Breaking News >> News >> The Tribune


ਸਰਕਾਰੀ ਵਕੀਲ ਨੇ ਦਿੱਲੀ ਦੰਗਿਆਂ ਦੀ ਤੁਲਨਾ ਅਮਰੀਕਾ ’ਚ 9/11 ਦਹਿਸ਼ਤੀ ਹਮਲੇ ਨਾਲ ਕੀਤੀ


Link [2022-01-28 23:57:45]



ਨਵੀਂ ਦਿੱਲੀ, 28 ਜਨਵਰੀ

ਦਿੱਲੀ ਪੁਲੀਸ ਦੇ ਵਕੀਲ ਨੇ ਸ਼ੁੱਕਰਵਾਰ ਨੂੰ ਜਵਾਹਰ ਲਾਲ ਨਹਿਰੂ (ਜੇਐੱਨਯੂ) ਦੇ ਵਿਦਿਆਰਥੀ ਉਮਰ ਖਾਲਿਦ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ 2020 'ਚ ਦਿੱਲੀ ਵਿੱਚ ਦੰਗਿਆਂ ਦੀ ਕਥਿਤ ਯੋਜਨਾ ਦੀ ਤੁਲਨਾ ਅਮਰੀਕਾ 'ਚ 11 ਸਤੰਬਰ 2001 ਨੂੰ ਹੋਏ ਦਹਿਸ਼ਤੀ ਹਮਲਿਆਂ ਨਾਲ ਕੀਤੀ ਹੈ। ਵਿਸ਼ੇਸ਼ ਸਰਕਾਰੀ ਵਕੀਲ ਅਮਿਤ ਪ੍ਰਸਾਦ ਨੇ ਸੁਣਵਾਈ ਦੌਰਾਨ ਖਾਲਿਦ 'ਤੇ ਸਾਜ਼ਿਸ਼ ਘੜਨ ਲਈ ਮੀਟਿੰਗ ਅਤੇ ਨਾਗਰਿਕਤਾ (ਸੋਧ) ਕਾਨੂੰਨ (ਸੀਏਏ) ਖ਼ਿਲਾਫ਼ ਪ੍ਰਦਰਸ਼ਨ ਲਈ ਜਗ੍ਹਾ ਦੀ ਨਿਗਰਾਨੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਧਰਮ ਨਿਰਪੱਖ ਵਿਰੋਧ ਦਾ ਮੁਖੌਟਾ ਤਿਆਰ ਕੀਤਾ, ਜਦਕਿ ਵਿਰੋਧ ਦੀ ਯੋਜਨਾ ਬਣਾਈ ਗਈ ਸੀ ਅਤੇ ਪ੍ਰੀਖਣ ਕੀਤਾ ਗਿਆ ਸੀ। ਸਰਕਾਰੀ ਵਕੀਲ ਨੇ ਵਧੀਕ ਸੈਸ਼ਨ ਜੱਜ ਅਮਿਤਾਭ ਰਾਵਤ ਅੱਗੇ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ, ''ਅਮਰੀਕਾ 'ਚ 9/11 ਘਟਨਾ ਤੋਂ ਵਾਪਰਨ ਪਹਿਲਾਂ ਠੀਕ ਪਹਿਲਾਂ ਉਸ ਵਿੱਚ ਸ਼ਾਮਲ ਸਾਰੇ ਲੋਕ ਇੱਕ ਖਾਸ ਜਗ੍ਹਾ 'ਤੇ ਪੁੱਜੇ ਅਤੇ ਟਰੇਨਿੰਗ ਲਈ। ਉਸ ਤੋਂ ਇੱਕ ਮਹੀਨਾ ਪਹਿਲਾਂ ਆਪੋ-ਆਪਣੀਆਂ ਥਾਵਾਂ 'ਤੇ ਚਲੇ। ਇਸ ਘਟਨਾ ਵਿੱਚ ਵੀ ਬਿਲਕੁਲ ਉਸੇ ਤਰ੍ਹਾਂ ਹੋਇਆ ਹੈ।'' ਉਨ੍ਹਾਂ ਕਿਹਾ ਕਿ 11 ਸਤੰਬਰ 2001 ਦੀ ਘਟਨਾ ਦਾ ਹਵਾਲਾ ਇਸ ਮਾਮਲੇ 'ਚ ਬਹੁਤ ਪ੍ਰਸੰਗਿਕ ਹੈ। ਹਮਲੇ ਦਾ ਹਵਾਲਾ ਦਿੰਦਿਆਂ ਕਿਹਾ, ''9/11 ਹਮਲੇ ਪਿੱਛੇ ਜਿਹੜਾ ਵਿਅਕਤੀ ਸੀ, ਉਹ ਕਦੇ ਅਮਰੀਕਾ ਨਹੀਂ ਗਿਆ ਸੀ। ਮਲੇਸ਼ੀਆ ਵਿੱਚ ਮੀਟਿੰਗ ਕਰਕੇ ਹਮਲੇ ਦੀ ਯੋਜਨਾ ਬਣਾਈ ਗਈ ਸੀ। ਉਦੋਂ ਵਟਸਐਪ ਚੈਟ ਉਪਲੱਬਧ ਨਹੀਂ ਸੀ। ਪਰ ਅੱਜ ਸਾਡੇ ਕੋਲ ਦਸਤਾਵੇਜ਼ ਮੌਜੂਦ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ (ਖਾਲਿਦ) ਗਰੁੱਪ ਦਾ ਹਿੱਸਾ ਸੀ। ਇਹ ਦਿਖਾਉਣ ਲਈ ਆਧਾਰ ਹੈ ਕਿ ਹਿੰਸਾ ਹੋਣ ਵਾਲੀ ਹੈ।'' ਵਕੀਲ ਨੇ ਅਦਾਲਤ ਨੂੰ ਅੱਗੇ ਕਿਹਾ ਕਿ 2020 ਦੇ ਵਿਰੋਧ ਪ੍ਰਦਰਸ਼ਨ ਦਾ ਮੁੱਦਾ ਸੀਏਏ ਜਾਂ ਐੱਨਆਰਸੀ ਨਹੀਂ ਸੀ ਬਲਕਿ ਸਰਕਾਰ ਨੂੰ ਸ਼ਰਮਿੰਦਾ ਕਰਨ ਅਤੇ ਅਜਿਹੇ ਕਦਮ ਚੁੁੱਕਣ ਦਾ ਸੀ ਕਿ ਇਹ ਕੌਮਾਂਤਰੀ ਸੁਰਖੀਆਂ ਵਿੱਚ ਆ ਜਾਵੇ। ਪਿਛਲੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਸੀ ਕਿ ਵਿਰੋਧ ਸਥਾਨਾਂ ਨੂੰ ਮਸਜਿਦਾਂ ਦੇ ਨੇੜੇ ਹੋਣ ਕਾਰਨ ਚੁਣਿਆ ਗਿਆ ਸੀ, ਪਰ ਇਸ ਇਸ ਨੂੰ ਇੱਕ ਇਰਾਦੇ ਨਾਲ ਧਰਮ ਨਿਰਪੱਖਤਾ ਦਾ ਨਾਮ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਉਮਰ ਖਾਲਿਦ ਅਤੇ ਕਈ ਹੋਰਨਾਂ ਖ਼ਿਲਾਫ਼ ਯੂਏਪੀਏ ਕੇਸ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਦੰਗਿਆਂ 'ਤੇ ਦੰਗਿਆਂ ਦੇ 'ਸਾਜ਼ਿਸ਼ਘਾੜੇ'' ਹੋਣ ਦਾ ਦੋਸ਼ ਹੈ। ਦੰਗਿਆ ਵਿੱਚ 53 ਲੋਕ ਮਾਰੇ ਗਏ ਸਨ ਅਤੇ 700 ਤੋਂ ਵੱਧ ਜ਼ਖਮੀ ਹੋਏ ਸਨ। ਉਨ੍ਹਾਂ ਕਿਹਾ ਕਿ ਧਰਮ ਨਿਰਪੱਖ ਵਿਰੋਧ ਨੂੰ ਮੁਖੌਟਾ ਬਣਾ ਕੇ ਕਿਤੇ ਵੀ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਗਈ ਅਤੇ ਉਸ ਦਾ ਪ੍ਰੀਖਣ ਕੀਤਾ ਗਿਆ। -ਪੀਟੀਆਈ



Most Read

2024-09-23 14:31:08