World >> The Tribune


ਸ੍ਰੀਲੰਕਾ ’ਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ; 600 ਗ੍ਰਿਫ਼ਤਾਰ


Link [2022-04-04 08:14:35]



ਕੋਲੰਬੋ, 3 ਅਪਰੈਲ

ਸ੍ਰੀਲੰਕਾ ਦੇ ਪੱਛਮੀ ਪ੍ਰਾਂਤ 'ਚ ਐਤਵਾਰ ਨੂੰ ਕਰਫ਼ਿਊ ਦੀ ਉਲੰਘਣਾ ਕਰਨ ਅਤੇ ਸਰਕਾਰ ਖ਼ਿਲਾਫ਼ ਰੈਲੀ ਕੱਢਣ ਦੀ ਕੋਸ਼ਿਸ਼ ਕਰ ਰਹੇ 600 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੇਸ਼ 'ਚ ਆਰਥਿਕ ਸੰਕਟ ਅਤੇ ਜ਼ਰੂਰੀ ਵਸਤਾਂ ਦੀ ਘਾਟ ਤੋਂ ਬਾਅਦ ਸਰਕਾਰ ਖ਼ਿਲਾਫ਼ ਵਿਰੋਧੀ ਧਿਰ ਅਤੇ ਲੋਕ ਇਕਜੁੱਟ ਹੋ ਗਏ ਹਨ ਜਿਸ ਕਾਰਨ ਮੁਲਕ 'ਚ ਐਮਰਜੈਂਸੀ ਲਾਗੂ ਕਰਨੀ ਪੈ ਗਈ ਹੈ।

ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕਰਫਿਊ ਦੀ ਉਲੰਘਣਾ ਕਰਦਿਆਂ ਸਜੀਤ ਪ੍ਰੇਮਦਾਸ ਦੀ ਅਗਵਾਈ ਹੇਠ ਕੋਲੰਬੋ ਦੇ ਇੰਡੀਪੈਂਡਸ ਸਕੁਏਅਰ ਵੱਲ ਚਾਲੇ ਪਾਏ। ਪ੍ਰੇਮਦਾਸ ਨੇ ਕਿਹਾ ਕਿ ਉਹ ਸਰਕਾਰ ਵੱਲੋਂ ਜਨਤਕ ਸੁਰੱਖਿਆ ਆਰਡੀਨੈਂਸ ਦੀ ਦੁਰਵਰਤੋਂ ਕਰਨ ਦਾ ਵਿਰੋਧ ਕਰ ਰਹੇ ਹਨ। 'ਕੋਲੰਬੋ ਗਜ਼ਟ' ਮੁਤਾਬਕ ਪੱਛਮੀ ਪ੍ਰਾਂਤ 'ਚ 664 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ। ਸਰਕਾਰ ਨੇ ਐਤਵਾਰ ਨੂੰ ਹੋਣ ਵਾਲੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਸ਼ਨਿਚਰਵਾਰ ਨੂੰ 36 ਘੰਟੇ ਦੇ ਕਰਫਿਊ ਦਾ ਐਲਾਨ ਕੀਤਾ ਸੀ। ਸਰਕਾਰ ਨੇ ਇਕੱਠਾਂ 'ਤੇ ਪਾਬੰਦੀ ਦੇ ਨਾਲ ਨਾਲ ਸੋਸ਼ਲ ਮੀਡੀਆ ਪਲੈਟਫਾਰਮਾਂ ਨੂੰ ਵੀ ਬਲਾਕ ਕਰ ਦਿੱਤਾ ਸੀ। ਡਾਇਲੌਗ ਟੈਲੀਕਾਮ ਨੇ ਕਿਹਾ ਕਿ ਫੇਸਬੁੱਕ, ਮੈਸੈਂਜਰ, ਯੂਟਿਊਬ, ਵਟਸਐਪ, ਵਾਇਬਰ, ਟਵਿੱਟਰ, ਆਈਐੱਮਓ, ਇੰਸਟਾਗ੍ਰਾਮ, ਟੈਲੀਗ੍ਰਾਮ, ਸਨੈਪਚੈਟ ਅਤੇ ਟਿਕ ਟੌਕ 'ਤੇ ਪਾਬੰਦੀ ਲਗਾਈ ਗਈ ਹੈ। ਬਾਅਦ 'ਚ ਸਰਕਾਰ ਨੇ 15 ਘੰਟਿਆਂ ਬਾਅਦ ਸੋਸ਼ਲ ਸਾਈਟਾਂ ਤੋਂ ਪਾਬੰਦੀ ਹਟਾ ਲਈ। -ਪੀਟੀਆਈ

ਏਅਰ ਇੰਡੀਆ ਨੇ ਉਡਾਣਾਂ ਦੀ ਗਿਣਤੀ ਘਟਾਈ

ਨਵੀਂ ਦਿੱਲੀ: ਏਅਰ ਇੰਡੀਆ ਨੇ ਐਤਵਾਰ ਨੂੰ ਕਿਹਾ ਕਿ ਉਹ ਸ੍ਰੀਲੰਕਾ ਲਈ ਆਪਣੀਆਂ ਉਡਾਣਾਂ ਘਟਾ ਰਿਹਾ ਹੈ। ਮੰਗ ਨਾ ਹੋਣ ਕਾਰਨ ਆਉਂਦੀ 9 ਅਪਰੈਲ ਤੋਂ ਹਫ਼ਤੇ 'ਚ 16 ਦੀ ਬਜਾਏ 13 ਉਡਾਣਾਂ ਹੀ ਸ੍ਰੀਲੰਕਾ ਜਾਣਗੀਆਂ। ਏਅਰ ਇੰਡੀਆ ਦੇ ਤਰਜਮਾਨ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਚੇਨੱਈ ਤੋਂ ਸ੍ਰੀਲੰਕਾ ਵੱਲ ਹਫ਼ਤੇ 'ਚ 9 ਉਡਾਣਾਂ ਜਾਰੀ ਰਹਿਣਗੀਆਂ ਪਰ ਦਿੱਲੀ ਤੋਂ 7 ਦੀ ਬਜਾਏ ਚਾਰ ਉਡਾਣਾਂ ਹੀ ਹਫ਼ਤੇ 'ਚ ਜਾਣਗੀਆਂ। ਦਿੱਲੀ-ਕੋਲੰਬੋ ਸੈਕਟਰ ਦੀ ਏਆਈ 283 ਉਡਾਣ ਹੁਣ 8 ਅਪਰੈਲ ਤੋਂ 30 ਮਈ ਤੱਕ ਹਰ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਚੱਲੇਗੀ।



Most Read

2024-09-20 15:42:26