Breaking News >> News >> The Tribune


ਰਾਸ਼ਟਰਪਤੀ ਵੱਲੋਂ 54 ਸ਼ਖ਼ਸੀਅਤਾਂ ਨੂੰ ਪਦਮ ਪੁਰਸਕਾਰ ਪ੍ਰਦਾਨ


Link [2022-03-22 19:59:20]



ਨਵੀਂ ਦਿੱਲੀ, 21 ਮਾਰਚ

ਮੁੱਖ ਅੰਸ਼

ਦੇਸ਼ ਦੇ ਪਹਿਲੇ ਸੀਡੀਐੱਸ ਜਨਰਲ ਬਿਪਿਨ ਰਾਵਤ ਅਤੇ ਰਾਧੇਿਸ਼ਆਮ ਖੇਮਕਾ ਨੂੰ ਮਰਨ ਉਪਰੰਤ ਪਦਮ ਵਿਭੂਸ਼ਨ ਅੱਠ ਨੂੰ ਪਦਮ ਭੂਸ਼ਨ ਅਤੇ 44 ਦਾ ਪਦਮ ਸ੍ਰੀ ਨਾਲ ਸਨਮਾਨ

ਇੱਥੇ ਅੱਜ ਰਾਸ਼ਟਰਪਤੀ ਭਵਨ ਵਿੱਚ ਹੋਏ ਪੁਰਸਕਾਰ ਵੰਡ ਸਮਾਰੋਹ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਵੱਖ-ਵੱਖ ਖੇਤਰਾਂ ਦੀਆਂ 54 ਸ਼ਖ਼ਸੀਅਤਾਂ ਨੂੰ ਪਦਮ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪੁਰਸਕਾਰ ਨਾਲ ਸਨਮਾਨਿਤ ਕੀਤੀਆਂ ਗਈਆਂ ਸ਼ਖ਼ਸੀਅਤਾਂ ਵਿੱਚ ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ ਮਰਹੂਮ ਜਨਰਲ ਬਿਪਿਨ ਰਾਵਤ ਅਤੇ ਹਿੰਦੂ ਧਰਮ ਦੀਆਂ ਕਿਤਾਬਾਂ ਛਾਪਣ ਵਾਲੀ ਗੀਤਾ ਪ੍ਰੈੱਸ ਦੇ ਸਾਬਕਾ ਚੇਅਰਮੈਨ ਮਰਹੂਮ ਰਾਧੇਸ਼ਿਆਮ ਖੇਮਕਾ ਤੋਂ ਇਲਾਵਾ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਜਨਰਲ ਬਿਪਿਨ ਰਾਵਤ ਦਾ ਲੰਘੇ ਦਸੰਬਰ ਮਹੀਨੇ ਹੋਏ ਹੈਲੀਕਾਪਟਰ ਹਾਦਸੇ ਵਿੱਚ ਦੇਹਾਂਤ ਹੋ ਗਿਆ ਸੀ। ਇਸ ਦੌਰਾਨ ਪੰਜਾਬ ਦੀ ਉੱਘੀ ਲੋਕ ਗਾਇਕਾ ਗੁਰਮੀਤ ਬਾਵਾ ਨੂੰ ਮਰਨ ਉਪਰੰਤ ਪਦਮ ਭੂਸ਼ਨ ਪੁਰਸਕਾਰ ਦਿੱਤਾ ਗਿਆ ਜੋ ਉਨ੍ਹਾਂ ਦੀ ਧੀ ਨੇ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਚੜ੍ਹਦੀਕਲਾ ਸਮੂਹ ਦੇ ਚੇਅਰਮੈਨ ਜਗਜੀਤ ਿਸੰਘ ਦਰਦੀ ਅਤੇ ਪੰਜਾਬ ਦੇ ਸਮਾਜ ਸੇਵੀ ਪ੍ਰੇਮ ਸਿੰਘ ਨੂੰ ਪਦਮ ਸ੍ਰੀ ਪੁਰਸਕਾਰ ਦਿੱਤਾ ਗਿਆ। ਜਨਰਲ ਬਿਪਿਨ ਰਾਵਤ ਅਤੇ ਰਾਧੇਸ਼ਿਆਮ ਖੇਮਕਾ ਨੂੰ ਮਰਨ ਉਪਰੰਤ ਦੇਸ਼ ਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਨ ਦਿੱਤਾ ਗਿਆ, ਜਦਕਿ ਗੁਲਾਮ ਨਬੀ ਆਜ਼ਾਦ, ਟਾਟਾ ਸੰਨਜ਼ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ, ਸਾਬਕਾ ਸੀਏਜੀ ਰਾਜੀਵ ਮਹਿਰਿਸ਼ੀ, ਭਾਰਤੀ ਸੀਰਮ ਸੰਸਥਾ ਦੇ ਸੰਸਥਾਪਕ ਸਾਇਰਸ ਪੂਨਾਵਾਲਾ ਜਿਨ੍ਹਾਂ ਨੇ ਕੋਵਿਡ-19 ਵਿਰੋਧੀ ਵੈਕਸੀਨ ਕੋਵੀਸ਼ੀਲਡ ਬਣਾਈ, ਉਨ੍ਹਾਂ ਅੱਠ ਸ਼ਖ਼ਸੀਅਤਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਦੇਸ਼ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਪਦਮ ਭੂਸ਼ਨ ਦੇ ਕੇ ਸਨਮਾਨਿਤ ਕੀਤਾ ਗਿਆ ਹੈ।

ਇਸ ਸਾਲ ਭਾਰਤ ਦੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ 'ਭਾਰਤ ਰਤਨ' ਲਈ ਕਿਸੇ ਦਾ ਨਾਮ ਨਹੀਂ ਐਲਾਨਿਆ ਗਿਆ ਹੈ। ਇਹ ਪੁਰਸਕਾਰ ਆਖ਼ਰੀ ਵਾਰ 2019 ਵਿੱਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਸਮਾਜ ਸੁਧਾਰਕ ਨਾਨਾਜੀ ਦੇਸ਼ਮੁਖ ਅਤੇ ਮਸ਼ਹੂਰ ਗਾਇਕ ਭੂਪੇਨ ਹਜ਼ਾਰਿਕਾ ਨੂੰ ਦਿੱਤਾ ਗਿਆ ਸੀ।

ਜਨਰਲ ਬਿਪਿਨ ਰਾਵਤ ਤੇ ਲੋਕ ਗਾਇਕਾ ਗੁਰਮੀਤ ਬਾਵਾ ਦੇ ਪਰਿਵਾਰਕ ਮੈਂਬਰਾਂ ਅਤੇ ਸਮਾਜ ਸੇਵਕ ਪ੍ਰੇਮ ਸਿੰਘ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕਰਦੇ ਹੋਏ ਰਾਸ਼ਟਰਪਤੀ ਰਾਮ ਨਾਥ ਕੋਵਿੰਦ। -ਫੋਟੋ: ਪੀਟੀਆਈ

ਜਨਰਲ ਬਿਪਿਨ ਰਾਵਤ ਲਈ ਪੁਰਸਕਾਰ ਉਨ੍ਹਾਂ ਦੀਆਂ ਧੀਆਂ ਜਦਕਿ ਖੇਮਕਾ ਲਈ ਪੁਰਸਕਾਰ ਉਨ੍ਹਾਂ ਦੇ ਇਕ ਨੇੜਲੇ ਪਰਿਵਾਰਕ ਮੈਂਬਰ ਨੇ ਪ੍ਰਾਪਤ ਕੀਤਾ। ਪਦਮ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿਚ 125 ਸਾਲਾ ਯੋਗ ਗੁਰੂ ਸਵਾਮੀ ਸ਼ਿਵਾਨੰਦ ਸਣੇ ਕਈ ਹੋਰ ਸ਼ਖ਼ਸੀਅਤਾਂ ਸ਼ਾਮਲ ਹਨ।

ਇਹ ਪੁਰਸਕਾਰ ਕਲਾ, ਸਮਾਜਿਕ ਕੰਮਾਂ, ਵਿਗਿਆਨ ਤੇ ਇੰਜਨੀਅਰਿੰਗ, ਕਾਰੋਬਾਰ ਤੇ ਸਨਅਤ, ਦਵਾਈਆਂ, ਸਾਹਿਤ ਤੇ ਸਿੱਖਿਆ, ਖੇਡਾਂ ਤੇ ਸਿਵਲ ਸੇਵਾ ਆਦਿ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਤੇ ਵੱਖਰਾ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਦਿੱਤੇ ਗਏ ਹਨ। ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਵਿੱਚ ਉਪ ਰਾਸ਼ਟਰਪਤੀ ਐੱਮ ਵੈਂਕੱਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਸਨ। ਇਨ੍ਹਾਂ ਪੁਰਸਕਾਰਾਂ ਦਾ ਐਨਾਨ ਹਰ ਸਾਲ ਗਣਤੰਤਰ ਦਿਵਸ ਮੌਕੇ ਕੀਤਾ ਜਾਂਦਾ ਹੈ ਅਤੇ ਰਾਸ਼ਟਰਪਤੀ ਵੱਲੋਂ ਇਹ ਪੁਰਸਕਾਰ ਰਾਸ਼ਟਰਪਤੀ ਭਵਨ ਵਿੱਚ ਹੋਣ ਵਾਲੇ ਸਮਾਰੋਹ ਦੌਰਾਨ ਦਿੱਤੇ ਜਾਂਦੇ ਹਨ। ਇਸ ਸਾਲ ਕੁੱਲ 128 ਪਦਮ ਪੁਰਸਕਾਰ ਦਿੱਤੇ ਜਾ ਰਹੇ ਹਨ ਜਿਨ੍ਹਾਂ ਵਿੱਚੋ ਦੋ ਮਾਮਲਿਆਂ 'ਚ ਦੋ-ਦੋ ਜਣਿਆਂ ਨੂੰ ਪੁਰਸਕਾਰ ਦਿੱਤਾ ਜਾ ਰਿਹਾ ਹੈ ਪਰ ਇਸ ਨੂੰ ਇਕ ਹੀ ਪੁਰਸਕਾਰ ਮੰਨਿਆ ਜਾਂਦਾ ਹੈ। ਇਸ ਸਾਲ ਦੇ ਪੁਰਸਕਾਰਾਂ ਦੀ ਸੂਚੀ ਵਿੱਚ ਚਾਰ ਪਦਮ ਵਿਭੂਸ਼ਨ, 17 ਪਦਮ ਭੂਸ਼ਨ ਅਤੇ 107 ਪਦਮ ਸ੍ਰੀ ਪੁਰਸਕਾਰ ਸ਼ਾਮਲ ਹਨ। ਦੂਜਾ ਪੁਰਸਕਾਰ ਵੰਡ ਸਮਾਰੋਹ 28 ਮਾਰਚ ਨੂੰ ਹੋਣਾ ਹੈ। -ਪੀਟੀਆਈ



Most Read

2024-09-22 04:38:30