Sport >> The Tribune


ਮੁਹਾਲੀ ਟੈਸਟ: ਭਾਰਤ ਨੇ 574 ਦੌੜਾਂ ’ਤੇ ਐਲਾਨੀ ਪਹਿਲੀ ਪਾਰੀ


Link [2022-03-06 07:41:35]



ਕਰਮਜੀਤ ਸਿੰਘ ਚਿੱਲਾ

ਐਸ.ਏ.ਐਸ.ਨਗਰ (ਮੁਹਾਲੀ), 5 ਮਾਰਚ

ਭਾਰਤ ਅਤੇ ਸ੍ਰੀਲੰਕਾ ਦਰਮਿਆਨ ਮੁਹਾਲੀ ਦੇ ਪੀਸੀਏ ਕ੍ਰਿਕਟ ਸਟੇਡੀਅਮ ਵਿੱਚ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ 574/8 ਦੌੜਾਂ 'ਤੇ ਖਤਮ ਐਲਾਨ ਦਿੱਤੀ ਹੈ। ਇਸ ਦੇ ਜਵਾਬ ਵਿੱਚ ਸ੍ਰੀਲੰਕਾ ਦੀ ਟੀਮ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਪਹਿਲੀ ਪਾਰੀ ਵਿੱਚ 108 ਦੌੜਾਂ 'ਤੇ ਚਾਰ ਵਿਕਟਾਂ ਗੁਆ ਚੁੱਕੀ ਹੈ। ਉਹ ਹਾਲੇ ਭਾਰਤੀ ਟੀਮ ਦੇ ਸਕੋਰ ਦੀ ਬਰਾਬਰੀ ਤੋਂ 466 ਦੌੜਾਂ ਪਿੱਛੇ ਹੈ। ਭਾਰਤ ਵੱਲੋਂ ਆਰ. ਅਸ਼ਵਿਨ ਦੋ ਵਿਕਟਾਂ ਲਈਆਂ ਜਦਕਿ ਰਵਿੰਦਰ ਜਡੇਜਾ ਤੇ ਜਸਪ੍ਰੀਤ ਬੁਮਰਾਹ ਨੂੰ ਇੱਕ-ਇੱਕ ਵਿਕਟ ਮਿਲੀ। ਭਾਰਤੀ ਟੀਮ ਨੇ ਪਹਿਲੇ ਦਿਨ ਛੇ ਵਿਕਟਾਂ ਗੁਆ ਕੇ 357 ਦੌੜਾਂ ਬਣਾਈਆਂ ਸਨ। ਅੱਜ ਰਵਿੰਦਰ ਜਡੇਜਾ ਨੇ 45 ਅਤੇ ਆਰ. ਅਸ਼ਵਿਨ ਨੇ 10 ਦੌੜਾਂ 'ਤੇ ਖੇਡਣਾ ਆਰੰਭ ਕੀਤਾ। ਜਡੇਜਾ ਨੇ ਸ਼ਾਨਦਾਰ ਪਾਰੀ ਖੇਡਦਿਆਂ 17 ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ ਨਾਬਾਦ 175 ਦੌੜਾਂ ਬਣਾਈਆਂ। ਅਸ਼ਵਿਨ ਨੇ 61 ਅਤੇ ਮੁਹੰਮਦ ਸ਼ੰਮੀ ਨੇ 20 ਦੌੜਾਂ ਬਣਾਈਆਂ।

ਰਵਿੰਦਰ ਜਡੇਜਾ ਨੇ ਕਪਿਲ ਦੇਵ ਦਾ ਰਿਕਾਰਡ ਤੋੜਿਆ

ਭਾਰਤੀ ਖਿਡਾਰੀ ਰਵਿੰਦਰ ਜਡੇਜਾ ਨੇ 7ਵੇਂ ਸਥਾਨ ਉੱਤੇ ਬੱਲੇਬਾਜ਼ੀ ਕਰਦਿਆਂ 175 ਦੌੜਾਂ ਬਣਾਉਂਦਿਆਂ ਕਪਿਲ ਦੇਵ ਵੱਲੋਂ 1986 'ਚ ਕਾਨਪੁਰ ਵਿੱਚ ਸ੍ਰੀਲੰਕਾ ਖ਼ਿਲਾਫ਼ ਬਣਾਇਆ 163 ਦੌੜਾਂ ਦਾ ਰਿਕਾਰਡ ਤੋੜ ਦਿੱਤਾ। ਉਹ ਸੱਤਵੇਂ ਸਥਾਨ 'ਤੇ ਵਿਅਕਤੀਗਤ ਤੌਰ 'ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਜਡੇਜਾ ਦਾ ਟੈਸਟ ਮੈਚਾਂ ਵਿੱਚ ਇਹ ਤੀਜਾ ਸੈਂਕੜਾ ਹੈ। ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਟੈਸਟ ਮੈਚਾਂ 'ਚ ਬਣਿਆ 26ਵਾਂ ਅਤੇ ਭਾਰਤੀ ਖਿਡਾਰੀਆਂ ਵੱਲੋਂ 22ਵਾਂ ਸੈਂਕੜਾ ਹੈ।



Most Read

2024-09-20 10:06:40