Breaking News >> News >> The Tribune


ਯੂਪੀ ਪੇਪਰ ਲੀਕ ਕੇਸ ’ਚ 7 ਹੋਰ ਗ੍ਰਿਫ਼ਤਾਰ


Link [2022-04-01 08:14:11]



ਬਲੀਆ (ਯੂਪੀ), 31 ਮਾਰਚ

ਉੱਤਰ ਪ੍ਰਦੇਸ਼ ਸਕੂਲ ਪ੍ਰੀਖਿਆ ਬੋਰਡ ਦਾ 12ਵੀਂ ਕਲਾਸ ਦਾ ਅੰਗਰੇਜ਼ੀ ਦਾ ਪ੍ਰਸ਼ਨ ਪੱਤਰ ਲੀਕ ਹੋਣ ਦੇ ਮਾਮਲੇ 'ਚ ਅੱਜ ਸੱਤ ਹੋਰ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ ਜਿਨ੍ਹਾਂ 'ਚ ਦੋ ਸਥਾਨਕ ਪੱਤਰਕਾਰ ਵੀ ਸ਼ਾਮਲ ਹਨ। ਇਸੇ ਦੌਰਾਨ ਇੱਕ ਅਧਿਕਾਰਤ ਬਿਆਨ 'ਚ ਦੱਸਿਆ ਗਿਆ ਹੈ ਕਿ ਇਹ ਪ੍ਰੀਖਿਆ ਹੁਣ 13 ਅਪਰੈਲ ਨੂੰ ਹੋਵੇਗੀ।

ਪ੍ਰਸ਼ਨ ਪੱਤਰ ਲੀਕ ਹੋਣ ਤੋਂ ਬਾਅਦ ਬੀਤੇ ਦਿਨ 24 ਜ਼ਿਲ੍ਹਿਆਂ 'ਚ ਅੰਗਰੇਜ਼ੀ ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੋਸ਼ੀਆਂ ਖ਼ਿਲਾਫ਼ ਕੌਮੀ ਸੁਰੱਖਿਆ ਐਕਟ ਤਹਿਤ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਸੀ। ਇਸ ਘਟਨਾ ਦੇ ਸਬੰਧ ਵਿੱਚ ਹੁਣ ਤੱਕ 24 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਪੁਲੀਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ 'ਚ ਬਲੀਆ ਜ਼ਿਲ੍ਹੇ ਦੇ ਜ਼ਿਲ੍ਹਾ ਸਕੂਲ ਇੰਸਪੈਕਟਰ ਬ੍ਰਜੇਸ਼ ਕੁਮਾਰ ਮਿਸ਼ਰਾ ਤੇ ਤਿੰਨ ਪੱਤਰਕਾਰ ਸ਼ਾਮਲ ਹਨ। ਇੱਕ ਪੱਤਰਕਾਰ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਜ਼ਿਲ੍ਹਾ ਸਕੂਲ ਅਫਸਰ ਤੇ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਪੱਤਰਕਾਰ ਅਜੀਤ ਓਝਾ ਨੂੰ ਬੀਤੇ ਦਿਨ ਨਿਆਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਸੀ। ਡੀਐੱਸਪੀ ਸ਼ਿਵ ਨਾਰਾਇਣ ਵਿਆਸ ਨੇ ਦੱਸਿਆ ਕਿ ਇਸ ਕੇਸ ਦੇ ਸਬੰਧ ਵਿੱਚ ਸੱਤ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਜ ਜਿਹੜੇ ਦੋ ਸਥਾਨਕ ਪੱਤਰਕਾਰ ਗ੍ਰਿਫ਼ਤਾਰ ਕੀਤੇ ਗਏ ਹਨ, ਉਨ੍ਹਾਂ 'ਚ ਦਿਗਵਿਜੈ ਸਿੰਘ ਤੇ ਮਨੋਜ ਗੁਪਤਾ ਸ਼ਾਮਲ ਹਨ। ਪੁਲੀਸ ਨੇ ਇਸ ਮਾਮਲੇ 'ਚ ਤਿੰਨ ਵੱਖਰੇ ਕੇਸ ਵੀ ਦਰਜ ਕੀਤੇ ਹਨ। -ਪੀਟੀਆਈ



Most Read

2024-09-21 15:29:19