ਨਵੀਂ ਦਿੱਲੀ, 22 ਮਾਰਚ
ਰੇਟਿੰਗ ਏਜੰਸੀ 'ਫਿੱਚ' ਨੇ ਅਗਲੇ ਵਰ੍ਹੇ 2023 ਵਿੱਚ ਭਾਰਤ ਦੀ ਵਿਕਾਸ ਦਰ 10.3 ਫੀਸਦੀ ਤੋਂ ਘਟ ਕੇ 8.5 ਫ਼ੀਸਦੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਏਜੰਸੀ ਨੇ ਇਸ ਦਾ ਕਾਰਨ ਰੂਸ ਤੇ ਯੂਕਰੇਨ ਦੀ ਜੰਗ ਕਾਰਨ ਤੇਲ ਤੇ ਗੈਸ ਕੀਮਤਾਂ ਵਿੱਚ ਵਾਧਾ ਦੱਸਿਆ ਹੈ। ਏਜੰਸੀ ਨੇ ਮੌਜੂਦਾ ਵਿੱਤੀ ਵਰ੍ਹੇ ਲਈ ਕੁੱਲ ਘਰੇਲੂ ਉਤਪਾਦਨ ਦੇ ਵਿਕਾਸ ਸਬੰਧੀ ਅੰਦਾਜ਼ੇ ਨੂੰ 0.6 ਫ਼ੀਸਦੀ ਤੋਂ ਵਧਾ ਕੇ 8.7 ਫ਼ੀਸਦੀ ਕੀਤਾ ਹੈ। 'ਫਿੱਚ' ਨੇ ਕਿਹਾ,'ਹਾਲਾਂਕਿ ਤੇਜ਼ੀ ਨਾਲ ਵਧਦੀਆਂ ਤੇਲ ਕੀਮਤਾਂ ਕਾਰਨ ਅਸੀਂ ਭਾਰਤ ਲਈ ਵਿੱਤੀ ਵਰ੍ਹੇ 2022-23 ਵਿੱਚ ਆਪਣੀ ਵਿਕਾਸ ਦਰ ਦਾ ਅਨੁਮਾਨ 1.8 ਫ਼ੀਸਦੀ ਘਟਾ ਕੇ 8.5 ਫ਼ੀਸਦੀ ਕਰ ਦਿੱਤਾ ਹੈ। 'ਫਿੱਚ' ਨੇ ਕਿਹਾ ਕਿ ਕੋਵਿਡ- 19 ਮਹਾਮਾਰੀ ਤੋਂ ਬਾਅਦ ਇਸ ਤੋਂ ਉਭਰਨ ਦੇ ਰੁਝਾਨ ਨੂੰ ਸਪਲਾਈ ਦੀ ਵੱਡੇ ਪੱਧਰ 'ਤੇ ਕਮੀ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਨਾਲ ਵਿਕਾਸ ਘਟੇਗਾ ਤੇ ਮਹਿੰਗਾਈ ਵਧੇਗੀ। ਏਜੰਸੀ ਨੇ ਕਿਹਾ,' ਯੂਕਰੇਨ ਵਿੱਚ ਚੱਲ ਰਹੀ ਜੰਗ ਤੇ ਰੂਸ 'ਤੇ ਆਰਥਿਕ ਪਾਬੰਦੀਆਂ ਨੇ ਵਿਸ਼ਵ ਪੱਧਰ 'ਤੇ ਊਰਜਾ ਦੀ ਸਪਲਾਈ ਸਬੰਧੀ ਵੱਡਾ ਸੰਕਟ ਪੈਦਾ ਕਰ ਦਿੱਤਾ ਹੈ।' ਏਜੰਸੀ ਮੁਤਾਬਕ ਮਹਿੰਗਾਈ ਹੋਰ ਵਧਣ ਦੀ ਸੰਭਾਵਨਾ ਹੈ ਜੋ ਦਸੰਬਰ 2022 ਤੱਕ 7 ਫ਼ੀਸਦੀ ਤੋਂ ਵੱਧ ਰਹੇਗੀ। -ਪੀਟੀਆਈ
2024-11-10 02:57:00