Breaking News >> News >> The Tribune


ਪ੍ਰਾਜੈਕਟ-75 ਤਹਿਤ ਛੇਵੀਂ ਅਤੇ ਆਖਰੀ ਪਣਡੁੱਬੀ ‘ਵਗਸ਼ੀਰ’ ਲਾਂਚ


Link [2022-04-21 08:35:26]



ਮੁੰਬਈ, 20 ਅਪਰੈਲ

'ਦਿ ਮਜ਼ਗਾਓਂ ਡੌਕ ਸ਼ਿਪਬਿਲਡਰ' (ਐੱਮਡੀਐੱਲ) ਨੇ ਅੱਜ ਇੱਥੇ 'ਪ੍ਰਾਜੈਕਟ 75' ਤਹਿਤ ਛੇਵੀਂ ਤੇ ਆਖਰੀ ਪਣਡੁੱਬੀ ਆਈਐੱਨਐੱਨ ਵਗਸ਼ੀਰ ਲਾਂਚ ਕੀਤੀ। ਇਹ ਪਣਡੁੱਬੀ ਰੱਖਿਆ ਸਕੱਤਰ ਅਜੈ ਕੁਮਾਰ ਵੱਲੋਂ ਲਾਂਚ ਕੀਤੀ ਗਈ।

ਅਜੈ ਕੁਮਾਰ ਨੇ ਦੱਸਿਆ ਕਿ ਲਾਂਚ ਕੀਤੇ ਜਾਣ ਮਗਰੋਂ ਹੁਣ ਸਾਲ ਭਰ ਇਸ ਪਣਡੁੱਬੀ ਦੇ ਸਖ਼ਤ ਪ੍ਰੀਖਣ ਹੋਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਜੰਗ ਲਈ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਪਣਡੁੱਬੀ ਨੂੰ ਇਸ ਦੇ ਨਿਰਧਾਰਤ ਪ੍ਰੋਗਰਾਮ ਤੋਂ ਪਹਿਲਾਂ ਲਾਂਚ ਕੀਤਾ ਗਿਆ ਹੈ। ਰੱਖਿਆ ਸਕੱਤਰ ਨੇ ਕਿਹਾ, ''ਪਣਡੁੱਬੀ ਦੇਸ਼ ਦੀ ਸੁਰੱਖਿਆ ਨੂੰ ਤਾਂ ਵਧਾਉਂਦੀ ਹੀ ਹੈ ਸਗੋਂ ਇਹ ਸਵੈ-ਨਿਰਭਰਤਾ ਦੀ ਇੱਕ ਮਿਸਾਲ ਵੀ ਹੈ।''

ਐੱਮਡੀਐੱਲ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਹਰੇਕ ਪਣਡੁੱਬੀ ਨਾਲ ਸਵਦੇਸ਼ੀ ਉਪਕਰਨਾਂ ਦੀ ਵਰਤੋਂ ਵਿੱਚ ਵਾਧਾ ਦੇਖਿਆ ਗਿਆ ਹੈ। ਵਗਸ਼ੀਰ ਦੇ ਮਾਮਲੇ ਵਿੱਚ ਇਹ 40 ਫ਼ੀਸਦੀ ਹੈ। ਹਿੰਦ ਮਹਾਸਾਗਰ ਦੇ ਡੂੰਘੇ ਪਾਣੀਆਂ ਦੀ ਸਮੁੰਦਰੀ ਸ਼ਿਕਾਰੀ 'ਸੈਂਡਫਿਸ਼' ਦੇ ਨਾਂ 'ਤੇ ਇਸ ਦਾ ਨਾਂ 'ਵਗਸ਼ੀਰ' ਰੱਖਿਆ ਗਿਆ ਹੈ। ਇਸ ਯੋਜਨਾ ਤਹਿਤ ਪਹਿਲੀ ਵਗਸ਼ੀਰ ਪਣਡੁੱਬੀ ਦਸੰਬਰ 1974 ਵਿੱਚ ਲਾਂਚ ਕੀਤੀ ਗਈ ਸੀ, ਜਿਸ ਨੂੰ ਅਪਰੈਲ 1997 ਵਿੱਚ ਸੇਵਾ ਤੋਂ ਹਟਾ ਦਿੱਤਾ ਗਿਆ ਸੀ। ਇਹ ਨਵੀਂ ਪਣਡੁੱਬੀ ਪੁਰਾਣੇ ਮਾਡਲ ਦਾ ਨਵੀਨਤਮ ਰੂਪ ਹੈ। ਕੁਮਾਰ ਨੇ ਕਿਹਾ ਕਿ ਸਰਕਾਰ ਨੇ 'ਮੇਕ-1' ਪ੍ਰਕਿਰਿਆ ਰਾਹੀਂ ਰੱਖਿਆ ਉਦਯੋਗ ਦੀ ਮਦਦ ਨਾਲ ਡੀਜ਼ਲ ਇੰਜਣ ਬਣਾਉਣ ਦਾ ਇੱਕ ਅਹਿਮ ਫੈਸਲਾ ਲਿਆ ਹੈ। ਉਹ ਪ੍ਰਾਜੈਕਟ-75 ਦਾ ਜ਼ਿਕਰ ਕਰ ਰਹੇ ਸਨ, ਜਿਸ ਵਿੱਚ ਛੇ ਆਧੁਨਿਕ ਰਵਾਇਤੀ ਪਣਡੁੱਬੀਆਂ, ਉੱਨਤ ਤਾਰਪੀਡੋ, ਆਧੁਨਿਕ ਮਿਜ਼ਾਈਲ ਅਤੇ ਅਤਿ-ਆਧੁਨਿਕ ਉਪਕਰਨਾਂ ਦੇ ਸਵਦੇਸ਼ ਨਿਰਮਾਣ ਦੀ ਕਲਪਨਾ ਕੀਤੀ ਗਈ ਹੈ। ਉਨ੍ਹਾਂ ਕਿਹਾ, ''ਭਾਰਤ ਵਿੱਚ ਪਹਿਲੀ ਵਾਰ ਮਰੀਨ ਡੀਜ਼ਲ ਇੰਜਣ ਬਣਾਇਆ ਜਾਵੇਗਾ। ਭਾਈਵਾਲ ਉਦਯੋਗ ਨੂੰ 70 ਫ਼ੀਸਦੀ ਗਰਾਂਟ ਮਿਲੇਗੀ।'' ਦੱਸਣਯੋਗ ਹੈ ਕਿ ਨਵੰਬਰ 2020 ਵਿੱਚ ਜਲ ਸੈਨਾ ਨੇ 'ਪ੍ਰਾਜੈਕਟ-75' ਤਹਿਤ ਚੌਥੀ ਪਣਡੁੱਬੀ ਸੇਵਾ 'ਚ ਸ਼ਾਮਲ ਕੀਤੀ ਸੀ। -ਪੀਟੀਆਈ

ਆਧੁਨਿਕ ਪਣਡੁੱਬੀਆਂ ਨਾਲ ਜਲ ਸੈਨਾ ਦੀ ਸਮਰੱਥਾ ਵਧੀ: ਵਾਈਸ ਐਡਮਿਰਲ

ਪੱਛਮੀ ਜਲ ਸੈਨਾ ਕਮਾਨ ਦੇ ਕਮਾਂਡਰ ਇਨ-ਚੀਫ ਵਾਈਸ ਐਡਮਿਰਲ ਅਜੇਂਦਰ ਬਹਾਦਰ ਸਿੰਘ ਨੇ ਕਿਹਾ ਕਿ 'ਪ੍ਰਾਜੈਕਟ-75' ਤਹਿਤ ਆਈਐੱਨਐੱਸ ਕਲਵਰੀ, ਆਈਐੱਨਐੱਸ ਖੰਡੇਰੀ, ਆਈਐੱਨਐੈੱਸ ਕਾਰੰਗ ਤੇ ਆਈਐੱਨਐੈੱਸ ਵੈਲਾ ਪਹਿਲਾਂ ਹੀ ਸੇਵਾਵਾਂ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ, ''ਇਹ ਬਹੁਤ ਆਧੁਨਿਕ ਪਣਡੁੱਬੀਆਂ ਹਨ ਅਤੇ ਇਨ੍ਹਾਂ ਨਾਲ ਭਾਰਤੀ ਜਲ ਸੈਨਾ ਦੀ ਸਮਰੱਥਾ ਵਿੱਚ ਵਾਧਾ ਹੋਇਆ ਹੈ। ਸਾਨੂੰ ਉਮੀਦ ਹੈ ਕਿ ਪੰਜਵੀਂ 'ਵਾਗੀਰ' ਪਣਡੁੱਬੀ ਇਸ ਸਾਲ ਦੇ ਅੰਤ ਤੱਕ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਹੋ ਜਾਵੇਗੀ।'' ਵਾਈਸ ਐਡਮਿਰਲ ਨੇ ਕਿਹਾ ਕਿ ਆਈਐੱਨਐੇੱਸ ਵਗਸ਼ੀਰ ਪਰਖਾਂ ਵਿੱਚੋਂ ਲੰਘੇਗੀ ਅਤੇ ਸਹੀ ਸਮੇਂ 'ਤੇ ਇਸ ਨੂੰ ਜਲ ਸੈਨਾ ਵਿੱਚ ਸ਼ਾਮਲ ਕਰ ਲਿਆ ਜਾਵੇਗਾ।



Most Read

2024-09-20 20:44:37