Breaking News >> News >> The Tribune


ਬੰਗਲੂਰੂ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ


Link [2022-04-09 08:53:58]



ਬੰਗਲੂਰੂ, 8 ਅਪਰੈਲ

ਕਰਨਾਟਕ ਦੀ ਰਾਜਧਾਨੀ ਬੰਗਲੂਰੂ ਦੇ ਬਾਹਰਵਾਰ ਸਥਿਤ ਛੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀਆਂ ਮਿਲਣ ਮਗਰੋਂ ਸਕੂਲਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਅਤੇ ਪੁਲੀਸ ਨੇ ਬੰਬ ਨਕਾਰਾ ਦਸਤਿਆਂ ਤੇ ਸੂਹੀਏ ਕੁੱਤਿਆਂ ਦੇ ਨਾਲ ਸਕੂਲਾਂ 'ਚ ਸਰਚ ਅਪਰੇਸ਼ਨ ਚਲਾਇਆ। ਬੰਬ ਦੀ ਧਮਕੀ ਸਕੂਲਾਂ ਦੀ ਈ-ਮੇਲ ਆਈਡੀਜ਼ 'ਤੇ ਮਿਲੀ ਸੀ। ਸ਼ੁਰੂ 'ਚ ਐਬੇਨੇਜ਼ਰ ਇੰਟਰਨੈਸ਼ਨਲ ਸਕੂਲ ਅਤੇ ਵਿਨਸੈਂਟ ਪਲੋਟੀ ਇੰਟਰਨੈਸ਼ਨਲ ਸਕੂਲ 'ਚ ਇਹ ਧਮਕੀਆਂ ਮਿਲੀਆਂ ਸਨ। ਬਾਅਦ 'ਚ ਪਤਾ ਲੱਗਾ ਕਿ ਮਹਾਦੇਵਪੁਰਾ ਦੇ ਗੋਪਾਲਨ ਪਬਲਿਕ ਸਕੂਲ, ਵਰਥੂਰ ਦੇ ਦਿੱਲੀ ਪਬਲਿਕ ਸਕੂਲ, ਮਰਾਠਾਹਾਲੀ ਦੇ ਨਿਊ ਅਕੈਡਮੀ ਸਕੂਲ ਅਤੇ ਗੋਵਿੰਦਪੁਰਾ ਦੇ ਇੰਡੀਅਨ ਪਬਲਿਕ ਸਕੂਲ ਨੂੰ ਵੀ ਧਮਕੀਆਂ ਮਿਲੀਆਂ ਹਨ। ਇਕ ਧਮਕੀ ਭਰੇ ਸੁਨੇਹੇ 'ਚ ਕਿਹਾ ਗਿਆ,''ਸਕੂਲ 'ਚ ਸ਼ਕਤੀਸ਼ਾਲੀ ਬੰਬ ਰੱਖਿਆ ਗਿਆ ਹੈ ਅਤੇ ਇਹ ਕੋਈ ਮਖੌਲ ਨਹੀਂ ਹੈ, ਤੁਰੰਤ ਪੁਲੀਸ ਅਤੇ ਸੈਪਰਜ਼ ਨੂੰ ਸੱਦੋ। ਤੁਹਾਡੇ ਨਾਲ ਸੈਂਕੜੇ ਜ਼ਿੰਦਗੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਹੁਣ ਸਾਰਾ ਕੁਝ ਸਿਰਫ਼ ਤੁਹਾਡੇ ਹੱਥ 'ਚ ਹੈ।'' ਧਮਕੀ ਤੋਂ ਬਾਅਦ ਇਲਾਕੇ 'ਚ ਤਣਾਅ ਦਾ ਮਾਹੌਲ ਬਣ ਗਿਆ ਅਤੇ ਮਾਪੇ ਆਪਣੇ ਬੱਚਿਆਂ ਨੂੰ ਲੈਣ ਲਈ ਸਕੂਲਾਂ 'ਚ ਪਹੁੰਚ ਗਏ। ਬੰਗਲੂਰੂ ਪੁਲੀਸ ਕਮਿਸ਼ਨਰ ਕਮਲ ਪੰਤ ਨੇ ਕਿਹਾ ਕਿ ਬੰਬ ਦੀਆਂ ਧਮਕੀਆਂ ਮਿਲਣ ਮਗਰੋਂ ਪੁਲੀਸ ਵਿਭਾਗ ਨੇ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਹਾਲਾਤ ਕਾਬੂ ਹੇਠ ਹਨ। ਵਧੀਕ ਕਮਿਸ਼ਨਰ (ਪੱਛਮੀ) ਏ ਸੁਬਰਾਮਣਯੇਸ਼ਵਰਾ ਰਾਓ ਨੇ ਕਿਹਾ ਕਿ ਅਜਿਹੀਆਂ 99 ਫ਼ੀਸਦੀ ਧਮਕੀਆਂ ਫਰਜ਼ੀ ਹੁੰਦੀਆਂ ਹਨ ਅਤੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। -ਆਈਏਐਨਐਸ



Most Read

2024-09-21 08:38:11