Breaking News >> News >> The Tribune


ਬਿਹਾਰ ਦੇ ਸਾਸਾਰਾਮ ਵਿੱਚ ਸਟੀਲ ਦਾ 60 ਫੁੱਟ ਲੰਬਾ ਪੁਲ ਚੋਰੀ


Link [2022-04-10 08:13:28]



ਸਾਸਾਰਾਮ, 9 ਅਪਰੈਲ

ਬਿਹਾਰ ਦੇ ਸਾਸਾਰਾਮ ਜ਼ਿਲ੍ਹੇ ਵਿੱਚ ਚੋਰਾਂ ਦੇ ਇੱਕ ਸਮੂਹ ਨੇ ਸਰਕਾਰੀ ਅਧਿਕਾਰੀਆਂ ਦੇ ਭੇਸ ਵਿੱਚ 60 ਫੁੱਟ ਲੰਬਾ ਪੁਲ ਚੋਰੀ ਕਰ ਲਿਆ। ਜਾਣਕਾਰੀ ਦਿੰਦਿਆਂ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੁਲ ਦਾ ਵਜ਼ਨ 500 ਟਨ ਦੇ ਕਰੀਬ ਸੀ, ਜੋ ਸਾਲ 1972 ਵਿੱਚ ਨਸਰੀਗੰਜ ਪੁਲੀਸ ਥਾਣੇ ਅਧੀਨ ਪੈਂਦੇ ਪਿੰਡ ਅਮਿਆਵਾਰ ਵਿੱਚ ਅਰਾਹ ਨਹਿਰ ਉੱਤੇ ਬਣਾਇਆ ਗਿਆ ਸੀ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਦੇ ਭੇਸ ਵਿੱਚ ਆਏ ਅਤੇ ਗੈਸ ਕਟਰਾਂ ਅਤੇ ਹੋਰ ਸਾਧਨਾਂ ਦੀ ਮਦਦ ਨਾਲ ਤਿੰਨ ਦਿਨਾਂ ਵਿੱਚ ਪੁਲ ਦਾ ਸਫਾਇਆ ਕਰਕੇ ਚੱਲਦੇ ਬਣੇ। ਨਸਰੀਗੰਜ ਪੁਲੀਸ ਥਾਣੇ ਦੇ ਐੱਸਐੱਚਓ ਸੁਭਾਸ਼ ਕੁਮਾਰ ਨੇ ਦੱਸਿਆ ਕਿ ਜਦੋਂ ਤੱਕ ਇਲਾਕੇ ਦੇ ਲੋਕਾਂ ਨੂੰ ਇਸ ਵਰਤਾਰੇ ਦੀ ਸਮਝ ਆਈ, ਮੁਲਜ਼ਮ ਫਰਾਰ ਹੋ ਚੁੱਕੇ ਸਨ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਹ ਵਾਰਦਾਤ ਸਿੰਜਾਈ ਵਿਭਾਗ ਦੇ ਅਣਜਾਣ ਸਥਾਨਕ ਅਧਿਕਾਰੀਆਂ ਦੀ ਮਦਦ ਨਾਲ ਸਿਰੇ ਚੜ੍ਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਹੋਰ ਸਕਰੈਪ ਡੀਲਰਾਂ ਨੂੰ ਇਸ ਗਰੋਹ ਬਾਰੇ ਸੁਚੇਤ ਕਰ ਦਿੱਤਾ ਗਿਆ ਹੈ। ਅਮਿਆਵਰ ਪਿੰਡ ਦੇ ਵਸਨੀਕ ਮੰਟੂ ਸਿੰਘ ਨੇ ਦੱਸਿਆ ਕਿ ਇਹ ਪੁਲ ਕਾਫ਼ੀ ਪੁਰਾਣਾ ਸੀ ਅਤੇ ਕੁੱਝ ਸਮਾਂ ਪਹਿਲਾਂ ਹੀ ਇਸ ਨੂੰ ਖ਼ਤਰਨਾਕ ਐਲਾਨਿਆ ਗਿਆ ਸੀ। ਇਸ ਪੁਲ ਦੇ ਨਾਲ ਲਾਂਘੇ ਲਈ ਇੱਕ ਨਵਾਂ ਕੰਕਰੀਟ ਦਾ ਪੁਲ ਬਣਾਇਆ ਗਿਆ ਸੀ।

ਭਾਜਪਾ ਤੋਂ ਪ੍ਰੇਰਿਤ ਸਨ ਚੋਰ: ਤੇਜਸਵੀ

ਇਸ ਮਾਮਲੇ ਸਬੰਧੀ ਸਰਕਾਰ 'ਤੇ ਨਿਸ਼ਾਨਾ ਸੇਧਦਿਆਂ ਵਿਰੋਧੀ ਧਿਰ ਦੇ ਆਗੂ ਤੇਜਸਵੀ ਯਾਦਵ ਨੇ ਕਿਹਾ ਕਿ ਚੋਰ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਭਾਜਪਾ ਆਗੂਆਂ ਤੋਂ ਪ੍ਰਭਾਵਿਤ ਸਨ। ਉਨ੍ਹਾਂ ਕਿਹਾ ਕਿ ਜੇਕਰ ਨਿਤੀਸ਼ ਕੁਮਾਰ ਬਿਹਾਰ ਦੀ ਸਰਕਾਰ ਨੂੰ ਚੋਰੀ ਕਰ ਸਕਦੇ ਹਨ ਤਾਂ ਪੁਲ ਕੀ ਚੀਜ਼ ਹੈ।



Most Read

2024-09-21 06:16:20