Breaking News >> News >> The Tribune


ਯੂਕਰੇਨ ਸੰਕਟ: ਹਵਾਈ ਫ਼ੌਜ ਦੀਆਂ ਤਿੰਨ ਉਡਾਣਾਂ ਰਾਹੀਂ 630 ਭਾਰਤੀ ਦੇਸ਼ ਪਰਤੇ


Link [2022-03-05 19:39:14]



ਨਵੀਂ ਦਿੱਲੀ, 4 ਮਾਰਚ

ਭਾਰਤੀ ਹਵਾਈ ਫ਼ੌਜ ਨੇ ਯੂਕਰੇਨ ਵਿੱਚ ਫਸੇ 630 ਭਾਰਤੀਆਂ ਨੂੰ ਤਿੰਨ ਉਡਾਣਾਂ ਰਾਹੀਂ ਵਾਪਸ ਲਿਆਂਦਾ ਹੈ। ਹਵਾਈ ਫ਼ੌਜ ਨੇ ਭਾਰਤੀ ਨਾਗਰਿਕਾਂ ਨੂੰ ਦੇਸ਼ ਵਾਪਸ ਲਿਆਉਣ ਲਈ ਵੀਰਵਾਰ ਰਾਤ ਤੋਂ ਸ਼ੁੱਕਰਵਾਰ ਸਵੇਰ ਤੱਕ ਰੋਮਾਨੀਆ ਅਤੇ ਹੰਗਰੀ ਤੋਂ ਹਿੰਡਨ ਏਅਰਬੇਸ ਤੱਕ ਤਿੰਨ ਉਡਾਣਾਂ ਚਲਾਈਆਂ। ਹਵਾਈ ਫ਼ੌਜ ਨੇ ਵੀਰਵਾਰ ਸਵੇਰੇ ਭਾਰਤ ਸਰਕਾਰ ਦੇ 'ਆਪਰੇਸ਼ਨ ਗੰਗਾ' ਤਹਿਤ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਅਤੇ ਹੰਗਰੀ ਦੀ ਰਾਜਧਾਨੀ ਬੁਡਾਪੈਸਟ ਅਤੇ ਪੋਲੈਂਡ ਦੇ ਸ਼ਹਿਰ ਰਜ਼ੇਜ਼ੋ ਤੋਂ ਹਿੰਡਨ ਏਅਰਬੇਸ ਤੱਕ ਚਾਰ ਉਡਾਣਾਂ ਚਲਾਈਆਂ, ਜਿਸ ਰਾਹੀਂ 798 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ।

ਇਸੇ ਦੌਰਾਨ ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਹਵਾਈ ਫ਼ੌਜ ਨੇ ਯੁੱਧਗ੍ਰਸਤ ਯੂਕਰੇਨ ਦੇ ਪੂਰਬੀ ਸ਼ਹਿਰਾਂ ਸੂਮੀ ਅਤੇ ਖਾਰਕੀਵ ਆਦਿ ਵਿੱਚ ਫਸੇ ਭਾਰਤੀਆਂ ਨੂੰ ਰੂਸੀ ਰਾਜਧਾਨੀ ਮਾਸਕੋ ਦੇ ਰਸਤੇ ਕੱਢਣ ਲਈ ਦੋ ਆਈਐੱਲ-76 ਫੌਜੀ ਆਵਾਜਾਈ ਵਾਲੇ ਜਹਾਜ਼ਾਂ ਨੂੰ ਤਿਆਰ-ਬਰ-ਤਿਆਰ ਰੱਖਿਆ ਹੋਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਪੂਰਬੀ ਯੂਕਰੇਨ ਦੇ ਸ਼ਹਿਰਾਂ ਵਿੱਚ ਭਿਆਨਕ ਲੜਾਈ ਚੱਲ ਰਹੀ ਹੈ ਅਤੇ ਉਥੇ ਫਸੇ ਭਾਰਤੀ ਯੂਕਰੇਨ ਦੀ ਪੱਛਮੀ ਸਰਹੱਦ ਤੱਕ ਨਹੀਂ ਪਹੁੰਚ ਸਕਦੇ। ਉਨ੍ਹਾਂ ਕਿਹਾ ਕਿ ਇਸ ਲਈ ਭਾਰਤੀ ਹਵਾਈ ਫ਼ੌਜ ਰੂਸੀ ਫ਼ੌਜੀ ਬਲਾਂ ਦੀ ਮਦਦ ਨਾਲ ਉਨ੍ਹਾਂ ਨੂੰ ਮਾਸਕੋ ਰਾਹੀਂ ਕੱਢਣ ਦੀ ਯੋਜਨਾ ਬਣਾ ਰਹੀ ਹੈ।

ਭਾਰਤੀ ਹਵਾਈ ਫ਼ੌਜ ਹੁਣ ਤੱਕ ਸੱਤ ਉਡਾਣਾਂ ਰਾਹੀਂ ਕੁੱਲ 1428 ਭਾਰਤੀਆਂ ਨੂੰ ਯੂਕਰੇਨ ਤੋਂ ਵਾਪਸ ਲਿਆ ਚੁੱਕੀ ਹੈ। ਇਸ ਮੁਹਿੰਮ ਵਿੱਚ ਸੀ-17 ਜਹਾਜ਼ ਦੀ ਮਦਦ ਲਈ ਗਈ। ਹਵਾਈ ਫ਼ੌਜ ਨੇ ਅੱਜ ਟਵੀਟ ਕੀਤਾ, ''ਤਿੰਨ ਹੋਰ ਸੀ-17 ਜਹਾਜ਼ ਬੀਤੀ ਰਾਤ ਅਤੇ ਅੱਜ ਤੜਕੇ ਯੂਕਰੇਨ ਤੋਂ 630 ਭਾਰਤੀਆਂ ਨੂੰ ਲੈ ਕੇ ਵਾਪਸ ਹਿੰਡਨ ਏਅਰਬੇਸ ਪਰਤ ਆਏ ਹਨ। ਇਨ੍ਹਾਂ ਨੂੰ ਕੱਢਣ ਲਈ ਰੋਮਾਨੀਆ ਅਤੇ ਹੰਗਰੀ ਦੇ ਹਵਾਈ ਖੇਤਰ ਦੀ ਵਰਤੋਂ ਕਰਨੀ ਪਈ।'' -ਪੀਟੀਆਈ

ਭਾਰਤੀ ਨਾਗਰਿਕਾਂ ਲਈ ਅੱਜ 15 ਹੋਰ ਉਡਾਣਾਂ

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਯੂਕਰੇਨ ਦੇ ਗੁਆਂਢੀ ਮੁਲਕਾਂ ਤੋਂ ਹਵਾਈ ਫ਼ੌਜ ਦੀਆਂ ਚਾਰ ਉਡਾਣਾਂ ਸਮੇਤ 15 ਉਡਾਣਾਂ ਆਪਣੇ ਨਾਗਰਿਕਾਂ ਨੂੰ ਲੈ ਕੇ ਮੁਲਕ ਪਰਤਣਗੀਆਂ। ਗਿਆਰਾਂ ਉਡਾਣਾਂ 'ਚੋਂ 10 ਦਿੱਲੀ ਅਤੇ ਇਕ ਮੁੰਬਈ 'ਚ ਉਤਰੇਗੀ। ਇਨ੍ਹਾਂ ਉਡਾਣਾਂ 'ਚ 2,200 ਤੋਂ ਜ਼ਿਆਦਾ ਭਾਰਤੀ ਵਤਨ ਪਰਤਣਗੇ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਬਿਆਨ ਮੁਤਾਬਕ ਅੱਜ 14 ਸਿਵਲੀਅਨ ਅਤੇ ਹਵਾਈ ਸੈਨਾ ਦੀਆਂ ਤਿੰਨ ਉਡਾਣਾਂ 3,772 ਭਾਰਤੀਆਂ ਨੂੰ ਵਤਨ ਲੈ ਕੇ ਆਈਆਂ ਹਨ।



Most Read

2024-09-22 14:43:32