Breaking News >> News >> The Tribune


ਉੱਤਰਾਖੰਡ ’ਚ 62.5 ਅਤੇ ਗੋਆ ’ਚ 79 ਫ਼ੀਸਦ ਪੋਲਿੰਗ


Link [2022-02-15 07:34:12]



ਦੇਹਰਾਦੂਨ/ਪਣਜੀ, 14 ਫਰਵਰੀ

ਉੱਤਰਾਖੰਡ ਦੀਆਂ 70 ਅਤੇ ਗੋਆ ਦੀਆਂ 40 ਸੀਟਾਂ 'ਤੇ ਅੱਜ ਇਕੋ ਗੇੜ 'ਚ ਵੋਟਿੰਗ ਦਾ ਅਮਲ ਅਮਨ-ਅਮਾਨ ਨਾਲ ਮੁਕੰਮਲ ਹੋ ਗਿਆ। ਉੱਤਰਾਖੰਡ 'ਚ 62.5 ਅਤੇ ਗੋਆ 'ਚ 78.94 ਫ਼ੀਸਦ ਲੋਕਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਵੋਟਾਂ ਦੀ ਗਿਣਤੀ ਅਤੇ ਨਤੀਜੇ ਬਾਕੀ ਤਿੰਨ ਸੂਬਿਆਂ ਯੂਪੀ, ਪੰਜਾਬ ਅਤੇ ਮਨੀਪੁਰ ਨਾਲ ਇਕੱਠਿਆਂ 10 ਮਾਰਚ ਨੂੰ ਐਲਾਨੇ ਜਾਣਗੇ। ਉੱਤਰਾਖੰਡ ਦੇ ਰਾਜਪਾਲ ਲੈਫ਼ਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਸਾਬਕਾ ਮੁੱਖ ਮੰਤਰੀਆਂ ਤ੍ਰਿਵੇਂਦਰ ਸਿੰਘ ਰਾਵਤ ਤੇ ਰਮੇਸ਼ ਪੋਖਰਿਆਲ ਨਿਸ਼ੰਕ, 'ਆਪ' ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਕਰਨਲ (ਸੇਵਾਮੁਕਤ) ਅਜੈ ਕੋਥਿਆਲ, ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਗਣੇਸ਼ ਗੋਦਿਆਲ, ਪ੍ਰੀਤਮ ਸਿੰਘ, ਯੋਗ ਗੁਰੂ ਰਾਮਦੇਵ ਅਤੇ ਨਿਰੰਜਨੀ ਅਖਾੜਾ ਮਹਾਮੰਡਲੇਸ਼ਵਰ ਕੈਲਾਸ਼ਨੰਦ ਬ੍ਰਹਮਚਾਰੀ ਨੇ ਵੀ ਵੋਟਾਂ ਪਾਈਆਂ। ਧਾਮੀ ਨੇ ਖਟੀਮਾ, ਤ੍ਰਿਵੇਂਦਰ ਅਤੇ ਨਿਸ਼ੰਕ ਨੇ ਦੇਹਰਾਦੂਨ, ਕੋਥਿਆਲ ਨੇ ਉੱਤਰਕਾਸ਼ੀ ਅਤੇ ਰਾਮਦੇਵ ਨੇ ਕਨਖਲ 'ਚ ਵੋਟ ਪਾਈ। ਹਿਜਾਬ ਵਿਵਾਦ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਮਦੇਵ ਨੇ ਕਿਹਾ ਕਿ ਅਸਦ-ਉਦ-ਦੀਨ ਓਵਾਇਸੀ 18ਵੀਂ ਸਦੀ 'ਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਕੌਮੀ ਹਿੱਤਾਂ ਦੇ ਮੁਕਾਬਲੇ 'ਚ ਇਹ ਬਹੁਤ ਛੋਟੀਆਂ ਗੱਲਾਂ ਹਨ। 'ਲੋਕਾਂ ਨੂੰ ਸਿਆਸੀ, ਵਿਦਵਤਾ ਅਤੇ ਧਾਰਮਿਕ ਅਤਿਵਾਦ ਨੂੰ ਨਕਾਰ ਕੇ ਮੁਲਕ ਲਈ ਵੋਟਾਂ ਪਾਉਣੀਆਂ ਚਾਹੀਦੀਆਂ ਹਨ।' ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ, ਸਾਬਕਾ ਮੰਤਰੀਆਂ ਯਸ਼ਪਾਲ ਆਰਿਆ, ਧਾਮੀ, ਗੋਦਿਆਲ, ਪ੍ਰੀਤਮ ਸਿੰਘ, ਸਤਪਾਲ ਮਹਾਰਾਜ, ਸੁਬੋਧ ਉਨਿਆਲ, ਅਰਵਿੰਦ ਪਾਂਡੇ, ਧਨ ਸਿੰਘ ਰਾਵਤ ਅਤੇ ਰੇਖਾ ਆਰਿਆ ਦੀ ਕਿਸਮਤ ਈਵੀਐੱਮਜ਼ 'ਚ ਬੰਦ ਹੋ ਗਈ ਹੈ। ਭਾਜਪਾ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ 'ਚ ਹੈ ਜਦਕਿ ਕਾਂਗਰਸ 2017 ਤੋਂ ਬਾਅਦ ਮੁੜ ਸੱਤਾ ਹਾਸਲ ਕਰਨਾ ਚਾਹੁੰਦੀ ਹੈ। 'ਆਪ' ਨੇ ਕੋਥਿਆਲ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਕੇ ਆਪਣਾ ਦਾਅ ਖੇਡਿਆ ਹੈ। ਪਹਿਲੀ ਵਾਰ ਸੂਬੇ 'ਚ 101 'ਸਖੀ' ਪੋਲਿੰਗ ਬੂਥ ਸਥਾਪਤ ਕੀਤੇ ਗਏ ਸਨ ਜੋ ਮਹਿਲਾਵਾਂ ਵੱਲੋਂ ਚਲਾਏ ਗਏ ਤਾਂ ਜੋ ਮਹਿਲਾਵਾਂ ਨੂੰ ਚੋਣ ਅਮਲ 'ਚ ਉਤਸ਼ਾਹਿਤ ਕੀਤਾ ਜਾ ਸਕੇ।

ਉਧਰ ਗੋਆ ਦੀਆਂ 40 ਸੀਟਾਂ 'ਤੇ ਵੋਟਿੰਗ ਹੋਈ। ਇਸ ਨਾਲ 301 ਉਮੀਦਵਾਰਾਂ ਦੀ ਕਿਸਮਤ ਈਵੀਐੱਮਜ਼ 'ਚ ਬੰਦ ਹੋ ਗਈ ਹੈ। ਸੂਬੇ 'ਚ ਭਾਜਪਾ, ਕਾਂਗਰਸ ਗੱਠਜੋੜ, 'ਆਪ' ਅਤੇ ਤ੍ਰਿਣਮੂਲ ਕਾਂਗਰਸ ਗੱਠਜੋੜ ਵਿਚਕਾਰ ਫਸਵਾਂ ਮੁਕਾਬਲਾ ਹੈ। ਭਾਜਪਾ ਲਗਾਤਾਰ ਦੂਜੀ ਵਾਰ ਸੱਤਾ 'ਚ ਆਉਣ ਦੀਆਂ ਕੋਸ਼ਿਸ਼ਾਂ 'ਚ ਹੈ। ਮੁੱਖ ਮੰਤਰੀ ਪ੍ਰਮੋਦ ਸਾਵੰਤ ਸੰਖਾਲਿਮ 'ਚ ਦੂਜੀ ਵਾਰ ਵਿਧਾਇਕ ਬਣਨ ਦੀ ਦੌੜ 'ਚ ਹਨ। ਪਣਜੀ 'ਚ ਮਰਹੂਮ ਮਨੋਹਰ ਪਰੀਕਰ ਦਾ ਪੁੱਤਰ ਉਤਪਲ ਪਰੀਕਰ ਆਜ਼ਾਦ ਉਮੀਦਵਾਰ ਵਜੋਂ ਭਾਜਪਾ ਦੇ ਮੌਜੂਦਾ ਵਿਧਾਇਕ ਅਤਾਨਾਸਿਓ ਮੌਂਸੇਰਾਤੇ ਖ਼ਿਲਾਫ਼ ਚੋਣ ਲੜ ਰਿਹਾ ਹੈ। ਭਾਜਪਾ ਨੇ ਉਤਪਲ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਵੋਟਰਾਂ ਨੂੰ ਪੋਲਿੰਗ ਸਟੇਸ਼ਨਾਂ 'ਤੇ ਦਸਤਾਨੇ ਵੰਡੇ ਗਏ ਸਨ। -ਪੀਟੀਆਈ

ਯੂਪੀ 'ਚ ਦੂਜੇ ਗੇੜ ਦੌਰਾਨ 62 ਫ਼ੀਸਦ ਵੋਟਾਂ ਪਈਆਂ

ਉੱਤਰ ਪ੍ਰਦੇਸ਼ ਦੇ ਬਿਜਨੌਰ ਵਿੱਚ ਵੋਟਾਂ ਪਾਉਣ ਲਈ ਲੱਗੀ ਔਰਤਾਂ ਦੀ ਕਤਾਰ। -ਫੋਟੋ: ਪੀਟੀਆਈ

ਲਖਨਊ: ਉੱਤਰ ਪ੍ਰਦੇਸ਼ 'ਚ ਦੂਜੇ ਗੇੜ ਦੀਆਂ ਵੋਟਾਂ ਦੌਰਾਨ ਅੱਜ 61.80 ਫ਼ੀਸਦ ਪੋਲਿੰਗ ਹੋਈ। ਪਹਿਲੇ ਗੇੜ ਦੀਆਂ 10 ਫਰਵਰੀ ਨੂੰ ਪਈਆਂ ਵੋਟਾਂ ਦੌਰਾਨ 62.4 ਫ਼ੀਸਦ ਵੋਟਿੰਗ ਹੋਈ ਸੀ। ਸੂਬੇ ਦੇ 9 ਜ਼ਿਲ੍ਹਿਆਂ ਦੀਆਂ 55 ਸੀਟਾਂ 'ਤੇ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਈ। ਸੰਘਣੀ ਧੁੰਦ ਅਤੇ ਠੰਢ ਹੋਣ ਕਾਰਨ ਵੋਟਿੰਗ ਦੇ ਪਹਿਲੇ ਦੋ ਘੰਟੇ ਕੁਝ ਹੀ ਵੋਟਰ ਪੋਲਿੰਗ ਬੂਥਾਂ 'ਤੇ ਜੁੜੇ ਸਨ। ਦੂਜੇ ਗੇੜ 'ਚ 586 ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ 'ਚ ਬੰਦ ਹੋ ਗਈ ਹੈ ਜਿਨ੍ਹਾਂ 'ਚ ਸਾਬਕਾ ਮੰਤਰੀ ਧਰਮ ਸਿੰਘ ਸੈਣੀ ਵੀ ਸ਼ਾਮਲ ਹਨ ਜੋ ਚੋਣਾਂ ਤੋਂ ਐਨ ਪਹਿਲਾਂ ਸਮਾਜਵਾਦੀ ਪਾਰਟੀ 'ਚ ਸ਼ਾਮਲ ਹੋ ਗਿਆ ਸੀ। ਸਮਾਜਵਾਦੀ ਪਾਰਟੀ ਦਾ ਆਗੂ ਆਜ਼ਮ ਖ਼ਾਨ ਰਾਮਪੁਰ ਅਤੇ ਉਸ ਦਾ ਪੁੱਤਰ ਅਬਦੁੱਲਾ ਆਜ਼ਮ ਖ਼ਾਨ ਸਵਾਰ ਸੀਟ ਤੋਂ ਚੋਣ ਲੜ ਰਿਹਾ ਹੈ। ਸਮਾਜਵਾਦੀ ਪਾਰਟੀ ਵੱਲੋਂ ਈਵੀਐੱਮ 'ਚ ਕਮਲ (ਭਾਜਪਾ ਦਾ ਚੋਣ ਨਿਸ਼ਾਨ) ਨੂੰ ਵੋਟ ਪੈਣ ਬਾਰੇ ਕੀਤੇ ਗਏ ਇਕ ਟਵੀਟ ਸਬੰਧੀ ਵਧੀਕ ਮੁੱਖ ਚੋਣ ਅਧਿਕਾਰੀ ਬ੍ਰਹਮ ਦੇਵ ਰਾਮ ਤਿਵਾੜੀ ਤੋਂ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਜਿਸ ਸਹਾਰਨਪੁਰ ਦੇ ਬੇਹਾਤ ਪੋਲਿੰਗ ਬੂਥ ਦੀ ਗੱਲ ਕੀਤੀ ਗਈ ਸੀ, ਉਥੇ ਭੇਜੀਆਂ ਗਈਆਂ ਟੀਮਾਂ ਨੇ ਪਾਇਆ ਕਿ ਇਹ ਸੂਚਨਾ ਝੂਠੀ ਸੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਉਨ੍ਹਾਂ ਸ਼ਿਕਾਇਤਾਂ ਦਾ ਨੋਟਿਸ ਵੀ ਲਿਆ ਹੈ ਕਿ ਜਿਸ 'ਚ ਕਿਹਾ ਗਿਆ ਸੀ ਕਿ ਯਾਦਵ ਭਾਈਚਾਰੇ ਦੇ ਲੋਕਾਂ ਨੂੰ ਵੋਟਾਂ ਨਹੀਂ ਪਾਉਣ ਦਿੱਤੀਆਂ ਗਈਆਂ ਹਨ। ਭਾਜਪਾ ਆਗੂ ਜੇ ਪੀ ਐੱਸ ਰਾਠੌੜ ਵੱਲੋਂ ਬੁਰਕੇ 'ਚ ਆਈਆਂ ਮਹਿਲਾਵਾਂ ਵੱਲੋਂ ਫਰਜ਼ੀ ਵੋਟਿੰਗ ਦੇ ਲਾਏ ਗਏ ਦੋਸ਼ਾਂ ਬਾਰੇ ਤਿਵਾੜੀ ਨੇ ਕਿਹਾ ਕਿ ਇਸ ਬਾਰੇ ਜ਼ਿਲ੍ਹਾ ਮੈਜਿਸਟਰੇਟ ਤੋਂ ਰਿਪੋਰਟ ਮੰਗੀ ਗਈ ਹੈ ਅਤੇ ਅਜੇ ਤੱਕ ਇਸ ਮਾਮਲੇ 'ਚ ਕੋਈ ਸਚਾਈ ਨਹੀਂ ਮਿਲੀ ਹੈ। ਜਿਨ੍ਹਾਂ 55 ਸੀਟਾਂ 'ਤੇ ਵੋਟਿੰਗ ਹੋਈ ਹੈ, ਉਨ੍ਹਾਂ 'ਚੋਂ ਭਾਜਪਾ ਨੇ 2017 ਦੀਆਂ ਚੋਣਾਂ ਦੌਰਾਨ 38 ਸੀਟਾਂ ਜਿੱਤੀਆਂ ਸਨ ਜਦਕਿ ਸਮਾਜਵਾਦੀ ਪਾਰਟੀ ਨੂੰ 15 ਅਤੇ ਕਾਂਗਰਸ ਨੂੰ ਦੋ 'ਤੇ ਜਿੱਤ ਹਾਸਲ ਹੋਈ ਸੀ।



Most Read

2024-09-22 22:18:48