World >> The Tribune


ਪਾਕਿਸਤਾਨ ਦੀ ਕੌਮੀ ਅਸੈਂਬਲੀ ਭੰਗ, ਚੋਣਾਂ 90 ਦਿਨਾਂ ’ਚ


Link [2022-04-04 08:14:35]



ਇਸਲਾਮਾਬਾਦ, 3 ਅਪਰੈਲ

ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਮੁਲਕ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੇ ਮਸ਼ਵਰੇ 'ਤੇ ਅੱਜ ਕੌਮੀ ਅਸੈਂਬਲੀ ਨੂੰ ਭੰਗ ਕਰ ਦਿੱਤਾ ਹੈ। ਅਲਵੀ ਨੇ ਕਿਹਾ ਕਿ ਮੁਲਕ ਵਿੱਚ ਮੱਧਕਾਲੀ ਚੋਣਾਂ ਹੁਣ 90 ਦਿਨਾਂ ਅੰਦਰ ਕਰਵਾਈਆਂ ਜਾਣਗੀਆਂ। ਇਸ ਤੋਂ ਪਹਿਲਾਂ ਕੌਮੀ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਵਿਰੋਧੀ ਧਿਰ ਵੱਲੋਂ ਇਮਰਾਨ ਖ਼ਾਨ ਸਰਕਾਰ ਖਿਲਾਫ਼ ਪੇਸ਼ ਬੇਭਰੋੋਸਗੀ ਮਤੇ ਨੂੰ ਕੌਮੀ ਸੁਰੱਖਿਆ ਦੇ ਆਧਾਰ ਉੱਤੇ ਖਾਰਜ ਕਰ ਦਿੱਤਾ। ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਕਿਹਾ ਕਿ ਕੈਬਨਿਟ ਨੂੰ ਭੰਗ ਕਰ ਦਿੱਤਾ ਗਿਆ ਹੈ, ਪਰ ਪ੍ਰਧਾਨ ਮੰਤਰੀ ਆਪਣੇ ਫ਼ਰਜ਼ ਨਿਭਾਉਂਦੇ ਰਹਿਣਗੇ।

ਕੌਮੀ ਅਸੈਂਬਲੀ ਵਿੱਚ ਅੱਜ ਜਿਵੇਂ ਹੀ ਸਰਕਾਰ ਖਿਲਾਫ਼ ਬੇਭਰੋੋਸਗੀ ਮਤਾ ਰੱਦ ਹੋਇਆ ਤਾਂ ਇਮਰਾਨ ਖ਼ਾਨ ਦੇ ਦੇਸ਼ ਦੇ ਨਾਂ ਸੰਬੋਧਨ ਵਿੱਚ ਆਵਾਮ ਨੂੰ ਨਵੀਆਂ ਚੋਣਾਂ ਦੀ ਤਿਆਰੀ ਕਰਨ ਲਈ ਆਖ ਦਿੱਤਾ। ਖ਼ਾਨ ਨੇ ਆਵਾਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਡਿਪਟੀ ਸਪੀਕਰ ਨੇ 'ਵਿਦੇਸ਼ੀ ਸਾਜ਼ਿਸ਼ ਤਹਿਤ ਹਕੂਮਤ ਬਦਲਣ ਦੇ ਯਤਨਾਂ ਨੂੰ ਨਾਕਾਮ ਕਰ ਦਿੱਤਾ ਹੈ।' ਖ਼ਾਨ ਨੇ ਕਿਹਾ ਕਿ ਬੇਭਰੋਸਗੀ ਮਤਾ ਅਸਲ ਵਿੱਚ 'ਵਿਦੇਸ਼ੀ ੲੇਜੰਡਾ' ਹੈ। ਖ਼ਾਨ ਨੇ ਕਿਹਾ ਕਿ ਉਨ੍ਹਾਂ ਰਾਸ਼ਟਰਪਤੀ ਅਲਵੀ ਨੂੰ 'ਅਸੈਂਬਲੀ' ਭੰਗ ਕਰਨ ਦੀ ਸਲਾਹ ਦਿੱਤੀ ਸੀ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਨੇ ਕਿਹਾ, 'ਚੋਣਾਂ ਦੀਆਂ ਤਿਆਰੀਆਂ ਕਰੋ। ਕੋਈ ਵੀ ਭ੍ਰਿਸ਼ਟ ਤਾਕਤ ਇਹ ਫੈਸਲਾ ਨਹੀਂ ਕਰੇਗੀ ਕਿ ਮੁਲਕ ਦਾ ਭਵਿੱਖ ਕੀ ਹੋਵੇਗਾ। ਜਦੋਂ ਅਸੈਂਬਲੀ ਭੰਗ ਹੋ ਜਾਵੇਗੀ ਤਾਂ ਆਗਾਮੀ ਚੋਣਾਂ ਤੇ ਕੰਮ ਚਲਾਊ ਸਰਕਾਰ ਦਾ ਅਮਲ ਸ਼ੁਰੂ ਹੋ ਜਾਵੇਗਾ।'' ਦੱਸ ਦੇਈਏ ਕਿ ਅਜੇ ਤੱਕ ਕਿਸੇ ਵੀ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਪੰਜ ਸਾਲ ਦਾ ਕਾਰਜਕਾਲ ਪੂਰਾ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ ਕੌਮੀ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਵਿਰੋਧੀ ਧਿਰ ਵੱਲੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖਿਲਾਫ਼ ਪੇਸ਼ ਬੇਭਰੋਸਗੀ ਮਤੇ ਨੂੰ ਪਾਕਿਸਤਾਨ ਦੇ ਸੰਵਿਧਾਨ ਤੇ ਨੇਮਾਂ ਦੀ ਖਿਲਾਫ਼ਵਰਜ਼ੀ ਦੱਸਦਿਆਂ ਖਾਰਜ ਕਰ ਦਿੱਤਾ। ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਪਾਏ ਰੌਲੇ-ਰੱਪੇ ਦਰਮਿਆਨ ਸੂਰੀ ਨੇ ਕਿਹਾ, ''ਬੇਭਰੋਸਗੀ ਮਤਾ ਮੁਲਕ ਦੇ ਸੰਵਿਧਾਨ ਤੇ ਨੇਮਾਂ ਮੁਤਾਬਕ ਹੋਣਾ ਚਾਹੀਦਾ ਹੈ। ਕਿਉਂਕਿ ਕਾਨੂੰਨ ਮੰਤਰੀ ਨੇ ਇਸ ਦਾ ਜ਼ਿਕਰ ਨਹੀਂ ਕੀਤਾ, ਮੈਂ ਇਸ ਮਤੇ ਨੂੰ ਖਾਰਜ ਕਰਦਾ ਹਾਂ।'' ਵਿਰੋਧੀ ਧਿਰ ਵੱਲੋਂ ਸਪੀਕਰ ਅਸਦ ਕੈਸਰ ਖਿਲਾਫ਼ ਬੇਵਿਸਾਹੀ ਮਤਾ ਪੇਸ਼ ਕੀਤੇ ਜਾਣ ਮਗਰੋਂ ਸੂਰੀ ਨੇ ਸੰਸਦ ਦੇ ਇਸ ਅਹਿਮ ਇਜਲਾਸ ਦੀ ਪ੍ਰਧਾਨਗੀ ਕੀਤੀ। ਜਿਵੇਂ ਹੀ ਇਜਲਾਸ ਸ਼ੁਰੂ ਹੋਇਆ ਕਾਨੂੰਨ ਮੰਤਰੀ ਫ਼ਵਾਦ ਚੌਧਰੀ ਨੇ ਕਿਹਾ ਕਿ ਇਹ ਗੱਲ ਸਾਬਤ ਕੀਤੀ ਗਈ ਹੈ ਕਿ ਇਕ 'ਪੱਤਰ' ਰਾਹੀਂ ਬੇਭਰੋੋਸਗੀ ਮਤੇ ਦੀ ਵਰਤੋਂ ਇਕ ਵਿਦੇਸ਼ੀ ਤਾਕਤ ਦੇ ਇਸ਼ਾਰੇ 'ਤੇ ਸਰਕਾਰ ਬਦਲਣ ਲਈ ਕੀਤੀ ਜਾ ਰਹੀ ਹੈ, ਜੋ ਕਿ ਪਾਕਿਸਤਾਨ ਦੇ ਸੰਵਿਧਾਨ ਦੀ ਧਾਰਾ 5 ਦੇ ਖਿਲਾਫ਼ ਹੈ। ਚੌਧਰੀ ਨੇ ਚੇਅਰ ਨੂੰ ਬੇਭਰੋਸਗੀ ਮਤੇ ਦੀ ਵੈਧਤਾ ਉੱਤੇ ਫੈਸਲਾ ਦੇਣ ਦੀ ਗੁਜ਼ਾਰਿਸ਼ ਕੀਤੀ। ਨਤੀਜੇ ਵਜੋਂ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਮਤੇ ਨੂੰ ਖਾਰਜ ਕਰਦਿਆਂ ਆਪਣਾ ਫੈਸਲਾ ਸੁਣਾਇਆ ਤੇ ਇਜਲਾਸ ਮੁਲਤਵੀ ਕਰ ਦਿੱਤਾ। ਉਧਰ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਕੌਮੀ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਬੋਭਰੋਸਗੀ ਮਤੇ ਉੱਤੇ ਵੋਟਿੰਗ ਦੀ ਇਜਾਜ਼ਤ ਨਾ ਦੇ ਕੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਬਿਲਾਵਲ ਨੇ ਕਿਹਾ ਕਿ ਉਹ ਡਿਪਟੀ ਸਪੀਕਰ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਜਾਣਗੇ। ਬਿਲਾਵਲ ਨੇ ਕਿਹਾ, ''ਇਮਰਾਨ ਖ਼ਾਨ ਨੇ ਜੋ ਕੁਝ ਕੀਤਾ, ਉਹ ਕਾਨੂੰਨ ਦੇ ਖਿਲਾਫ਼ ਹੈ। ਅਸੀਂ ਆਪਣੇ ਵਕੀਲਾਂ ਨਾਲ ਗੱਲ ਕਰ ਰਹੇ ਹਾਂ। ਡਿਪਟੀ ਸਪੀਕਰ ਨੇ ਵੀ ਗੈਰਜਮਹੂਰੀ ਕੰਮ ਕੀਤਾ ਹੈ। ਇਸ ਕਦਮ ਨਾਲ ਇਮਰਾਨ ਖ਼ਾਨ ਨੇ ਖੁ਼ਦ ਨੂੰ ਬੇਨਕਾਬ ਕੀਤਾ ਹੈ। ਜਦੋਂ ਤੱਕ ਇਹ ਫੈਸਲਾ ਵਾਪਸ ਨਹੀਂ ਹੁੰਦਾ, ਅਸੀਂ ਕੌਮੀ ਅਸੈਂਬਲੀ ਦੇ ਅੰਦਰ ਹੀ ਰਹਾਂਗੇ।'' ਬਿਲਾਵਲ ਨੇ ਟਵੀਟ ਕੀਤਾ, ''ਅਸੀਂ ਸੁਪਰੀਮ ਕੋਰਟ ਜਾ ਰਹੇ ਹਾਂ। ਅਸੀਂ ਸਾਰੀਆਂ ਸੰਸਥਾਵਾਂ ਨੂੰ ਪਾਕਿਸਤਾਨ ਦੇ ਸੰਵਿਧਾਨ ਦੀ ਰੱਖਿਆ ਕਰਨ, ਉਸ ਦੀ ਕਾਇਮੀ ਤੇ ਲਾਗੂ ਕਰਨ ਦਾ ਸੱਦਾ ਦਿੰਦੇ ਹਾਂ। -ਪੀਟੀਆਈ

ਸਿਆਸੀ ਘਟਨਾਕ੍ਰਮ ਦੇ ਅਹਿਮ ਨੁਕਤੇ

ਸਪੀਕਰ ਖਿਲਾਫ਼ ਬੇਵਿਸਾਹੀ ਮਤਾ ਪਾਸ ਹੋਣ ਮਗਰੋਂ ਡਿਪਟੀ ਸਪੀਕਰ ਨੇ ਚਲਾਈ ਸਦਨ ਦੀ ਕਾਰਵਾਈ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਇਮਰਾਨ ਸਰਕਾਰ ਖਿਲਾਫ਼ ਮਤੇ ਨੂੰ ਮੁਲਕ ਦੇ ਸੰਵਿਧਾਨ ਤੇ ਨੇਮਾਂ ਖਿਲਾਫ਼ ਦੱਸਿਆ ਦੇਸ਼ ਦੇ ਨਾਂ ਸੰਬੋਧਨ 'ਚ ਇਮਰਾਨ ਵੱਲੋਂ ਦੇਸ਼ ਵਾਸੀਆਂ ਨੂੰ ਮੱਧਕਾਲੀ ਚੋਣਾਂ ਲਈ ਤਿਆਰੀਆਂ ਦਾ ਸੱਦਾ ਕੈਬਨਿਟ ਭੰਗ, ਪਰ ਇਮਰਾਨ ਫ਼ਰਜ਼ ਨਿਭਾਉਂਦੇ ਰਹਿਣਗੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਵੀ ਲਿਆ ਨੋਟਿਸ

ਇਮਰਾਨ ਨੇ ਦੇਸ਼ ਨੂੰ ਬਦਨਿਜ਼ਾਮੀ ਵੱਲ ਧੱਕਿਆ: ਸ਼ਾਹਬਾਜ਼

ਇਸਲਾਮਾਬਾਦ: ਪਾਕਿਸਤਾਨ ਦੀ ਕੌਮੀ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਅੱਜ ਦਾ ਘਟਨਾਕ੍ਰਮ 'ਕਿਸੇ ਰਾਜ-ਧਰੋਹ ਤੋਂ ਘੱਟ ਨਹੀਂ' ਹੈ। ਸ਼ਰੀਫ਼ ਨੇ ਕਿਹਾ, ''ਮੁਲਕ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਦੇਸ਼ ਨੂੰ ਬਦਨਿਜ਼ਾਮੀ ਵੱਲ ਧੱਕ ਦਿੱਤਾ ਹੈ। ਨਿਆਜ਼ੀ ਤੇ ਉਸ ਦੇ ਸਾਥੀਆਂ ਨੂੰ ਇੰਜ ਨਹੀਂ ਜਾਣ ਦਿੱਤਾ ਜਾਵੇਗਾ। ਸੰਵਿਧਾਨ ਦੀ ਬੜੀ ਬੇਸ਼ਰਮੀ/ਢੀਠਪੁਣੇ ਨਾਲ ਕੀਤੀ ਘੋਰ ਉਲੰਘਣਾ ਲਈ ਸਿੱਟੇ ਤਾਂ ਭੁਗਤਣੇ ਹੀ ਹੋਣਗੇ। ਆਸ ਕਰਦੇ ਹਾਂ ਕਿ ਸੁਪਰੀਮ ਕੋਰਟ ਸੰਵਿਧਾਨ ਦੀ ਬਹਾਲੀ ਲਈ ਆਪਣੀ ਬਣਦੀ ਭੂਮਿਕਾ ਨਿਭਾਏਗੀ।'' ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਕਿਹਾ, ''ਸੁਪਰੀਮ ਕੋਰਟ ਮਹਿਜ਼ ਮੂਕ ਦਰਸ਼ਕ ਬਣ ਕੇ ਨਹੀਂ ਬੈਠ ਸਕਦੀ। ਚੀਫ਼ ਜਸਟਿਸ ਨੂੰ ਫੌਰੀ ਬੈਂਚ ਲਾ ਕੇ ਦੇਸ਼ ਨੂੰ ਸੰਵਿਧਾਨਕ ਸੰਕਟ ਤੋਂ ਬਚਾਉਣਾ ਚਾਹੀਦਾ ਹੈ।'' ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਖਿਲਾਫ਼ ਬੇਭਰੋੋਸਗੀ ਮਤਾ ਰੱਦ ਕਰਨ ਤੇ ਅਸੈਂਬਲੀ ਭੰਗ ਕਰਨ ਦੇ ਪੂਰੇ ਅਮਲ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਹੈ। ਵਿਰੋਧੀ ਧਿਰ ਦੇ ਮੈਂਬਰਾਂ ਨੇ ਰੋਸ ਵਜੋਂ ਕੌਮੀ ਅਸੈਂਬਲੀ ਦੇ ਅਹਾਤੇ ਨੂੰ ਛੱਡਣ ਤੋਂ ਨਾਂਹ ਕਰ ਦਿੱਤੀ। ਉਧਰ ਸੰਵਿਧਾਨਕ ਮਾਮਲਿਆਂ ਦੇ ਮਾਹਿਰ ਵਕੀਲ ਸਲਮਾਨ ਅਕਰਮ ਰਾਜਾ ਨੇ ਵੀ ਉਪਰੋਕਤ ਪੂਰੇ ਅਮਲ ਨੂੰ ਗੈਰਸੰਵਿਧਾਨਕ ਦੱਸਿਆ ਹੈ। ਰਾਜਾ ਨੇ ਕਿਹਾ ਕਿ ਸੁਪਰੀਮ ਕੋਰਟ ਇਸ ਪੂਰੇ ਵਿਵਾਦ ਬਾਰੇ ਫੈਸਲਾ ਕਰੇਗੀ। ਰਾਜਾ ਨੇ ਕਿਹਾ, ''ਬੁਨਿਆਦੀ ਮੁੱਦਾ ਡਿਪਟੀ ਸਪੀਕਰ ਦੇ ਫੈਸਲੇ ਦੀ ਕਾਨੂੰਨੀ ਵੈਧਤਾ ਮੁਕੱਰਰ ਕਰਨਾ ਹੈ। ਜੇਕਰ ਸਿਖਰਲੀ ਅਦਾਲਤ ਕਹਿੰਦੀ ਹੈ ਕਿ ਫੈਸਲਾ ਕਾਨੂੰਨ ਮੁਤਾਬਕ ਹੈ, ਤਾਂ ਫਿਰ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਮਸ਼ਵਰਾ ਵੀ ਕਾਨੂੰਨ ਮੁਤਾਬਕ ਹੀ ਹੋਵੇ।'' ਸੁਪਰੀਮ ਕੋਰਟ ਦੀ ਬਾਰ ਦੇ ਪ੍ਰਧਾਨ ਅਹਿਸਨ ਭੂਨ ਨੇ ਵੀ ਪ੍ਰਧਾਨ ਮੰਤਰੀ ਤੇ ਡਿਪਟੀ ਸਪੀਕਰ ਦੀ ਕਾਰਵਾਈ ਨੂੰ ਸੰਵਿਧਾਨ ਦੀ ਖ਼ਿਲਾਫ਼ਵਰਜ਼ੀ ਦੱਸਦਿਆਂ ਕਿਹਾ ਕਿ 'ਉਨ੍ਹਾਂ ਖਿਲਾਫ਼ ਸੰਵਿਧਾਨ ਦੀ ਧਾਰਾ 6 ਤਹਿਤ ਰਾਜ-ਧਰੋਹ ਲਈ ਮੁਕੱਦਮਾ ਚਲਾਇਆ ਜਾਵੇ। -ਪੀਟੀਆਈ

ਫ਼ੌਜ ਨੇ ਮੌਜੂਦਾ ਸਿਆਸੀ ਹਾਲਾਤ ਤੋਂ ਦੂਰੀ ਬਣਾਈ

ਇਸਲਾਮਾਬਾਦ: ਪਾਕਿਸਤਾਨ ਦੀ ਤਾਕਤਵਾਰ ਫੌਜ ਨੇ ਮੁਲਕ ਦੇ ਮੌਜੂਦਾ ਸਿਆਸੀ ਹਾਲਾਤ ਤੋਂ ਦੂਰੀ ਬਣਾ ਲਈ ਹੈ। ਫੌਜ ਨੇ ਕਿਹਾ ਕਿ ਮੌਜੂਦਾ ਸਿਆਸੀ ਹਾਲਾਤ ਨਾਲ ਉਸ ਦਾ ਕੋਈ ਲਾਗਾ-ਦੇਗਾ ਨਹੀਂ ਹੈ। ਫੌਜ ਦੇ ਤਰਜਮਾਨ ਮੇਜਰ ਜਨਰਲ ਬਾਬਰ ਇਫ਼ਤਿਖਾਰ ਨੇ ਅੱਜ ਕੌਮੀ ਅਸੈਂਬਲੀ ਵਿੱਚ ਬੇਭਰੋਸਗੀ ਮਤਾ ਰੱਦ ਹੋਣ ਤੇ ਪਾਕਿਸਤਾਨੀ ਸਦਰ ਆਰਿਫ਼ ਅਲਵੀ ਵੱਲੋਂ ਅਸੈਂਬਲੀ ਭੰਗ ਕੀਤੇ ਜਾਣ ਦੇ ਹਵਾਲੇ ਨਾਲ ਇਕ ਨਿੱਜੀ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ, ''ਕੌਮੀ ਅਸੈਂਬਲੀ ਵਿੱਚ ਅੱਜ ਜੋ ਕੁਝ ਹੋਇਆ, ਉਸ ਨਾਲ ਸਾਡਾ ਕੋਈ ਵਾਸਤਾ ਨਹੀਂ ਹੈ।'' ਪਾਕਿਸਤਾਨ ਦੇ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਪਿਛਲੇ ਹਫ਼ਤੇ ਦੌਰਾਨ ਦੋ ਵਾਰ ਪ੍ਰਧਾਨ ਮੰਤਰੀ ਨੂੰ ਮਿਲੇ ਹਨ। ਇਮਰਾਨ ਖ਼ਾਨ ਮੁਤਾਬਕ ਫੌਜ ਨੇ ਉਨ੍ਹਾਂ ਨੂੰ ਤਿੰਨ ਬਦਲ ਦਿੱਤੇ ਸਨ। -ਪੀਟੀਆਈ

ਪੰਜਾਬ ਦਾ ਰਾਜਪਾਲ ਬਰਖਾਸਤ, ਮੁੱਖ ਮੰਤਰੀ ਦੀ ਚੋਣ ਟਲੀ

ਲਾਹੌਰ: ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਪੰਜਾਬ ਸੂਬੇ ਦੇ ਰਾਜਪਾਲ ਚੌਧਰੀ ਸਰਵਰ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੈ ਜਦੋਂਕਿ ਸੂਬੇ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਅੱਗੇ ਪੈ ਗਈ ਹੈ। ਸਰਵਰ ਦੀ ਥਾਂ ਉਮਰ ਸਰਫ਼ਰਾਜ਼ ਨੂੰ ਨਵਾਂ ਰਾਜਪਾਲ ਥਾਪਿਆ ਗਿਆ ਹੈ। ਕੌਮੀ ਅਸੈਂਬਲੀ ਦੇ ਹੀ ਨਕਸ਼ੇ ਕਦਮ 'ਤੇ ਤੁਰਦਿਆਂ ਪੰਜਾਬ ਅਸੈਂਬਲੀ ਦੇ ਡਿਪਟੀ ਸਪੀਕਰ ਸਰਦਾਰ ਦੋਸਤ ਮੁਹੰਮਦ ਮਜ਼ਾਰੀ ਨੇ ਇਮਰਾਨ ਖ਼ਾਨ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਪਿੱਛੇ 'ਕੌਮਾਂਤਰੀ ਸਾਜ਼ਿਸ਼' ਦੇ ਹਵਾਲੇ ਨਾਲ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਦੀ ਚੋਣ ਕਰਵਾਉਣ ਤੋਂ ਨਾਂਹ ਕਰ ਦਿੱਤੀ। ਮਜ਼ਾਰੀ ਨੇ ਪੰਜਾਬ ਅਸੈਂਬਲੀ ਦਾ ਇਜਲਾਸ 6 ਅਪਰੈਲ ਤੱਕ ਮੁਲਤਵੀ ਕਰ ਦਿੱਤਾ। ਮਗਰੋਂ ਸਪੀਕਰ ਦੇ ਦਫ਼ਤਰ ਨੇ ਕਿਹਾ ਕਿ ਸਦਨ ਵਿੱਚ ਜਾਰੀ ਹੁੱਲੜਬਾਜ਼ੀ ਕਰਕੇ ਮੁੱਖ ਮੰਤਰੀ ਦੀ ਚੋਣ ਦੇ ਅਮਲ ਨੂੰ ਅੱਗੇ ਪਾਉਣ ਦਾ ਫੈਸਲਾ ਕੀਤਾ ਗਿਆ ਹੈ। ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਗੱਠਜੋੜ ਵੱਲੋਂ ਚੌਧਰੀ ਪਰਵੇਜ਼ ਇਲਾਹੀ ਤੇ ਵਿਰੋਧੀ ਧਿਰ ਵੱਲੋਂ ਹਮਜ਼ਾ ਸ਼ਹਿਬਾਜ਼ ਮੁੱਖ ਮੰਤਰੀ ਦੇ ਉਮੀਦਵਾਰ ਹਨ। ਹਮਜ਼ਾ ਸ਼ਹਿਬਾਜ਼, ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਪ੍ਰਧਾਨ ਤੇ ਕੌਮੀ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ਼ ਦਾ ਪੁੱਤਰ ਹੈ। ਸਰਵਰ ਨੇ ਮਗਰੋਂ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਦਾਅਵਾ ਕੀਤਾ ਕਿ ਉਸ ਕੋਲ 'ਇਮਰਾਨ ਖ਼ਾਨ ਦੇ ਕਈ ਰਾਜ਼ ਹਨ।' ਸਰਵਰ ਨੇ ਕਿਹਾ ਕਿ ਵਿਰੋਧ ਦੇ ਬਾਵਜੂਦ 'ਅਯੋਗ ਮੁੱਖ ਮੰਤਰੀ ਉਸਮਾਨ ਬੁਜ਼ਦਾਰ' ਦੀ ਚੋਣ ਕੀਤੀ ਗਈ। -ਪੀਟੀਆਈ

ਸੁਪਰੀਮ ਕੋਰਟ ਨੇ ਅਫ਼ਸਰਾਂ ਨੂੰ ਫੈਸਲੇ ਲੈਣ ਤੋਂ ਵਰਜਿਆ

ਇਸਲਾਮਾਬਾਦ: ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਆਰਿਫ਼ ਅਲਵੀ ਵੱਲੋਂ ਕੌਮੀ ਅਸੈਂਬਲੀ ਭੰਗ ਕਰਨ ਦੇ ਫੈਸਲੇ ਦਾ 'ਆਪੂ' ਨੋਟਿਸ ਲੈਂਦਿਆਂ ਸਾਰੀਆਂ ਸਰਕਾਰੀ ਸੰਸਥਾਵਾਂ ਨੂੰ 'ਸੰਵਿਧਾਨ ਬਾਹਰੀ' ਫੈਸਲੇ ਲੈਣ ਤੋਂ ਵਰਜ ਦਿੱਤਾ ਹੈ। ਪਾਕਿਸਤਾਨ ਦੇ ਚੀਫ਼ ਜਸਟਿਸ ਉਮਰ ਅਤਾ ਬੰਡਿਆਲ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਸੁਣਵਾਈ ਕਰਦਿਆਂ ਕਿਹਾ ਕਿ ਅਮਨ ਤੇ ਕਾਨੂੰਨ ਦੀ ਕਾਇਮੀ ਨੂੰ ਹਰ ਹਾਲ ਯਕੀਨੀ ਬਣਾਇਆ ਜਾਵੇ ਤੇ ਮੁਲਕ ਦੇ ਮੌਜੂਦਾ ਸਿਆਸੀ ਹਾਲਾਤ ਨੂੰ ਦੇਖਦਿਆਂ ਸਰਕਾਰੀ ਅਧਿਕਾਰੀ 'ਸੰਵਿਧਾਨ ਤੋਂ ਬਾਹਰੀ' ਫ਼ੈਸਲੇ ਨਾ ਲੈਣ। ਸਿਖਰਲੀ ਅਦਾਲਤ ਨੇ ਮੁਲਕ ਦੇ ਅਟਾਰਨੀ ਜਨਰਲ ਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਦਿਆਂ ਸੋਮਵਾਰ ਤੱਕ ਲਈ ਸੁਣਵਾਈ ਮੁਲਤਵੀ ਕਰ ਦਿੱਤੀ। ਚੀਫ਼ ਜਸਟਿਸ ਬੰਡਿਆਲ ਅੱਜ ਪੂਰਾ ਦਿਨ ਸੁਪਰੀਮ ਕੋਰਟ ਵਿੱਚ ਮੌਜੂਦ ਰਹੇ। ਅੱਜ ਦੇ ਅਸਾਧਾਰਨ ਘਟਨਾਕ੍ਰਮ ਦੀ ਰੋਸ਼ਨੀ ਵਿੱਚ ਸਿਖਰਲੀ ਅਦਾਲਤ ਨੂੰ ਵਿਸ਼ੇਸ਼ ਤੌਰ 'ਤੇ ਖੋਲ੍ਹਿਆ ਗਿਆ ਸੀ। ਸੁਪਰੀਮ ਕੋਰਟ ਦੇ ਤਰਜਮਾਨ ਨੇ ਕਿਹਾ ਕਿ ਚੀਫ਼ ਜਸਟਿਸ ਬੰਡਿਆਲ ਨੇ ਮੁਲਕ ਦੇ ਮੌਜੂਦਾ ਸਿਆਸੀ ਹਾਲਾਤ ਦਾ ਖ਼ੁਦ ਨੋਟਿਸ ਲਿਆ। ਉਧਰ ਪਾਕਿਸਤਾਨ ਦੀ ਵਿਰੋਧੀ ਧਿਰ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰਕੇ ਡਿਪਟੀ ਸਪੀਕਰ ਕਾਸਿਮ ਸੂਰੀ ਦੇ ਫੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। -ਪੀਟੀਆਈ



Most Read

2024-09-20 17:44:21