World >> The Tribune


ਰੂਸ ਵੱਲੋਂ ਯੂਕਰੇਨੀ ਸ਼ਹਿਰ ਲਵੀਵ ’ਤੇ ਹਮਲਾ, 7 ਹਲਾਕ


Link [2022-04-19 07:34:12]



ਕੀਵ, 18 ਅਪਰੈਲ

ਪੱਛਮੀ ਯੂਕਰੇਨ ਦੇ ਲਵੀਵ ਸ਼ਹਿਰ ਵਿੱਚ ਅੱਜ ਸਵੇਰੇ ਮਿਜ਼ਾਈਲ ਹਮਲਿਆਂ ਕਾਰਨ ਹੋਏ ਕਈ ਧਮਾਕਿਆਂ ਵਿੱਚ ਘੱਟੋ-ਘੱਟ ਸੱਤ ਜਣਿਆਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਰਣਨੀਤਕ ਤੌਰ 'ਤੇ ਅਹਿਮ ਮਾਰੀਓਪੋਲ ਵਿੱਚ 'ਆਖ਼ਰੀ ਦਮ ਤੱਕ ਲੜਨ' ਦਾ ਸੰਕਲਪ ਲਿਆ ਹੈ।

ਰੂਸੀ ਫ਼ੌਜ ਨੇ ਬੰਦਰਗਾਹ ਵਾਲੇ ਸ਼ਹਿਰ ਦੇ ਇੱਕ ਵਿਸ਼ਾਲ ਸਟੀਲ ਪਲਾਂਟ ਨੂੰ ਨਸ਼ਟ ਕਰ ਦਿੱਤਾ, ਜੋ ਦੱਖਣੀ ਯੂਕਰੇਨ ਦੇ ਸ਼ਹਿਰ ਮਾਰੀਓਪੋਲ ਵਿੱਚ ਟੱਕਰ ਦੇਣ ਵਾਲਾ ਆਖ਼ਰੀ ਸਥਾਨ ਸੀ। ਧਮਾਕਿਆਂ ਮਗਰੋਂ ਲਵੀਵ 'ਤੇ ਸੰਘਣੇ, ਕਾਲੇ ਧੂੰਏਂ ਦੇ ਗੁਬਾਰ ਉੱਠ ਰਹੇ ਸਨ, ਜਿਸ ਨੂੰ 'ਦਿ ਐਸੋਸੀਏਟਡ ਪ੍ਰੈੱਸ' ਦੇ ਕਰਮਚਾਰੀਆਂ ਨੇ ਦੇਖਿਆ ਹੈ। ਰੂਸੀ ਹਮਲੇ ਕਾਰਨ ਲਵੀਵ ਅਤੇ ਪੱਛਮੀ ਯੂਕਰੇਨ ਦੇ ਬਾਕੀ ਹਿੱਸੇ ਦੇਸ਼ ਦੇ ਹੋਰ ਹਿੱਸਿਆਂ ਦੇ ਮੁਕਾਬਲੇ ਘੱਟ ਪ੍ਰਭਾਵਿਤ ਹੋਏ ਹਨ ਅਤੇ ਅਜੇ ਤੱਕ ਇਸ ਸ਼ਹਿਰ ਨੂੰ ਸੁਰੱਖਿਅਤ ਆਸਰਾ ਸਥਾਨ ਮੰਨਿਆ ਜਾਂਦਾ ਰਿਹਾ ਹੈ। ਲਵੀਵ ਦੇ ਖੇਤਰੀ ਗਵਰਨਰ ਮੈਕਸਿਮ ਕੋਜ਼ਿਤਸਕਾਈ ਨੇ ਦੱਸਿਆ ਕਿ ਰੂਸ ਦੇ ਚਾਰ ਮਿਜ਼ਾਈਲ ਹਮਲਿਆਂ ਵਿੱਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਬੱਚੇ ਸਣੇ ਅੱਠ ਹੋਰ ਜ਼ਖ਼ਮੀ ਹੋ ਗਏ। ਲਵੀਵ ਦੇ ਮੇਅਰ ਐਂਦਰੀ ਸਦੋਵੀ ਨੇ ਮਰਨ ਵਾਲਿਆਂ ਦੀ ਗਿਣਤੀ ਸੱਤ ਅਤੇ ਜ਼ਖ਼ਮੀਆਂ ਦੀ 11 ਦੱਸੀ ਹੈ, ਜਿਸ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ।

ਤਿੰਨ ਹਮਲੇ ਫ਼ੌਜੀ ਟਿਕਾਣਿਆਂ ਉਤੇ, ਜਦਕਿ ਇੱਕ ਹਮਲਾ ਟਾਇਰ ਦੀ ਦੁਕਾਨ 'ਤੇ ਹੋਇਆ। ਉਨ੍ਹਾਂ ਕਿਹਾ ਕਿ ਐਮਰਜੈਂਸੀ ਟੀਮ ਹਮਲਿਆਂ ਨਾਲ ਲੱਗੀ ਅੱਗ ਬੁਝਾਉਣ ਵਿੱਚ ਰੁਝੀ ਹੋਈ ਹੈ।

ਫ਼ੌਜੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਰੂਸ ਵੱਲੋਂ ਯੂਕਰੇਨ ਦੇ ਰੂਸੀ ਭਾਸ਼ਾ ਵਾਲੇ ਪੂਰਬੀ ਉਦਯੋਗਿਕ ਖੇਤਰ ਡੋਨਬਸ ਵਿੱਚ ਇੱਕ ਵੱਡੇ ਜ਼ਮੀਨੀ ਹਮਲੇ ਨੂੰ ਰੋਕਣ ਦੇ ਮਕਸਦ ਨਾਲ ਅਤੇ ਉਸ ਦੀ ਸਮਰੱਥਾ ਨੂੰ ਘੱਟ ਕਰਨ ਲਈ ਯੂਕਰੇਨ ਵਿੱਚ ਅਸਲਾ ਕਾਰਖ਼ਾਨਿਆਂ, ਰੇਲਵੇ ਅਤੇ ਹੋਰ ਬੁਨਿਆਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਿਜ਼ਾਈਲ ਅਤੇ ਰਾਕੇਟ ਦਾਗ਼ੇ ਗਏ ਹਨ। -ਏਪੀ

ਜਾਣ-ਬੁੱਝ ਕੇ ਦਹਿਸ਼ਤ ਫੈਲਾ ਰਹੇ ਨੇ ਰੂਸੀ ਫ਼ੌਜੀ: ਜ਼ੇਲੈਂਸਕੀ

ਲਵੀਵ: ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸੀ ਫ਼ੌਜੀ ਦੱਖਣੀ ਯੂਕਰੇਨ ਵਿੱਚ ਲੋਕਾਂ ਉੱਤੇ ਤਸ਼ੱਦਦ ਢਾਹ ਰਹੇ ਹਨ ਅਤੇ ਉਨ੍ਹਾਂ ਨੂੰ ਅਗਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਐਤਵਾਰ ਸ਼ਾਮ ਨੂੰ ਦੇਸ਼ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ''ਉਥੇ ਤਸ਼ੱਦਦ ਚੈਂਬਰ ਬਣਾਏ ਜਾ ਰਹੇ ਹਨ। ਉਹ ਸਥਾਨਕ ਸਰਕਾਰਾਂ ਦੇ ਨੁਮਾਇੰਦਿਆਂ ਅਤੇ ਸਥਾਨਕ ਭਾਈਚਾਰੇ ਦੇ ਲੋਕਾਂ ਨੂੰ ਅਗਵਾ ਕਰ ਰਹੇ ਹਨ।'' ਜ਼ੇਲੈਂਸਕੀ ਨੇ ਕਿਹਾ ਕਿ ਮਾਨਵੀ ਸਹਾਇਤਾ ਦਾ ਸਾਮਾਨ ਚੋਰੀ ਕਰ ਲਿਆ ਗਿਆ ਹੈ, ਜਿਸ ਕਾਰਨ ਅਕਾਲ ਵਰਗੇ ਹਾਲਾਤ ਪੈਦਾ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਖੇਰਸੋਨ ਅਤੇ ਜਾਪੋਰਿਝਝੀਆ ਖੇਤਰਾਂ ਦੇ ਕਬਜ਼ੇ ਵਾਲੇ ਹਿੱਸਿਆਂ ਵਿੱਚ, ਰੂਸ ਵੱਖਰਾ ਰਾਜ ਬਣਾ ਰਿਹਾ ਹੈ ਅਤੇ ਰੂਸੀ ਕਰੰਸੀ 'ਰੂਬਲ' ਦੀ ਵਰਤੋਂ ਸ਼ੁਰੂ ਕਰ ਰਿਹਾ ਹੈ। -ਏਪੀ

ਰੂਸੀ ਗੋਲੀਬਾਰੀ ਕਾਰਨ ਨਾਗਰਿਕਾਂ ਨੂੰ ਕੱਢਣ ਦਾ ਕੰਮ ਰੁਕਿਆ: ਯੂਕਰੇਨ

ਕੀਵ: ਯੂਕਰੇਨ ਸਰਕਾਰ ਨੇ ਲੋਕਾਂ ਨੂੰ ਕੱਢਣ ਦਾ ਕੰਮ ਇਹ ਕਹਿੰਦਿਆਂ ਰੋਕ ਦਿੱਤਾ ਹੈ ਕਿ ਰੂਸੀ ਫ਼ੌਜ ਨਾਗਰਿਕਾਂ ਨੂੰ ਕੱਢਣ ਵਾਲੇ ਲਾਂਘਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਯੂਕਰੇਨ ਦੇ ਉਪ ਪ੍ਰਧਾਨ ਮੰਤਰੀ ਇਰੀਨਾ ਵੀਰੇਸ਼ਚੁਕ ਨੇ ਅੱਜ ਕਿਹਾ ਕਿ ਰੂਸ ਮਾਨਵੀ ਬਚਾਅ ਮਾਰਗਾਂ 'ਤੇ ਗੋਲੀਬਾਰੀ ਕਰ ਰਿਹਾ ਹੈ ਅਤੇ ਇਨ੍ਹਾਂ ਵਿੱਚ ਅੜਿੱਕੇ ਖੜ੍ਹੇ ਕਰ ਰਿਹਾ ਹੈ। ਲੜਾਈ ਸ਼ੁਰੂ ਹੋਣ ਮਗਰੋਂ ਗੋਲੀਬਾਰੀ ਕਾਰਨ ਲੋਕਾਂ ਨੂੰ ਉੱਥੋਂ ਕੱਢਣ ਦਾ ਕੰਮ ਵਾਰ-ਵਾਰ ਪ੍ਰਭਾਵਿਤ ਹੋਇਆ ਹੈ। ਲੁਹਾਂਸਕ ਸਰਕਾਰ ਨੇ ਕਿਹਾ ਕਿ ਖੇਤਰ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਚਾਰ ਨਾਗਰਿਕਾਂ ਨੂੰ ਰੂਸੀ ਫ਼ੌਜ ਨੇ ਗੋਲੀ ਮਾਰ ਦਿੱਤੀ ਹੈ। ਪੂਰਬੀ ਸ਼ਹਿਰ ਖਾਰਕੀਵ ਵਿੱਚ ਇੱਕ ਰਿਹਾਇਸ਼ੀ ਇਲਾਕੇ ਵਿੱਚ ਅੱਜ ਗੋਲੀਬਾਰੀ ਵਿੱਚ ਘੱਟੋ-ਘੱਟ ਤਿੰਨ ਜਣੇ ਮਾਰੇ ਗਏ ਅਤੇ ਤਿੰਨ ਜ਼ਖ਼ਮੀ ਹੋ ਗਏ। -ਏਪੀ



Most Read

2024-09-20 09:37:57