Breaking News >> News >> The Tribune


ਅਗਵਾਕਾਰਾਂ ਕੋਲੋਂ 7 ਬੱਚੇ ਬਰਾਮਦ


Link [2022-04-23 06:15:52]



ਅਲੀਗੜ੍ਹ: ਪੁਲੀਸ ਨੇ ਅਗਵਾਕਾਰਾਂ ਦੇ ਗਰੋਹ ਦੀ ਪੈੜ ਨੱਪਦਿਆਂ ਚਾਰ ਔਰਤਾਂ ਸਣੇ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਸੱਤ ਬੱਚੇ ਵੀ ਬਰਾਮਦ ਕੀਤੇ ਹਨ। ਐੱਸਐੱਸਪੀ ਕਲਾਨਿਧੀ ਨਥਾਨੀ ਨੇ ਦੱਸਿਆ ਕਿ ਇਸ ਗਰੋਹ ਨੇ ਵੀਰਵਾਰ ਨੂੰ ਗਾਂਧੀ ਪਾਰਕ ਪੁਲੀਸ ਸਟੇਸ਼ਨ ਖੇਤਰ ਅਧੀਨ ਆਉਂਦੇ ਨਿੱਜੀ ਹਸਪਤਾਲ 'ਚੋਂ 17 ਸਾਲਾ ਲੜਕੀ ਨੂੰ ਅਗਵਾ ਕੀਤਾ ਸੀ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਕੰਮ ਕਰਦੀ ਨਰਸ ਨੇ ਲੜਕੀ ਦੇ ਮਾਪਿਆਂ ਤੱਕ ਪਹੁੰਚ ਕਰਦਿਆਂ ਉਨ੍ਹਾਂ ਨੂੰ ਇਸ ਗੱਲ ਲਈ ਤਿਆਰ ਕੀਤਾ ਕਿ ਜੇਕਰ ਉਹ ਆਪਣੀ ਲੜਕੀ ਦੇ ਟੀਕਾਕਰਨ ਅਤੇ ਉਸ ਦੇ ਕੁਝ ਮੈਡੀਕਲ ਟੈਸਟ ਕਰਵਾਉਣ ਦੀ ਸਹਿਮਤੀ ਦੇਣ ਤਾਂ ਉਨ੍ਹਾਂ ਨੂੰ ਸਰਕਾਰੀ ਸਕੀਮ ਤਹਿਤ ਕੁਝ ਲਾਭ ਮਿਲਣਗੇ। ਮਾਪੇ ਨਰਸ ਦੀ ਗੱਲਾਂ ਵਿੱਚ ਆ ਗਏ ਤੇ ਉਨ੍ਹਾਂ ਲੜਕੀ ਉਸ ਦੇ ਨਾਲ ਤੋਰ ਦਿੱਤੀ। ਜਦੋਂ ਮਾਪਿਆਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਧੀ ਅਗਵਾ ਹੋ ਗਈ ਹੈ ਤਾਂ ਉਨ੍ਹਾਂ ਪੁਲੀਸ ਤੱਕ ਪਹੁੰਚ ਕੀਤੀ। ਨਥਾਨੀ ਨੇ ਕਿਹਾ ਕਿ ਹਸਪਤਾਲ ਦੇ ਨਾਲ ਲੱਗਦੇ ਇਲਾਕਿਆਂ ਦੀ ਸੀਸੀਟੀਵੀ ਫੁਟੇਜ ਖੰਗਾਲੀ ਗਈ। ਇਸ ਦੌਰਾਨ ਨਰਸ ਨੇਹਾ ਉਨ੍ਹਾਂ ਦੇ ਕਾਬੂ ਆ ਗਈ। ਪੁਲੀਸ ਨੇ ਅੱਜ ਸਵੇਰੇ 17 ਸਾਲਾ ਲੜਕੀ ਸਣੇ ਕੁਝ ਹੋਰਨਾਂ ਬੱਚਿਆਂ ਨੂੰ ਅਗਵਾਕਾਰਾਂ ਦੇ ਚੁੰਗਲ 'ਚੋਂ ਛੁਡਾਇਆ। -ਪੀਟੀਆਈ



Most Read

2024-09-20 18:47:19