Breaking News >> News >> The Tribune


ਯੂਪੀ ਚੋਣਾਂ: ਪਹਿਲੇ ਗੇੜ ’ਚ 60 ਫੀਸਦ ਤੋਂ ਵੱਧ ਪੋਲਿੰਗ


Link [2022-02-11 20:36:11]



ਲਖਨਊ, 10 ਫਰਵਰੀ

ਮੁੱਖ ਅੰਸ਼

ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ ਚੋਣ ਅਮਲ ਕੁਝ ਥਾਵਾਂ 'ਤੇ ਈਵੀਐੱਮਜ਼ 'ਚ ਤਕਨੀਕੀ ਨੁਕਸ ਪੈਣ ਦੀਆਂ ਰਿਪੋਰਟਾਂ ਕੈਰਾਨਾ ਹਲਕੇ 'ਚ ਗਰੀਬਾਂ ਨੂੰ ਵੋਟ ਪਾਉਣ ਤੋਂ ਰੋਕਣ ਦਾ ਦੋਸ਼

ਉੱਤਰ ਪ੍ਰਦੇਸ਼ ਅਸੈਂਬਲੀ ਲਈ ਅੱਜ ਪਹਿਲੇ ਗੇੜ ਦੀਆਂ ਚੋਣਾਂ ਦਾ ਅਮਲ ਅਮਨ-ਅਮਾਨ ਨਾਲ ਪੂਰਾ ਹੋ ਗਿਆ। ਪੱਛਮੀ ਯੂਪੀ ਦੇ 11 ਜ਼ਿਲ੍ਹਿਆਂ ਦੇ 58 ਅਸੈਂਬਲੀ ਹਲਕਿਆਂ ਲਈ ਲੋਕਾਂ ਨੇ ਲੰਮੀਆਂ ਕਤਾਰਾਂ ਵਿੱਚ ਖੜ੍ਹ ਕੇ ਵੋਟਾਂ ਪਾਈਆਂ। ਵੋਟਿੰਗ ਦੌਰਾਨ ਇਕ ਦੋ ਥਾਵਾਂ 'ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿੱਚ ਤਕਨੀਕੀ ਨੁਕਸ ਪੈਣ ਦੀਆਂ ਰਿਪੋਰਟਾਂ ਹਨ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ 60 ਫੀਸਦ ਤੋਂ ਵੱਧ ਪੋਲਿੰਗ ਹੋਣ ਦਾ ਦਾਅਵਾ ਕੀਤਾ ਹੈ। ਵੋਟਿੰਗ ਸ਼ਾਮ 6 ਵਜੇ ਬੰਦ ਹੋ ਗਈ ਸੀ, ਪਰ ਚੋਣ ਕੇਂਦਰ ਵਿੱਚ ਮੌਜੂਦ ਤੇ ਕਤਾਰਾਂ ਵਿੱਚ ਲੱਗੇ ਲੋਕਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ। ਇਸ ਦੌਰਾਨ ਸਮਾਜਵਾਦੀ ਪਾਰਟੀ ਨੇ ਕੈਰਾਨਾ ਅਸੈਂਬਲੀ ਹਲਕੇ ਅਧੀਨ ਆਉਂਦੇ ਪਿੰਡ ਡੁੰਡੂਖੇੜਾ ਵਿੱਚ ਗਰੀਬ ਵੋਟਰਾਂ ਨੂੰ ਵੋਟਾਂ ਪਾਉਣ ਤੋਂ ਰੋਕੇ ਜਾਣ ਦਾ ਦਾਅਵਾ ਕੀਤਾ ਹੈ। ਪਹਿਲੇ ਗੇੜ ਦਾ ਚੋਣ ਅਮਲ ਪੂਰਾ ਹੋਣ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਪੁੱਤਰ ਤੇ ਨੋਇਡਾ ਤੋਂ ਭਾਜਪਾ ਉਮੀਦਵਾਰ ਪੰਕਜ ਸਿੰਘ, ਆਗਰਾ (ਪੇਂਡੂ) ਤੋਂ ਉਮੀਦਵਾਰ ਤੇ ਸਾਬਕਾ ਰਾਜਪਾਲ ਬੇਬੀ ਮੌਰਿਆ, ਯੋਗੀ ਸਰਕਾਰ 'ਚ ਮੰਤਰੀ ਰਹੇ ਸ੍ਰੀਕਾਂਤ ਸ਼ਰਮਾ, ਸੁਰੇਸ਼ ਰਾਣਾ, ਸੰਦੀਪ ਸਿੰਘ, ਕਪਿਲ ਦੇਵ ਸ਼ਰਮਾ, ਅਤੁਲ ਗਰਗ ਤੇ ਚੌਧਰੀ ਲਕਸ਼ਮੀ ਨਰਾਇਣ ਆਦਿ ਦਾ ਸਿਆਸੀ ਭਵਿੱਖ ਈਵੀਐੱਮਜ਼ 'ਚ ਬੰਦ ਹੋ ਗਿਆ। ਭਾਜਪਾ ਨੇ 2017 ਵਿੱਚ ਪੱਛਮੀ ਯੂਪੀ ਦੀਆਂ 58 ਸੀਟਾਂ 'ਚੋਂ 53 'ਤੇ ਜਿੱਤ ਦਰਜ ਕੀਤੀ ਸੀ ਤੇ ਉਦੋਂ ਇਨ੍ਹਾਂ ਹਲਕਿਆਂ ਵਿੱਚ 63.47 ਫੀਸਦ ਪੋਲਿੰਗ ਹੋਈ ਸੀ। ਚੇਤੇ ਰਹੇ ਕਿ ਯੂਪੀ ਵਿੱਚ ਸੱਤ ਗੇੜਾਂ ਤਹਿਤ ਵੋਟਾਂ ਪੈਣੀਆਂ ਹਨ ਤੇ ਨਤੀਜਿਆਂ ਦਾ ਐਲਾਨ ਚਾਰ ਹੋਰਨਾਂ ਸੂਬਿਆਂ ਨਾਲ 10 ਮਾਰਚ ਨੂੰ ਹੋਵੇਗਾ। ਵਧੀਕ ਮੁੱਖ ਚੋਣ ਅਧਿਕਾਰੀ ਬੀ.ਡੀ.ਰਾਮ ਤਿਵਾੜੀ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਸ਼ਾਮ ਪੰਜ ਵਜੇ ਤੱਕ ਔਸਤ 57.79 ਫੀਸਦ ਵੋਟਿੰਗ ਹੋਣ ਦੀਆਂ ਰਿਪੋਰਟਾਂ ਹਨ। ਉਨ੍ਹਾਂ ਕਿਹਾ ਕਿ ਕੁਝ ਥਾਵਾਂ 'ਤੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਵਿੱਚ ਤਕਨੀਕੀ ਨੁਕਸ ਪਿਆ, ਜਿਨ੍ਹਾਂ ਨੂੰ ਫੌਰੀ ਬਦਲ ਦਿੱਤਾ ਗਿਆ। ਤਿਵਾੜੀ ਨੇ ਕਿਹਾ ਕਿ ਕੈਰਾਨਾ ਅਸੈਂਬਲੀ ਹਲਕੇ ਵਿੱਚ ਗ਼ਰੀਬ ਵੋਟਰਾਂ ਨੂੰ ਪੋਲਿੰਗ ਤੋਂ ਰੋਕੇ ਜਾਣ ਸਬੰਧੀ ਦੋਸ਼ਾਂ ਦੀ ਜਾਂਚ ਲਈ ਸਬੰਧਤ ਮੈਜਿਸਟਰੇਟ ਨੂੰ ਆਖ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਇਕ ਰਿਪੋਰਟ ਵਿੱਚ ਕਿਹਾ ਕਿ ਸ਼ਾਮ ਪੰਜ ਵਜੇ ਤੱਕ ਆਗਰਾ ਵਿੱਚ 60.33 ਫੀਸਦ, ਅਲੀਗੜ੍ਹ 60.49, ਬਾਗ਼ਪਤ 61.35, ਬੁਲੰਦਸ਼ਹਿਰ 60.52, ਗੌਤਮ ਬੁੱਧ ਨਗਰ 56.73, ਗਾਜ਼ੀਆਬਾਦ 54.77, ਹਾਪੁਰ 60.50, ਮਥੁਰਾ 63.28, ਮੇਰਠ 60.91, ਮੁਜ਼ੱਫਰਨਗਰ 65.34 ਤੇ ਸ਼ਾਮਲੀ ਵਿੱਚ 69.42 ਫੀਸਦ ਪੋਲਿੰਗ ਦਰਜ ਕੀਤੀ ਗਈ ਹੈ। ਇਸ ਦੌਰਾਨ ਗਾਜ਼ੀਆਬਾਦ ਵਿੱਚ ਭਾਜਪਾ ਆਗੂ ਵੀ.ਕੇ.ਸਿੰਘ ਤੇ ਕਾਂਗਰਸ ਆਗੂ ਰਾਜਨ ਕਾਂਤ ਦੇ ਹਮਾਇਤੀਆਂ ਦਰਮਿਆਨ ਪੋਲਿੰਗ ਸਟੇਸ਼ਨ ਦੀ ਹੱਦ ਅੰਦਰ ਮਾਮੂਲੀ ਤਕਰਾਰ ਹੋਣ ਦੀਆਂ ਰਿਪੋਰਟਾਂ ਹਨ। ਸੁਰੱਖਿਆ ਅਮਲੇ ਦੇ ਦਖ਼ਲ ਮਗਰੋਂ ਮਾਮਲਾ ਸ਼ਾਂਤ ਹੋਇਆ। ਬੁਲੰਦਸ਼ਹਿਰ ਵਿੱਚ ਇਕ ਲਾੜੇ ਨੇ ਘੋੜੀ ਚੜ੍ਹਨ ਤੋਂ ਪਹਿਲਾਂ ਸਦਰ ਅਸੈਂਬਲੀ ਹਲਕੇ 'ਚ ਪੈਂਦੇ ਚਾਰ ਖੰਬਾ ਪੋਲਿੰਗ ਸਟੇਸ਼ਨ 'ਤੇ ਜਾ ਕੇ ਵੋਟ ਪਾਈ। ਇਕ ਹੋਰ ਲਾੜਾ 'ਘੁੜਚੜੀ' ਦੀ ਰਸਮ ਪੂਰੀ ਕਰਨ ਮਗਰੋਂ ਮੋਟਰਸਾਈਕਲ 'ਤੇ ਪੋਲਿੰਗ ਬੂਥ ਪੁੱਜਾ। ਮਥੁਰਾ ਵਿੱਚ ਸੰਘਣੀ ਧੁੰਦ ਦੇ ਬਾਵਜੂਦ ਲੋਕਾਂ ਵੋਟਾਂ ਪਾਉਣ ਲਈ ਕਤਾਰਾਂ ਵਿੱਚ ਖੜ੍ਹੇ ਨਜ਼ਰ ਆਏ। ਹਾਲਾਂਕਿ ਦਿਨ ਚੜ੍ਹਨ ਦੇ ਨਾਲ ਹੀ ਦਿਸਣ ਹੱਦ ਵਧ ਗਈ।

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਵੋਟਾਂ ਪਾਉਣ ਲਈ ਲੱਗੀ ਲਾਈਨ ਅਤੇ ਪਹਿਰਾ ਦੇ ਰਿਹਾ ਸੁਰੱਖਿਆ ਕਰਮੀ। -ਫੋਟੋ: ਮਾਨਸ ਰੰਜਨ ਭੂਈ

ਰਾਜ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਪਹਿਲੇ ਗੇੜ ਦੀਆਂ ਚੋਣਾਂ ਦੌਰਾਨ 9 ਜ਼ਿਲ੍ਹਿਆਂ ਦੇ 58 ਵਿਧਾਨ ਸਭਾ ਹਲਕਿਆਂ ਲਈ 72 ਮਹਿਲਾਵਾਂ ਸਣੇ 623 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਯੋਗ ਵੋਟਰਾਂ ਦੀ ਕੁੱਲ ਗਿਣਤੀ 2.28 ਕਰੋੜ ਸੀ, ਜਿਨ੍ਹਾਂ ਵਿੱਚ 1.24 ਕਰੋੋੜ ਪੁਰਸ਼ ਤੇ 1.04 ਕਰੋੜ ਮਹਿਲਾ ਵੋਟਰ ਹਨ। ਪੋਲਿੰਗ ਦੇ ਪਹਿਲੇ ਗੇੜ ਵਿੱਚ ਪੱਛਮੀ ਯੂਪੀ ਦੀ ਉਹ ਜਾਟ ਬੈਲਟ ਵੀ ਆਉਂਦੀ ਹੈ, ਜਿਸ ਨੇ ਕੌਮੀ ਰਾਜਧਾਨੀ 'ਚ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਵਿੱਢੇ ਸੰਘਰਸ਼ 'ਚ ਸਰਗਰਮ ਭੂਮਿਕਾ ਨਿਭਾਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰਨਾਂ ਭਾਜਪਾ ਆਗੂਆਂ ਨੇ ਸਮਾਜਵਾਦੀ ਪਾਰਟੀ ਨੂੰ ਪਰਿਵਾਰਵਾਦ ਲਈ ਜੰਮ ਕੇ ਭੰਡਿਆ। -ਪੀਟੀਆਈ

ਭਾਜਪਾ ਸਰਕਾਰ ਵੱਲੋਂ ਦਿੱਤੀ ਸੁਰੱਖਿਆ ਕਰਕੇ ਵੱਡੀ ਗਿਣਤੀ ਲੋਕ ਵੋਟਾਂ ਪਾਉਣ ਲਈ ਨਿਕਲੇ

ਸੰਭਲ (ਯੂਪੀ): ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਕਿਹਾ ਕਿ ਭਾਜਪਾ ਦੀ ਡਬਲ ਇੰਜਣ ਸਰਕਾਰ ਵੱਲੋਂ ਮਹਿਲਾਵਾਂ ਤੇ ਵਪਾਰੀਆਂ ਨੂੰ ਦਿੱਤੀ ਸੁਰੱਖਿਆ ਕਰਕੇ ਹੀ ਯੂਪੀ ਅਸੈਂਬਲੀ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ ਲੋਕ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਲਈ ਘਰੋਂ ਨਿਕਲੇ ਹਨ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਹੁਣ ਦੰਗੇ ਨਹੀਂ ਹੁੰਦੇ ਤੇ ਅਪਰਾਧ ਤੇ ਬਦਨਿਜ਼ਾਮੀ ਨੂੰ ਨੱਥ ਪੈ ਚੁੱਕੀ ਹੈ। ਯੋਗੀ ਨੇ ਕਿਹਾ, ''ਜਿਹੜੇ ਲੋਕ ਦੰਗੇ ਕਰਵਾਉਂਦੇ ਸਨ ਤੇ ਅਪਰਾਧਾਂ ਵਿੱਚ ਸ਼ਾਮਲ ਸਨ, ਉਨ੍ਹਾਂ ਦੇ ਘਰਾਂ 'ਚ ਕਾਂ ਬੋਲਦੇ ਹਨ, ਕਿਉਂਕਿ 11 ਮਾਰਚ ਤੋਂ ਉਨ੍ਹਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਜਾਵੇਗੀ।'' -ਪੀਟੀਆਈ

ਚੋਣ ਡਿਊਟੀ 'ਤੇ ਤਾਇਨਾਤ ਰਹੀਆਂ ਨੀਮ ਫੌਜੀ ਬਲਾਂ ਦੀਆਂ 800 ਕੰਪਨੀਆਂ

ਨੋਇਡਾ: ਪੱਛਮੀ ਯੂਪੀ ਵਿੱਚ ਪਹਿਲੇ ਗੇੜ ਦੀਆਂ ਚੋਣਾਂ ਦੌਰਾਨ ਅੱਜ ਇਕ ਲੱਖ ਤੋਂ ਵੱਧ ਪੁਲੀਸ ਮੁਲਾਜ਼ਮ, ਹੋਮ ਗਾਰਡ ਤੇ ਨੀਮ ਫੌਜੀ ਬਲਾਂ ਦੀਆਂ 800 ਕੰਪਨੀਆਂ ਤਾਇਨਾਤ ਰਹੀਆਂ। ਇਕ ਕੰਪਨੀ ਵਿੱਚ ਘੱਟੋ-ਘੱਟ 70 ਤੋਂ 80 ਸੁਰੱਖਿਆ ਕਰਮੀਆਂ ਦਾ ਨਫ਼ਰੀ ਹੁੰਦੀ ਹੈ। ਇਨ੍ਹਾਂ ਵਿੱਚੋਂ 724 ਕੰਪਨੀਆਂ ਬੂਥ ਡਿਊਟੀ, 15 ਕੰਪਨੀਆਂ ਸਟਰਾਂਗ ਰੂਮ ਡਿਊਟੀ, ਪੰਜ ਕੰਪਨੀਆਂ ਈਵੀਐੱਮ ਦੀ ਸੁਰੱਖਿਆ, 26 ਕੰਪਨੀਆਂ ਪੁਲੀਸ ਸਟੇਸ਼ਨਾਂ ਵਿੱਚ ਕੁਇਕ ਰਿਸਪੌਂਸ, 20 ਕੰਪਨੀਆਂ ਅੰਤਰਰਾਜੀ ਹੱਦਾਂ, 66 ਕੰਪਨੀਆਂ ਅਮਨ ਤੇ ਕਾਨੂੰਨ ਅਤੇ ਨੌਂ ਕੰਪਨੀਆਂ ਫਲਾਈਂਗ ਸਕੁਐਡ ਵਜੋਂ ਤਾਇਨਾਤ ਸਨ। ਨੀਮ ਫੌਜੀ ਬਲਾਂ ਦੀਆਂ 796 ਕੰਪਨੀਆਂ ਦੀ ਤਾਇਨਾਤੀ ਕੀਤੀ ਗਈ ਸੀ ਜਦੋਂਕਿ ਬਾਕੀ ਨੂੰ ਰਾਖਵਾਂ ਰੱਖਿਆ ਹੋਇਆ ਸੀ। -ਪੀਟੀਆਈ

ਮਨੀਪੁਰ ਅਸੈਂਬਲੀ ਲਈ ਚੋਣਾਂ ਤਰੀਕਾਂ ਬਦਲੀਆਂ

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਮਨੀਪੁਰ ਅਸੈਂਬਲੀ ਚੋਣਾਂ ਲਈ ਤਰੀਕਾਂ ਬਦਲ ਦਿੱਤੀਆਂ ਹਨ। ਦੋ ਗੇੜਾਂ ਤਹਿਤ ਹੁਣ 28 ਫਰਵਰੀ ਤੇ 5 ਮਾਰਚ ਨੂੰ ਵੋਟਾਂ ਪੈਣਗੀਆਂ। ਸੂਬੇ ਵਿੱਚ ਪਹਿਲਾਂ 27 ਫਰਵਰੀ ਤੇ 3 ਮਾਰਚ ਨੂੰ ਪੋਲਿੰਗ ਹੋਣੀ ਸੀ। ਚੋਣ ਕਮਿਸ਼ਨ ਨੇ ਇਕ ਬਿਆਨ ਵਿੱਚ ਕਿਹਾ ਕਿ ਤਰੀਕਾਂ ਬਦਲਣ ਦਾ ਫੈਸਲਾ ਵੱਖ ਵੱਖ ਸਬੰਧਤ ਧਿਰਾਂ ਦੇ ਸਲਾਹ ਮਸ਼ਵਰੇ ਤੇ ਜ਼ਮੀਨੀ ਹਾਲਾਤ 'ਤੇ ਵਿਚਾਰ ਚਰਚਾ ਕਰਨ ਮਗਰੋਂ ਲਿਆ ਗਿਆ ਹੈ। ਸੂਤਰਾਂ ਨੇ ਕਿਹਾ ਕਿ ਕੁਝ ਈਸਾਈ ਜਥੇਬੰਦੀਆਂ ਨੇ ਮੰਗ ਕੀਤੀ ਸੀ ਕਿ ਚੋਣਾਂ ਐਤਵਾਰ ਨੂੰ ਨਾ ਕਰਵਾਈਆਂ ਜਾਣ ਕਿਉਂਕਿ ਇਸ ਦਿਨ ਬਹੁਤੇ ਈਸਾਈ ਗਿਰਜਾਘਰ ਜਾਂਦੇ ਹਨ। ਚੋਣ ਕਮਿਸ਼ਨ ਨੇ ਗੁਰੂ ਰਵਿਦਾਸ ਜੈਯੰਤੀ ਦੇ ਹਵਾਲੇ ਨਾਲ ਪੰਜਾਬ ਅਸੈਂਬਲੀ ਲਈ ਚੋਣ ਤਰੀਕ ਨੂੰ ਬਦਲ ਦਿੱਤਾ ਸੀ। -ਪੀਟੀਆਈ



Most Read

2024-09-23 02:33:41