Economy >> The Tribune


ਆਰਥਿਕ ਸਰਵੇਖਣ: ਜੀਡੀਪੀ ਅਗਲੇ ਵਿੱਤੀ ਵਰ੍ਹੇ ’ਚ 8-8.5 ਫ਼ੀਸਦ ਰਹਿਣ ਦੀ ਸੰਭਾਵਨਾ


Link [2022-02-01 08:13:47]



ਨਵੀਂ ਦਿੱਲੀ, 31 ਜਨਵਰੀ

ਮੁੱਖ ਅੰਸ਼

ਵਿੱਤੀ ਮੰਤਰੀ ਨਿਰਮਲਾ ਸੀਤਾਰਾਮਨ ਨੇ ਸੰਸਦ 'ਚ ਪੇਸ਼ ਕੀਤਾ ਆਰਥਿਕਤਾ ਦਾ ਅਨੁਮਾਨ ਅਰਥਚਾਰਾ ਚੁਣੌਤੀਆਂ ਨਾਲ ਸਿੱਝਣ ਲਈ ਤਿਆਰ

ਮੌਜੂਦਾ ਵਰ੍ਹੇ ਵਿਕਾਸ ਦਰ 9.2 ਫ਼ੀਸਦ ਰਹੇਗੀ

ਦੇਸ਼ ਦੀ ਆਰਥਿਕਤਾ ਪਹਿਲੀ ਅਪਰੈਲ ਤੋਂ ਸ਼ੁਰੂ ਹੋਣ ਵਾਲੇ ਵਿੱਤੀ ਵਰ੍ਹੇ 'ਚ 8-8.5 ਫ਼ੀਸਦ ਦੀ ਦਰ ਨਾਲ ਵਿਕਸਤ ਹੋਣ ਦੀ ਸੰਭਾਵਨਾ ਹੈ। ਇਹ ਉਮੀਦ ਬਜਟ ਤੋਂ ਇਕ ਦਿਨ ਪਹਿਲਾਂ ਸੰਸਦ 'ਚ ਪੇਸ਼ ਕੀਤੇ ਗਏ ਆਰਥਿਕ ਸਰਵੇਖਣ 'ਚ ਜਤਾਈ ਗਈ ਹੈ।

ਸਰਵੇਖਣ ਮੁਤਾਬਕ 2022-23 ਦੀ ਵਿਕਾਸ ਦਰ ਦਾ ਅਨੁਮਾਨ ਇਸ ਧਾਰਣਾ 'ਤੇ ਆਧਾਰਿਤ ਹੈ ਕਿ ਅੱਗੇ ਮਹਾਮਾਰੀ ਸਬੰਧੀ ਕੋਈ ਆਰਥਿਕ ਅੜਿੱਕਾ ਨਹੀਂ ਪਵੇਗਾ, ਮੌਨਸੂਨ ਆਮ ਵਾਂਗ ਰਹੇਗਾ, ਕੱਚੇ ਤੇਲ ਦੀਆਂ ਕੀਮਤਾਂ 70-75 ਡਾਲਰ ਪ੍ਰਤੀ ਬੈਰਲ ਦਰਮਿਆਨ ਰਹਿਣਗੀਆਂ ਅਤੇ ਆਲਮੀ ਸਪਲਾਈ ਚੇਨ 'ਚ ਅੜਿੱਕੇ ਲਗਾਤਾਰ ਘੱਟ ਹੋਣਗੇ। ਸਮੀਖਿਆ 'ਚ ਕਿਹਾ ਗਿਆ ਹੈ ਕਿ ਤੇਜ਼ੀ ਨਾਲ ਹੋਏ ਟੀਕਾਕਰਨ, ਸਪਲਾਈ ਨਾਲ ਸਬੰਧਤ ਸੁਧਾਰਾਂ ਅਤੇ ਨੇਮਾਂ ਨੂੰ ਸੁਖਾਲਾ ਬਣਾਉਣ ਦੇ ਨਾਲ ਹੀ ਅਰਥਚਾਰਾ ਭਵਿੱਖ ਦੀਆਂ ਚੁਣੌਤੀਆਂ ਦੇ ਟਾਕਰੇ ਲਈ ਵੀ ਪੂਰੀ ਤਰ੍ਹਾਂ ਨਾਲ ਤਿਆਰ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਸੰਸਦ 'ਚ ਰੱਖੇ ਗਏ ਆਰਥਿਕ ਸਰਵੇਖਣ 'ਚ ਉਮੀਦ ਜਤਾਈ ਗਈ ਹੈ ਕਿ ਅਰਥਚਾਰਾ ਮੌਜੂਦਾ ਵਿੱਤੀ ਵਰ੍ਹੇ ਦੌਰਾਨ 9.2 ਫ਼ੀਸਦ ਦੀ ਦਰ ਨਾਲ ਵਧੇਗਾ ਜੋ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਦੇ ਮੁਕਾਬਲੇ ਸੁਧਾਰ ਦਾ ਸੰਕੇਤ ਹੈ। ਕੋਵਿਡ ਮਹਾਮਾਰੀ ਕਾਰਨ ਵਿੱਤੀ ਵਰ੍ਹੇ 2020-21 'ਚ ਜੀਡੀਪੀ 'ਚ 7.3 ਫ਼ੀਸਦ ਦੀ ਗਿਰਾਵਟ ਆਈ ਸੀ। ਆਰਥਿਕ ਸਰਵੇਖਣ 'ਚ ਕਿਹਾ ਗਿਆ ਹੈ,''ਕੁੱਲ ਮਿਲਾ ਕੇ ਮੈਕਰੋ ਆਰਥਿਕ ਸਥਿਰਤਾ ਸੰਕੇਤ ਦੱਸਦੇ ਹਨ ਕਿ ਭਾਰਤੀ ਅਰਥਚਾਰਾ 2022-23 ਦੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਭਾਰਤੀ ਅਰਥਚਾਰੇ ਦੇ ਵਧੀਆ ਹਾਲਤ 'ਚ ਹੋਣ ਦੀ ਇਕ ਵਜ੍ਹਾ ਇਸ ਦੀ ਨਿਵੇਕਲੀ ਜਵਾਬੀ ਰਣਨੀਤੀ ਹੈ।'' ਪ੍ਰਧਾਨ ਆਰਥਿਕ ਸਲਾਹਕਾਰ ਸੰਜੀਵ ਸਾਨਿਆਲ ਦੀ ਅਗਵਾਈ ਹੇਠਲੀ ਟੀਮ ਵੱਲੋਂ ਤਿਆਰ ਇਸ ਦਸਤਾਵੇਜ਼ 'ਚ ਅੱਗੇ ਕਿਹਾ ਗਿਆ ਹੈ ਕਿ 2020-21 'ਚ ਅਰਥਚਾਰੇ ਨੂੰ ਦਿੱਤੇ ਗਏ ਵਿੱਤੀ ਸਮਰਥਨ ਨਾਲ ਹੀ ਸਿਹਤ ਸੇਵਾਵਾਂ ਕਾਰਨ ਵਿੱਤੀ ਘਾਟਾ ਅਤੇ ਸਰਕਾਰੀ ਕਰਜ਼ਾ ਵਧ ਗਿਆ। ਉਂਜ 2021-22 'ਚ ਹੁਣ ਤੱਕ ਸਰਕਾਰੀ ਮਾਲੀਏ 'ਚ ਜ਼ੋਰਦਾਰ ਉਛਾਲ ਦੇਖਣ ਨੂੰ ਮਿਲਿਆ ਹੈ। ਸਰਕਾਰ ਕੋਲ ਲੋੜ ਪੈਣ 'ਤੇ ਪੂੰਜੀਗਤ ਖ਼ਰਚਾ ਵਧਾਉਣ ਦੀ ਵਿੱਤੀ ਸਮਰੱਥਾ ਹੈ। ਸਰਵੇਖਣ ਮੁਤਾਬਕ ਨਿੱਜੀ ਖੇਤਰ ਦਾ ਨਿਵੇਸ਼ ਵਧਣ ਦੀ ਉਮੀਦ ਹੈ ਕਿਉਂਕਿ ਅਰਥਚਾਰੇ ਦੀ ਨੁਹਾਰ ਬਦਲਣ ਲਈ ਵਿੱਤੀ ਪ੍ਰਣਾਲੀ ਪੂਰੀ ਤਰ੍ਹਾਂ ਨਾਲ ਤਿਆਰ ਹੈ। ਇਸ ਕਾਰਨ ਮੁਲਕ ਦੀ ਜੀਡੀਪੀ 2022-23 'ਚ 8-8.5 ਫ਼ੀਸਦ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ। ਬੈਂਕਿੰਗ ਪ੍ਰਣਾਲੀ ਵਧੀਆ ਢੰਗ ਨਾਲ ਪੂੰਜੀਕ੍ਰਿਤ ਹੈ ਅਤੇ ਡੁੱਬੇ ਹੋਏ ਕਰਜ਼ਿਆਂ (ਐੱਨਪੀਏ) 'ਚ ਗਿਰਾਵਟ ਦਰਜ ਹੋਈ ਹੈ। ਸਰਵੇਖਣ 'ਚ ਕਿਹਾ ਗਿਆ ਹੈ ਕਿ ਥੋਕ ਕੀਮਤਾਂ 'ਤੇ ਆਧਾਰਿਤ ਮਹਿੰਗਾਈ ਦੀ ਉੱਚੀ ਦਰ ਕੁਝ ਹੱਦ ਤੱਕ ਆਧਾਰ ਪ੍ਰਭਾਵ ਕਾਰਨ ਹੈ ਪਰ ਨਾਲ ਹੀ ਕਿਹਾ ਗਿਆ ਹੈ ਕਿ ਭਾਰਤ ਨੂੰ ਦਰਾਮਦ ਮਹਿੰਗਾਈ ਦਰ ਤੋਂ ਖ਼ਬਰਦਾਰ ਰਹਿਣ ਦੀ ਲੋੜ ਹੈ। ਆਲਮੀ ਊਰਜਾ ਕੀਮਤਾਂ 'ਚ ਵਾਧੇ ਨੂੰ ਦੇਖਦਿਆਂ ਇਹ ਗੱਲ ਉਚੇਚੇ ਤੌਰ 'ਤੇ ਆਖੀ ਗਈ ਹੈ। ਸਰਵੇਖਣ 'ਚ ਕਿਹਾ ਗਿਆ ਹੈ ਕਿ ਭਾਰਤ 630 ਅਰਬ ਡਾਲਰ ਤੋਂ ਵੱਧ ਦੇ ਵਿਦੇਸ਼ੀ ਮੁਦਰਾ ਭੰਡਾਰ ਅਤੇ ਹਾਲਾਤ ਨਾਲ ਨਜਿੱਠਣ ਲਈ ਢੁੱਕਵੀਂ ਨੀਤੀਗਤ ਗੁੰਜਾਇਸ਼ ਹੋਣ ਕਾਰਨ ਫੈਡਰਲ ਰਿਜ਼ਰਵ ਸਮੇਤ ਵਿਦੇਸ਼ੀ ਕੇਂਦਰੀ ਬੈਂਕਾਂ ਦੇ ਮੁਦਰਾ ਨੀਤੀਗਤ ਕਦਮਾਂ ਦਾ ਵਧੀਆ ਢੰਗ ਨਾਲ ਸਾਹਮਣਾ ਕਰ ਸਕਦਾ ਹੈ।-ਪੀਟੀਆਈ

ਸ਼ੇਖੀਆਂ ਨਾ ਮਾਰੋ, ਇਹ ਪਛਤਾਵੇ ਅਤੇ ਬਦਲਾਅ ਦਾ ਸਮਾਂ: ਚਿਦੰਬਰਮ

ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਆਰਥਿਕ ਸਰਵੇਖਣ ਪੇਸ਼ ਕੀਤੇ ਜਾਣ ਮਗਰੋਂ ਸਰਕਾਰ 'ਤੇ ਵਰ੍ਹਦਿਆਂ ਕਿਹਾ ਹੈ ਕਿ ਇਹ ਸਮਾਂ 'ਪਛਤਾਵੇ ਅਤੇ ਬਦਲਾਅ' ਦਾ ਹੈ ਨਾ ਕੇ ਸ਼ੇਖੀਆਂ ਮਾਰਨ ਜਾਂ ਪੁਰਾਣੀਆਂ ਗੱਲਾਂ 'ਤੇ ਚੱਲਣ ਦਾ ਹੈ। ਉਨ੍ਹਾਂ ਕਿਹਾ ਕਿ ਆਰਥਿਕ ਸਰਵੇਖਣ ਤੋਂ ਪਤਾ ਲਗਦਾ ਹੈ ਕਿ ਮਹਾਮਾਰੀ ਦੇ ਦੋ ਸਾਲਾਂ ਮਗਰੋਂ ਅਰਥਚਾਰਾ ਪੁਰਾਣੇ ਪੱਧਰ 'ਤੇ ਪਹੁੰਚਿਆ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਇਨ੍ਹਾਂ ਦੋ ਸਾਲਾਂ 'ਚ ਲੋਕ ਕਮਜ਼ੋਰ ਹੋ ਗਏ, ਲੱਖਾਂ ਨੌਕਰੀਆਂ ਚਲੀਆਂ ਗਈਆਂ, 84 ਫ਼ੀਸਦੀ ਘਰਾਂ ਨੂੰ ਆਮਦਨ ਦਾ ਨੁਕਸਾਨ ਹੋਇਆ, 4.6 ਕਰੋੜ ਲੋਕਾਂ ਨੂੰ ਗਰੀਬੀ ਵੱਲ ਧੱਕ ਦਿੱਤਾ ਗਿਆ ਹੈ।



Most Read

2024-09-20 04:22:28