Breaking News >> News >> The Tribune


ਰਾਜ ਸਭਾ ਵਿੱਚ 72 ਸੰਸਦ ਮੈਂਬਰਾਂ ਨੂੰ ਵਿਦਾਇਗੀ


Link [2022-04-01 08:14:11]



ਨਵੀਂ ਦਿੱਲੀ, 31 ਮਾਰਚ

ਰਾਜ ਸਭਾ ਨੇ ਅੱਜ ਸੇਵਾਮੁਕਤ ਹੋਏ ਆਪਣੇ 72 ਮੈਂਬਰਾਂ ਨੂੰ ਵਿਦਾਇਗੀ ਦਿੱਤੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸਦਨ ਦੇ ਤਜਰਬੇ ਨੂੰ ਦੇਸ਼ ਭਰ ਦੇ ਲੋਕਾਂ ਦੇ ਹਿੱਤਾਂ 'ਚ ਵਰਤਣ ਅਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਮੈਂਬਰਾਂ ਨੇ ਸੇਵਾਮੁਕਤ ਹੋ ਰਹੇ ਮੈਂਬਰਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਆਸ ਪ੍ਰਗਟਾਈ ਕਿ ਉਹ ਸਦਨ 'ਚ ਮੁੜ ਆਉਣ। ਇਸ ਮੌਕੇ ਭਾਵੇਂ ਜ਼ਿਆਦਾਤਰ ਸੰਸਦ ਮੈਂਬਰ ਭਾਵੁਕ ਦਿਖਾਈ ਦਿੱਤੇ, ਉੱਥੇ ਕੁਝ ਹਲਕੇ-ਫੁਲਕੇ ਪਲ ਵੀ ਸਨ।

ਇਸ ਵਰ੍ਹੇ ਮਾਰਚ ਤੋਂ ਜੁਲਾਈ ਤੱਕ 7 ਨਾਮਜ਼ਦ ਮੈਂਬਰਾਂ ਸਮੇਤ ਕੁੱਲ 72 ਮੈਂਬਰ ਸੇਵਾਮੁਕਤ ਹੋ ਰਹੇ ਹਨ, ਜੋ ਸਦਨ ਦੀ ਕੁੱਲ ਸਮਰੱਥਾ ਦਾ ਇੱਕ-ਤਿਹਾਈ ਹਿੱਸਾ ਬਣਦੇ ਹਨ। ਇਨ੍ਹਾਂ 'ਚੋਂ ਕੁਝ ਰਾਜ ਸਭਾ ਵਿੱਚ ਮੁੜ ਆ ਸਕਦੇ ਹਨ।

ਸੇਵਾਮੁਕਤ ਹੋ ਰਹੇ ਮੈਂਬਰ 19 ਸੂਬਿਆਂ ਨਾਲ ਸਬੰਧਤ ਹਨ ਤੇ ਇਨ੍ਹਾਂ 'ਚੋਂ ਕੁਝ ਕੋਲ ਪੰਜ ਸਾਲਾਂ ਦਾ ਤਜਰਬਾ ਹੈ। ਰਾਜ ਸਭਾ ਤੋਂ ਸੇਵਾਮੁਕਤ ਹੋਣ ਵਾਲਿਆਂ ਵਿੱਚ ਏ ਕੇ ਐਂਟਨੀ, ਅੰਬਿਕਾ ਸੋਨੀ, ਪੀ. ਚਿਦੰਬਰਮ, ਆਨੰਦ ਸ਼ਰਮਾ, ਜੈਰਾਮ ਰਾਮੇਸ਼, ਸੁਰੇਸ਼ ਪ੍ਰਭੂ, ਪ੍ਰਫੁੱਲ ਪਟੇਲ, ਸੁਬਰਾਮਨੀਅਨ ਸਵਾਮੀ, ਪ੍ਰਸੰਨ ਆਚਾਰਿਆ, ਸੰਜੈ ਰਾਊਤ, ਨਰੇਸ਼ ਗੁਜਰਾਲ, ਸਤੀਸ਼ ਚੰਦਰ ਮਿਸ਼ਰਾ, ਐੱਮ ਸੀ ਮੈਰੀ ਕੌਮ, ਸਵਪਨ ਦੇਸਗੁਪਤਾ ਤੇ ਨਰਿੰਦਰ ਜਾਧਵ ਸ਼ਾਮਲ ਹਨ। ਇਸ ਮੌਕੇ ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡ ਨੇ ਸਾਰੇ ਸੰਸਦ ਮੈਂਬਰਾਂ ਤੇ ਦੇਸ਼ ਭਰ ਦੇ ਵਿਧਾਇਕਾਂ ਨੂੰ ਜਨੂੰਨ ਨਾਲ ਚੰਗੀ ਕਾਰਗੁਜ਼ਾਰੀ ਦਿਖਾਉਣ ਤੇ ਨਿਯਮਾਂ ਤੇ ਪ੍ਰਕਿਰਿਆਵਾਂ ਦੀ ਈਮਾਨਦਾਰੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ। -ਪੀਟੀਆਈ

ਮੈਂਬਰਾਂ ਨੂੰ ਸਦਨ 'ਚੋਂ ਮਿਲੇ ਅਨੁਭਵ ਦੀ ਵਰਤੋਂ ਦੇਸ਼ ਦੀ ਸੇਵਾ ਲਈ ਕਰਨੀ ਚਾਹੀਦੀ ਹੈ: ਮੋਦੀ

ਇਸ ਮੌਕੇ ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਤਜਰਬੇ ਵਿੱਚ ਗਿਆਨ ਨਾਲੋਂ ਵੱਧ ਤਾਕਤ ਹੁੰਦੀ ਹੈ ਤੇ ਸੰਸਦ ਮੈਂਬਰਾਂ ਨੂੰ ਇਸਦੀ ਵਰਤੋਂ ਦੇਸ਼ ਦੀ ਸੇਵਾ ਲਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ,'ਭਾਵੇਂ ਅਸੀਂ (ਇਸ ਸਦਨ) ਦੀ ਚਾਰਦੀਵਾਰੀ ਤੋਂ ਬਾਹਰ ਜਾ ਰਹੇ ਹਾਂ ਪਰ ਸਾਨੂੰ ਇੱਥੋਂ ਮਿਲੇ ਤਜਰਬੇ ਦੀ ਵਰਤੋਂ ਮੁਲਕ ਦੀਆਂ ਚਾਰਾਂ ਦਿਸ਼ਾਵਾਂ ਵਿੱਚ ਫੈਲਾ ਕੇ ਦੇਸ਼ ਦੇ ਬਿਹਤਰ ਹਿੱਤਾਂ 'ਚ ਕਰਨੀ ਚਾਹੀਦੀ ਹੈ। ਉਨ੍ਹਾਂ ਸੇਵਾਮੁਕਤ ਹੋ ਰਹੇ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਮੁੜ ਸਦਨ 'ਚ ਆਉਣ ਲਈ ਕਿਹਾ। ਸ੍ਰੀ ਮੋਦੀ ਨੇ ਉਨ੍ਹਾਂ ਨੂੰ ਆਪਣੇ ਅਨੁਭਵ ਤੇ ਯੋਗਦਾਨ ਨੂੰ ਕਲਮਬੱਧ ਕਰਨ ਲਈ ਵੀ ਪ੍ਰੇਰਿਤ ਕੀਤਾ।



Most Read

2024-09-21 15:33:35