World >> The Tribune


ਯੂਕਰੇਨ ਵਿੱਚ ਰੂਸ ਦੇ 7 ਤੋਂ 15 ਹਜ਼ਾਰ ਸੈਨਿਕ ਮਾਰੇ ਗਏ: ਨਾਟੋ


Link [2022-03-26 02:20:30]



ਕੀਵ, 24 ਮਾਰਚ

ਨਾਟੋ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਯੂਕਰੇਨ ਵਿੱਚ ਪਿਛਲੇ ਚਾਰ ਹਫ਼ਤਿਆਂ ਤੋਂ ਜਾਰੀ ਲੜਾਈ ਵਿੱਚ ਰੂਸ ਫੌਜ ਦੇ ਸੱਤ ਹਜ਼ਾਰ ਤੋਂ ਪੰਦਰਾਂ ਹਜ਼ਾਰ ਜਵਾਨ ਮਾਰੇ ਗਏ ਹਨ। ਇਸ ਦੇ ਮੁਕਾਬਲੇ ਰੂਸ ਨੇ ਅਫ਼ਗਾਨਿਸਤਾਨ ਵਿੱਚ 10 ਸਾਲ ਪਹਿਲਾਂ ਹੋਏ ਯੁੱਧ ਦੌਰਾਨ ਲਗਭਗ ਪੰਦਰਾਂ ਹਜ਼ਾਰ ਸੈਨਿਕ ਗੁਆ ਦਿੱਤੇ ਸੀ। ਉੱਤਰੀ ਐਟਲਾਂਟਿਕ ਸੰਘੀ ਸੰਗਠਨ (ਨਾਟੋ) ਦੇ ਇੱਕ ਸੀਨੀਅਰ ਫ਼ੌਜੀ ਅਧਿਕਾਰੀ ਨੇ ਦੱਸਿਆ ਕਿ ਗੱਠਜੋੜ ਦਾ ਇਹ ਅਨੁਮਾਨ ਯੂਕਰੇਨ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਤੇ ਖੁੱਲ੍ਹੇ ਸਰੋਤਾਂ ਤੋਂ ਪ੍ਰਾਪਤ ਕੀਤੀਆਂ ਗਈਆਂ ਖੁਫ਼ੀਆ ਸੂਚਨਾਵਾਂ 'ਤੇ ਆਧਾਰਿਤ ਹੈ, ਜਿਸ ਨੂੰ ਰੂਸ ਵੱਲੋਂ ਜਾਣਬੁੱਝ ਕੇ ਜਾਰੀ ਨਹੀਂ ਕੀਤਾ ਜਾ ਰਿਹਾ। ਅਧਿਕਾਰੀ ਨੇ ਨਾਟੋ ਵੱਲੋਂ ਤੈਅ ਕੀਤੇ ਗਏ ਨਿਯਮਾਂ ਤਹਿਤ ਆਪਣੀ ਪਛਾਣ ਨਾ ਦੱਸਣ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ ਹੈ।

ਯੂਕਰੇਨ ਨੇ ਆਪਣੇ ਫ਼ੌਜੀ ਨੁਕਸਾਨ ਬਾਰੇ ਬਹੁਤ ਘੱਟ ਜਾਣਕਾਰੀ ਸਾਂਝੀ ਕੀਤੀ ਹੈ ਪਰ ਰਾਸ਼ਟਰਪਤੀ ਵੋੋਲੋਦੀਮਰ ਜ਼ੇਲੈਂਸਕੀ ਨੇ ਲਗਭਗ ਦੋ ਹਫ਼ਤੇ ਪਹਿਲਾਂ ਕਿਹਾ ਸੀ ਕਿ ਕਰੀਬ 1300 ਯੂਕਰੇਨੀ ਫ਼ੌਜੀ ਇਸ ਲੜਾਈ ਦੀ ਭੇਟ ਚੜ੍ਹ ਚੁੱਕੇ ਹਨ।

ਰੁੂਸ ਨੇ 24 ਫਰਵਰੀ ਨੂੰ ਯੂਕਰੇਨ 'ਤੇ ਆਪਣੀ ਸੈਨਿਕ ਕਾਰਵਾਈ ਸ਼ੁਰੂ ਕੀਤੀ ਸੀ ਅਤੇ ਇਸ ਲੜਾਈ ਨੂੰ ਚੱਲਦਿਆਂ ਚਾਰ ਹਫ਼ਤੇ ਪੂਰੇ ਹੋ ਗਏ ਹਨ। ਦੂਜੇ ਵਿਸ਼ਵ ਯੁੱਧ ਦੇ ਇਹ ਸਭ ਤੋਂ ਵੱਡੀ ਸੈਨਿਕ ਕਾਰਵਾਈ ਹੈ। ਇਸੇ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਪੱਛਮੀ ਦੇਸ਼ਾਂ ਨੂੰ ਇੱਕਜੁਟ ਰਹਿਣ ਦੀ ਅਪੀਲ ਕੀਤੀ ਹੈ। ਬੀਤੀ ਰਾਤ ਕੌਮ ਦੇ ਨਾਂ ਵੀਡੀਓ ਸੰਦੇਸ਼ ਵਿੱਚ ਭਾਵੁਕ ਹੁੰਦਿਆਂ ਸ੍ਰੀ ਜ਼ੇਲੈਂਸਕੀ ਨੇ ਕਿਹਾ, ''ਅਸੀਂ ਦੇਖਾਂਗੇ ਕਿ ਕੌਣ ਦੋਸਤ ਹੈ, ਕੌਣ ਸਾਂਝੀਦਾਰ ਹੈ ਅਤੇ ਕੌਣ ਵਿਕ ਗਿਆ ਅਤੇ ਕਿਸ ਨੇ ਸਾਨੂੰ ਧੋਖਾ ਦਿੱਤਾ ਹੈ।'' ਉਨ੍ਹਾਂ ਕਿਹਾ ਕਿ ਉਹ ਇੱਕ ਮਹੀਨੇ ਤੋਂ ਖ਼ੁਦ ਨੂੰ ਤਬਾਹ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। -ਏਪੀ



Most Read

2024-09-20 21:44:48