World >> The Tribune


ਜੁੰਮੇ ਦੀ ਨਮਾਜ਼ ਮੌਕੇ ਪਿਸ਼ਾਵਰ ਦੀ ਸ਼ੀਆ ਮਸਜਿਦ ’ਚ ਧਮਾਕਾ, 56 ਹਲਾਕ


Link [2022-03-05 19:39:19]



ਪਿਸ਼ਾਵਰ, 4 ਮਾਰਚ

ਪਾਕਿਸਤਾਨ ਦੇ ਉੱਤਰ-ਪੱਛਮੀ ਸ਼ਹਿਰ ਵਿੱਚ ਅੱਜ ਜੁੰਮੇ ਦੀ ਨਮਾਜ਼ ਮੌਕੇ ਭੀੜ-ਭੜੱਕੇ ਵਾਲੀ ਸ਼ੀਆ ਮਸਜਿਦ ਵਿੱਚ ਹੋਏ ਧਮਾਕੇ ਵਿੱਚ ਘੱਟੋ-ਘੱਟ 56 ਵਿਅਕਤੀ ਹਲਾਕ ਤੇ 200 ਤੋਂ ਵੱਧ ਜ਼ਖ਼ਮੀ ਹੋ ਗੲੇ। ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹਨ ਕਿਉਂਕਿ ਜ਼ਖ਼ਮੀਆਂ 'ਚੋਂ ਕਈਆਂ ਦੀ ਹਾਲਤ ਗੰਭੀਰ ਹੈ। ਹਸਪਤਾਲਾਂ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ ਤੇ ਛੁੱਟੀ 'ਤੇ ਗਏ ਡਾਕਟਰਾਂ ਨੂੰ ਵਾਪਸ ਸੱਦ ਲਿਆ ਗਿਆ ਹੈ। ਰਾਸ਼ਟਰਪਤੀ ਆਰਿਫ਼ ਅਲਵੀ ਤੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਧਮਾਕੇ ਦੀ ਨਿਖੇਧੀ ਕਰਦਿਆਂ ਕੀਮਤੀ ਜਾਨਾਂ ਜਾਣ 'ਤੇ ਦੁੱਖ਼ ਜਤਾਇਆ ਹੈ। ਉਧਰ ਗ੍ਰਹਿ ਮੰਤਰੀ ਸ਼ੇਖ਼ ਰਸ਼ੀਦ ਅਹਿਮਦ ਨੇ ਮੁੱਖ ਸਕੱਤਰ ਤੇ ਸੂਬੇ ਦੇ ਆਈਜੀ ਤੋਂ ਰਿਪੋਰਟ ਮੰਗ ਲਈ ਹੈ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖ਼ਾਨ ਨੇ ਹਮਲੇ ਦੇ ਸਾਜ਼ਿਸ਼ਘਾੜਿਆਂ ਨੂੰ ਨਿਆਂ ਦੇ ਕਟਹਿਰੇ 'ਚ ਖੜ੍ਹਾਉਣ ਦਾ ਵਾਅਦਾ ਕੀਤਾ ਹੈ।

ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਅਧਿਕਾਰੀ ਨੇ ਕਿਹਾ ਕਿ ਧਮਾਕਾ ਪਿਸ਼ਾਵਰ ਦੇ ਕਿੱਸਾ ਖਾਨੀ ਬਾਜ਼ਾਰ ਖੇਤਰ ਵਿਚਲੀ ਜਾਮੀਆ ਮਸਜਿਦ ਵਿੱਚ ਹੋਇਆ ਤੇ ਉਸ ਮੌਕੇ ਲੋਕ ਜੁੰਮੇ ਦੀ ਨਮਾਜ਼ ਅਦਾ ਕਰ ਰਹੇ ਸਨ। ਉਂਜ ਅਜੇ ਤੱਕ ਕਿਸੇ ਵੀ ਜਥੇਬੰਦੀ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਬੀਤੇ ਵਿੱਚ ਇਸਲਾਮਿਕ ਸਟੇਟ ਤੇ ਫ਼ਿਰਕੂ ਦਹਿਸ਼ਤੀ ਜਥੇਬੰਦੀਆਂ ਸ਼ੀਆ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੀਆਂ ਰਹੀਆਂ ਹਨ। ਅਖਬਾਰ 'ਡਾਅਨ' ਮੁਤਾਬਕ ਲੇਡੀ ਰੀਡਿੰਗ ਹਸਪਤਾਲ (ਐੱਲਆਰਐੱਚ) ਦੇ ਤਰਜਮਾਨ ਮੁਹੰਮਦ ਅਸੀਮ ਨੇ ਧਮਾਕੇ ਵਿੱਚ 56 ਲੋਕਾਂ ਦੇ ਮਾਰੇ ਜਾਣ ਤੇ 200 ਹੋਰਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਖੈਬਰ ਪਖਤੂਨਖਵਾ ਸਰਕਾਰ ਦੇ ਤਰਜਮਾਨ ਬੈਰਿਸਟਰ ਮੁਹੰਮਦ ਅਲੀ ਸੈਫ਼ ਨੇ ਕਿਹਾ ਕਿ ਇਹ ਫਿਦਾਈਨ ਹਮਲਾ ਸੀ ਤੇ ਹਮਲੇ ਵਿੱਚ ਦੋ ਦਹਿਸ਼ਤਗਰਦ ਸ਼ਾਮਲ ਸਨ। ਪੇਸ਼ਾਵਰ ਦੇ ਐੱਸਐੱਸਪੀ (ਅਪਰੇਸ਼ਨਜ਼) ਹਾਰੂਨ ਰਸ਼ੀਦ ਖ਼ਾਨ ਨੇ ਵੀ ਇਸ ਤੱਥ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਮਲਾਵਰ ਦੋ ਸਨ, ਪਰ ਇਨ੍ਹਾਂ ਵਿੱਚੋਂ ਖੁ਼ਦਕੁਸ਼ ਬੰਬਾਰ ਇਕੋ ਸੀ।

ਪੁਲੀਸ ਅਧਿਕਾਰੀ ਇਜਾਜ਼ ਅਹਿਸਨ ਨੇ ਦੱਸਿਆ ਕਿ ਦੋ ਹਮਲਾਵਰਾਂ ਨੇ ਮਸਜਿਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤੇ ਸੁਰੱਖਿਆ ਡਿਊਟੀ 'ਤੇ ਤਾਇਨਾਤ ਪੁਲੀਸ ਮੁਲਾਜ਼ਮਾਂ 'ਤੇ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇਕ ਦੀ ਮੌਤ ਹੋ ਗਈ ਜਦੋਂਕਿ ਦੂਜਾ ਗੰਭੀਰ ਜ਼ਖ਼ਮੀ ਹੈ। ਅਧਿਕਾਰੀ ਨੇ ਕਿਹਾ ਕਿ ਗੋਲੀਆਂ ਚੱਲਣ ਮਗਰੋਂ ਮਸਜਿਦ ਵਿੱਚ ਧਮਾਕਾ ਹੋਇਆ। -ਪੀਟੀਆਈ



Most Read

2024-09-21 06:19:27