੁਰਾ-ਏਟਾਹ-ਮੈਨਪੁਰੀ ਸਥਾਨਕ ਅਥਾਰਟੀ ਚੋਣ ਖੇਤਰ ਤੋਂ ਦੋ ਵਿਧਾਨ ਪਰਿਸ਼ਦ ਮੈਂਬਰ ਬਿਨਾਂ ਵਿਰੋਧ ਚੁਣੇ ਗਏ ਹਨ। ਸਪਾ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਨੇ ਸੈਫਾਈ ਚੋਣ ਕੇਂਦਰ 'ਤੇ ਜਦਕਿ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਅਮੇਠੀ ਵਿੱਚ ਆਪਣੀ ਵੋਟ ਪਾਈ। -ਪੀਟੀਆਈ

ਭਾਜਪਾ ਨੇ ਸੱਤਾ ਦੁਰਵਰਤੋਂ ਦੇ ਸਾਰੇ ਰਿਕਾਰਡ ਤੋੜੇ: ਅਖਿਲੇਸ਼ ਯਾਦਵ

ਲਖਨਊ: ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨੇ ਅੱਜ ਕਥਿਤ ਦੋਸ਼ ਲਾਇਆ ਕਿ ਭਾਜਪਾ ਦੀ 'ਡਬਲ ਇੰਜਣ' ਸਰਕਾਰ ਨੇ ਉੱਤਰ ਪ੍ਰਦੇਸ਼ ਵਿਧਾਨ ਪਰਿਸ਼ਦ ਚੋਣਾਂ ਵਿੱਚ ਸੱਤਾ ਦੀ ਦੁਰਵਰਤੋਂ ਦੀ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸਪਾ ਦੇ ਹੈੱਡਕੁਆਰਟਰ ਵੱਲੋਂ ਜਾਰੀ ਬਿਆਨ ਵਿੱਚ ਯਾਦਵ ਨੇ ਕਿਹਾ, ''ਭਾਜਪਾ ਨੇ ਡਬਲ ਇੰਜਣ ਦਾ ਤਾਕਤ ਨਾਲ ਜਮਹੂਰੀਅਤ ਨੂੰ ਕੁਚਲਣ ਦਾ ਕੰਮ ਕੀਤਾ ਹੈ ਅਤੇ ਵਿਧਾਨ ਪਰਿਸ਼ਦ ਵਿੱਚ ਜਬਰੀ ਬਹੁਮਤ ਹਾਸਲ ਕਰਨ ਲਈ ਸਾਰੀਆਂ ਨੈਤਿਕ ਅਤੇ ਜਮਹੂਰੀ ਮਾਨਤਾਵਾਂ ਨੂੰ ਛਿੱਕੇ ਟੰਗ ਦਿੱਤਾ।'' ਉਨ੍ਹਾਂ ਦਾਅਵਾ ਕੀਤਾ ਕਿ ਬਲਾਕ ਵਿਕਾਸ ਕੌਂਸਲ, ਪ੍ਰਧਾਨ ਅਤੇ ਜ਼ਿਲ੍ਹਾ ਪੰਚਾਇਤ ਮੈਂਬਰਾਂ ਨੂੰ ਵੋਟ ਪਾਉਣ ਤੋਂ ਵੱਖ-ਵੱਖ ਥਾਈਂ ਰੋਕਿਆ ਗਿਆ ਅਤੇ ਸੱਤਾ-ਸੁਰੱਖਿਆ ਹਾਸਲ ਭਾਜਪਾ ਦੇ ਵਿਅਕਤੀਆਂ ਅਤੇ ਸਰਕਾਰੀ ਤੰਤਰ ਵੱਲੋਂ ਵੱਖ-ਵੱਖ ਵੋਟ ਬੂਥਾਂ 'ਤੇ ਕਬਜ਼ਾ ਕਰਨ ਅਤੇ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਧਮਕਾਉਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। -ਪੀਟੀਆਈ



Most Read

2024-09-21 06:15:40