World >> The Tribune


ਰਾਜ ਗੱਦੀ ਸੰਭਾਲਣ ਦੇ 70 ਸਾਲ ਪੂਰੇ ਹੋਣ ਸਬੰਧੀ ਸਮਾਰੋਹਾਂ ਲਈ ਮਹਾਰਾਣੀ ਨੇ ਕੀਤਾ ਧੰਨਵਾਦ


Link [2022-06-04 00:38:51]



ਲੰਡਨ, 2 ਜੂਨ

ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੋਇਮ ਨੇ ਉਨ੍ਹਾਂ ਦੇ ਸੱਤਾ ਸੰਭਾਲਣ ਦੇ 70 ਸਾਲ ਪੂਰੇ ਹੋਣ ਮੌਕੇ ਵੀਰਵਾਰ ਤੋਂ ਸ਼ੁਰੂ ਹੋ ਰਹੇ ਚਾਰ ਦਿਨ ਦੇ ਸਮਾਰੋਹਾਂ ਤੇ ਸ਼ੁਭਕਾਮਨਾਵਾਂ ਲਈ ਆਪਣੇ ਦੇਸ਼ ਅਤੇ ਰਾਸ਼ਟਰਮੰਡਲ ਦੇ ਮੈਂਬਰ ਦੇਸ਼ਾਂ ਦਾ ਧੰਨਵਾਦ ਕੀਤਾ ਹੈ।

ਬਰਤਾਨੀਆ ਦੀ 96 ਸਾਲਾ ਮਹਾਰਾਣੀ 1952 ਵਿੱਚ 25 ਸਾਲ ਦੀ ਉਮਰ 'ਚ ਦੇਸ਼ ਦੀ ਰਾਜ ਗੱਦੀ 'ਤੇ ਬੈਠੀ ਸੀ ਅਤੇ ਉਨ੍ਹਾਂ ਦੀ ਇਸ ਉਪਲਬਧੀ ਦੇ 70 ਸਾਲ ਪੂਰੇ ਹੋਣ (ਪਲੈਟੀਨਮ ਜੁਬਲੀ) ਮੌਕੇ ਸਾਰੇ ਦੇਸ਼ ਵਿੱਚ ਸਮਾਰੋਹ ਕੀਤੇ ਜਾ ਰਹੇ ਹਨ। ਬਰਤਾਨੀਆ ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ (ਐੱਫਸੀਡੀਓ) ਨੇ ਕਿਹਾ ਕਿ ਦੁਨੀਆ ਭਰ ਵਿੱਚ ਉਸ ਦੇ ਦੂਤਾਵਾਸ ਤੇ ਹਾਈ ਕਮਿਸ਼ਨ ਦੇ ਮੁਲਾਜ਼ਮ ਵੀ ਇਸ ਮੌਕੇ ਵਿਸ਼ੇਸ਼ ਸਮਾਰੋਹ ਕਰਨਗੇ।

ਮਹਾਰਾਣੀ ਨੇ ਆਪਣੇ ਸੁਨੇਹੇ ਵਿੱਚ ਕਿਹਾ, ''ਬਰਤਾਨੀਆ ਅਤੇ ਸੰਪੂਰਨ ਰਾਸ਼ਟਰਮੰਡਲ 'ਚ ਮੇਰੀ ਪਲੈਟੀਨਮ ਜੁਬਲੀ ਮੌਕੇ ਭਾਈਚਾਰਿਆਂ, ਪਰਿਵਾਰਾਂ, ਗੁਆਂਢੀਆਂ ਅਤੇ ਦੋਸਤਾਂ ਨੂੰ ਸਮਾਰੋਹਾਂ ਵਿੱਚ ਸ਼ਾਮਲ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ। ਮੈਂ ਜਾਣਦੀ ਹਾਂ ਕਿ ਸਮਾਰੋਹ ਦੇ ਇਨ੍ਹਾਂ ਮੌਕਿਆਂ 'ਤੇ ਕਈ ਖੂਬਸੂਰਤ ਯਾਦਾਂ ਇਕੱਠੀਆਂ ਕੀਤੀਆਂ ਜਾਣਗੀਆਂ। ਮੇਰੇ ਪ੍ਰਤੀ ਦਿਖਾਈ ਜਾ ਰਹੀ ਇਸ ਸਦਭਾਵਨਾ ਤੋਂ ਮੈਂ ਹਮੇਸ਼ਾ ਪ੍ਰੇਰਿਤ ਰਹਾਂਗੀ ਅਤੇ ਆਸ ਕਰਦੀ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲੇਗਾ ਜੋ ਪਿਛਲੇ 70 ਸਾਲਾਂ 'ਚ ਹਾਸਲ ਹੋਈਆਂ ਹਨ। ਅਸੀਂ ਆਤਮਵਿਸ਼ਵਾਸ ਅਤੇ ਉਤਸ਼ਾਹ ਨਾਲ ਭਵਿੱਖ ਵੱਲ ਦੇਖ ਰਹੇ ਹਾਂ।''

ਪਲੈਟੀਨਮ ਜੁਬਲੀ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਅੱਜ ਫ਼ੌਜ ਦੀ ਪਰੇਡ ਨਾਲ ਹੋਈ। ਮਹਾਰਾਣੀ ਨੇ ਬਕਿੰਘਮ ਪੈਲੇਸ 'ਚ ਸ਼ਾਹੀ ਪਰਿਵਾਰ ਦੇ ਹੋਰ ਸੀਨੀਅਰ ਮੈਂਬਰਾਂ ਨਾਲ ਪਰੇਡ ਤੋਂ ਸਲਾਮੀ ਲਈ ਅਤੇ ਇਕੱਤਰ ਹੋਈ ਭੀੜ ਦੀਆਂ ਸ਼ੁਭਕਾਮਨਾਵਾਂ ਕਬੂਲੀਆਂ। ਅੱਜ ਸਮਾਰੋਹਾਂ ਤਹਿਤ ਰਾਇਲ ਏਅਰ ਫੋਰਸ ਦਾ ਫਲਾਈਪਾਸਟ ਹੋਵੇਗਾ ਅਤੇ ਮਹਿਲ ਦੇ ਬਾਹਰ 3000 ਲੈਂਪ ਜਗਾਏ ਜਾਣਗੇ। ਬਰਤਾਨੀਆ ਦੇ ਵਿਦੇਸ਼ ਮੰਤਰੀ ਲਿਜ਼ ਟਰੱਸ ਨੇ ਕਿਹਾ, ''ਮਹਾਰਾਣੀ ਵਾਂਗ ਸ਼ਾਹੀ ਘਰਾਣੇ ਦੇ ਹੋਰ ਕਿਸੇ ਮੈਂਬਰ ਨੇ ਸਾਡੇ ਦੇਸ਼ ਦੀ ਐਨੇ ਲੰਬੇ ਸਮੇਂ ਤੱਕ ਸੇਵਾ ਨਹੀਂ ਕੀਤੀ ਹੈ।'' ਸਮਾਰੋਹਾਂ ਦੀ ਸਮਾਪਤੀ ਐਤਵਾਰ ਨੂੰ ਹੋਵੇਗੀ। -ਪੀਟੀਆਈ



Most Read

2024-09-19 19:10:58