Breaking News >> News >> The Tribune


ਮਨੀਪੁਰ ਚੋਣਾਂ: ਹਿੰਸਾ ’ਚ ਦੋ ਵਿਅਕਤੀ ਹਲਾਕ; 76 ਫ਼ੀਸਦੀ ਵੋਟਿੰਗ


Link [2022-03-05 19:39:14]



ਇੰਫਾਲ, 5 ਮਾਰਚ

ਮਨੀਪੁਰ 'ਚ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਅੰਤਿਮ ਗੇੜ ਦੌਰਾਨ ਹੋਈ ਹਿੰਸਾ 'ਚ ਦੋ ਵਿਅਕਤੀ ਹਲਾਕ ਅਤੇ ਕੁਝ ਹੋਰ ਜ਼ਖ਼ਮੀ ਹੋ ਗਏ। ਉਂਜ ਭਾਰੀ ਸੁਰੱਖਿਆ ਹੇਠ ਛੇ ਜ਼ਿਲ੍ਹਿਆਂ ਦੀਆਂ 22 ਸੀਟਾਂ 'ਤੇ 76.04 ਫੀਸਦ ਵੋਟਿੰਗ ਹੋਈ ਹੈ। ਪੁਲੀਸ ਨੇ ਕਿਹਾ ਕਿ ਇਕ ਵਿਅਕਤੀ ਸੇਨਾਪਤੀ ਜ਼ਿਲ੍ਹੇ ਦੇ ਕਰੋਂਗ 'ਚ ਪੁਲੀਸ ਫਾਇਰਿੰਗ ਦੌਰਾਨ ਮਾਰਿਆ ਗਿਆ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ ਜਦਕਿ ਥੌਬਲ ਜ਼ਿਲ੍ਹੇ 'ਚ ਇਕ ਭਾਜਪਾ ਵਰਕਰ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆ ਦਮ ਤੋੜ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਕਰੋਂਗ 'ਚ ਪੁਲੀਸ ਨੂੰ ਉਸ ਸਮੇਂ ਗੋਲੀ ਚਲਾਉਣੀ ਪਈ ਜਦੋਂ ਕੁਝ ਲੋਕਾਂ ਨੇ ਪੋਲਿੰਗ ਅਮਲੇ ਨੂੰ ਕੁੱਟ ਕੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਇਕ ਹੋਰ ਘਟਨਾ 'ਚ ਕੁਝ ਭਾਜਪਾ ਵਰਕਰ ਸ਼ੁੱਕਰਵਾਰ ਦੇਰ ਰਾਤ ਕਾਂਗਰਸ ਵਰਕਰ ਦੇ ਘਰ ਗਏ ਸਨ ਤਾਂ ਉਥੇ ਤਕਰਾਰ ਹੋ ਗਈ। ਕਾਂਗਰਸ ਵਰਕਰ ਨੇ ਭਾਜਪਾ ਕਾਰਕੁਨਾਂ 'ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਕੁਝ ਭਾਜਪਾ ਵਰਕਰ ਜ਼ਖ਼ਮੀ ਹੋ ਗਏ। ਉਨ੍ਹਾਂ 'ਚੋਂ ਕੁਝ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਇਕ ਨੇ ਅੱਜ ਦਮ ਤੋੜ ਦਿੱਤਾ। ਚੋਣ ਅਤੇ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਦੇ ਕਾਰਕੁਨਾਂ ਵਿਚਕਾਰ ਮਾਓ, ਮੋਰੇਹ ਅਤੇ ਹੋਰ ਥਾਵਾਂ 'ਤੇ ਵੀ ਝੜਪਾਂ ਹੋਈਆਂ ਹਨ ਜਿਸ ਕਾਰਨ ਵੋਟਿੰਗ ਦਾ ਕੰਮ ਕੁਝ ਦੇਰ ਲਈ ਰੁਕਿਆ ਰਿਹਾ। ਸੇਨਾਪਤੀ ਜ਼ਿਲ੍ਹੇ ਦੀਆਂ ਤਿੰਨ ਸੀਟਾਂ 'ਤੇ 82.02 ਫ਼ੀਸਦ ਵੋਟਿੰਗ ਹੋਈ ਹੈ ਜਦਕਿ ਥੌਬਲ ਜ਼ਿਲ੍ਹੇ ਦੇ 10 ਹਲਕਿਆਂ 'ਚ 78 ਫ਼ੀਸਦ ਲੋਕਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ। -ਪੀਟੀਆਈ



Most Read

2024-09-22 14:44:34