Breaking News >> News >> The Tribune


ਅਤਿਵਾਦੀ ਸੰਗਠਨ ਨਾਲ ਜੁੜੇ 8 ਜਣਿਆਂ ਖ਼ਿਲਾਫ਼ ਚਾਰਜਸ਼ੀਟ


Link [2022-01-29 05:14:16]



ਨਵੀਂ ਦਿੱਲੀ, 28 ਜਨਵਰੀ

ਐਨਆਈਏ ਨੇ ਕਥਿਤ ਆਈਐੱਸਆਈਐੱਸ ਨਾਲ ਜੁੜੇ 8 ਜਣਿਆਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਹੈ। ਇਨ੍ਹਾਂ ਉਤੇ ਮੁਸਲਿਮ ਨੌਜਵਾਨਾਂ ਨੂੰ ਕੱਟੜ ਬਣਾਉਣ, ਅਤਿਵਾਦ ਲਈ ਭਰਤੀ ਕਰਨ, ਦਹਿਸ਼ਤਗਰਦੀ ਲਈ ਪੈਸਾ ਇਕੱਠਾ ਕਰਨ ਦੇ ਦੋਸ਼ ਲਾਏ ਗਏ ਹਨ। ਇਸ ਤੋਂ ਇਲਾਵਾ ਏਜੰਸੀ ਮੁਤਾਬਕ ਇਹ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਇਸ ਅਤਿਵਾਦੀ ਸੰਗਠਨ ਨਾਲ ਜੁੜਨ ਲਈ ਵੀ ਕਹਿੰਦੇ ਰਹੇ ਹਨ।

ਏਜੰਸੀ ਨੇ ਦੱਸਿਆ ਕਿ ਦੀਪਤੀ ਮਰਲਾ, ਮੁਹੰਮਦ ਵਕਾਰ ਲੋਨ, ਮਿਜ਼੍ਹਾ ਸਿੱਦੀਕੀ, ਸ਼ਿਫਾ ਹੈਰਿਸ, ਓਬੈਦ ਹਾਮਿਦ ਮੱਤਾ, ਮਦੇਸ਼ ਸ਼ੰਕਰ, ਅੱਮਾਰ ਅਬਦੁਲ ਰਹਿਮਾਨ ਤੇ ਮੁਜ਼ੰਮਿਲ ਹਸਨ ਭੱਟ ਦਾ ਨਾਂ ਚਾਰਜਸ਼ੀਟ ਵਿਚ ਦਰਜ ਹੈ। ਐਨਆਈਏ ਨੇ ਇਸ ਮਾਮਲੇ ਵਿਚ ਕੇਸ ਪਿਛਲੇ ਸਾਲ ਮਾਰਚ ਵਿਚ ਦਰਜ ਕੀਤਾ ਸੀ। ਇਸ ਮਾਮਲੇ ਵਿਚ ਕੇਰਲਾ ਦੇ ਮੁਹੰਮਦ ਅਮੀਨ ਨੂੰ ਚਾਰਜਸ਼ੀਟ ਕੀਤਾ ਗਿਆ ਸੀ। ਉਸ ਦੇ ਸਾਥੀਆਂ ਨੂੰ ਵੀ ਚਾਰਜਸ਼ੀਟ ਦੇ ਘੇਰੇ ਵਿਚ ਲਿਆਂਦਾ ਗਿਆ ਸੀ। ਇਹ ਸਾਰੇ ਆਈਐੱਸਆਈਐੱਸ ਦਾ ਵੱਖ-ਵੱਖ ਢੰਗ ਨਾਲ ਪ੍ਰਚਾਰ ਕਰ ਰਹੇ ਸਨ ਤੇ ਜਹਾਦੀ ਵਿਚਾਰਧਾਰਾ ਦਾ ਪ੍ਰਚਾਰ ਵੀ ਕਰ ਰਹੇ ਸਨ। ਇਸ ਤੋਂ ਪਹਿਲਾਂ ਐਨਆਈਏ ਨੇ ਪਿਛਲੇ ਸਾਲ ਸਤੰਬਰ ਵਿਚ ਤਿੰਨ ਮੁਲਜ਼ਮਾਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਸੀ। ਏਜੰਸੀ ਮੁਤਾਬਕ ਮੁਲਜ਼ਮ ਨੌਜਵਾਨਾਂ ਨੂੰ ਆਈਐੱਸਆਈਐੱਸ ਦੇ ਕਬਜ਼ੇ ਵਾਲੇ ਖੇਤਰਾਂ ਵਿਚ ਜਾਣ ਲਈ ਮਾਨਸਿਕ ਤੌਰ ਉਤੇ ਤਿਆਰ ਕਰਦੇ ਸਨ। ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ



Most Read

2024-09-23 14:32:28