World >> The Tribune


ਯੂਕਰੇਨ: ਰੂਸ ਵੱਲੋਂ ਰੇਲਵੇ ਸਟੇਸ਼ਨ ’ਤੇ ਰਾਕੇਟ ਹਮਲਾ, 50 ਮੌਤਾਂ


Link [2022-04-09 09:14:24]



ਚਰਨੀਹੀਵ, 8 ਅਪਰੈਲ

ਯੂਕਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੂਸ ਵੱਲੋਂ ਰਾਕੇਟ ਨਾਲ ਕੀਤੇ ਗਏ ਹਮਲੇ ਵਿਚ ਅੱਜ 50 ਲੋਕ ਮਾਰੇ ਗਏ ਹਨ। ਇਹ ਹਮਲਾ ਰੂਸ ਨੇ ਇਕ ਭੀੜ-ਭੜੱਕੇ ਵਾਲੇ ਰੇਲਵੇ ਸਟੇਸ਼ਨ ਉਤੇ ਕੀਤਾ। ਯੂਕਰੇਨੀ ਆਗੂਆਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਰੂਸੀ ਫ਼ੌਜਾਂ ਕਈ ਸ਼ਹਿਰਾਂ-ਕਸਬਿਆਂ ਵਿਚੋਂ ਪਿੱਛੇ ਹਟ ਰਹੀਆਂ ਹਨ, ਬੇਰਹਿਮੀ ਦੇ ਕਈ ਹੋਰ ਸੰਕੇਤ ਮਿਲਣ ਲੱਗੇ ਹਨ। ਰੂਸ ਦੀ ਫ਼ੌਜ ਹੁਣ ਪੂਰਬੀ ਯੂਕਰੇਨ ਵੱਲ ਵੱਧ ਰਹੀ ਹੈ। ਜ਼ਿਕਰਯੋਗ ਹੈ ਕਿ ਕੀਵ ਨੇੜੇ ਯੂਕਰੇਨ ਦੀ ਫ਼ੌਜ ਨੂੰ ਪਹਿਲਾਂ ਹੀ ਬੇਰਹਿਮੀ ਦੇ ਕਈ ਸਬੂਤ ਮਿਲ ਚੁੱਕੇ ਹਨ। ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ 'ਹਜ਼ਾਰਾਂ' ਲੋਕ ਪੂਰਬੀ ਦੋਨੇਤਸਕ ਖੇਤਰ ਦੇ ਉਸ ਸਟੇਸ਼ਨ ਉਤੇ ਜਮ੍ਹਾਂ ਸਨ ਜਿੱਥੇ ਹਮਲਾ ਕੀਤਾ ਗਿਆ। ਜ਼ੇਲੈਂਸਕੀ ਨੇ ਇਕ ਸੋਸ਼ਲ ਮੀਡੀਆ ਪੋਸਟ ਦੇ ਨਾਲ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਜਿਨ੍ਹਾਂ ਵਿਚ ਇਕ ਰੇਲਗੱਡੀ ਨਜ਼ਰ ਆ ਰਹੀ ਹੈ ਜਿਸ ਦੀਆਂ ਖਿੜਕੀਆਂ ਟੁੱਟੀਆਂ ਹੋਈਆਂ ਹਨ, ਸਾਮਾਨ ਖਿੱਲਰਿਆ ਪਿਆ ਹੈ ਤੇ ਉਡੀਕ ਕਰਨ ਵਾਲੀ ਥਾਂ ਉਤੇ ਲਾਸ਼ਾਂ ਪਈਆਂ ਹਨ। ਉਨ੍ਹਾਂ ਕਿਹਾ ਕਿ ਇਸ ਰਾਕੇਟ ਹਮਲੇ ਵਿਚ 100 ਤੋਂ ਵੱਧ ਲੋਕ ਜ਼ਖ਼ਮੀ ਵੀ ਹੋਏ ਹਨ। ਰਾਸ਼ਟਰਪਤੀ ਨੇ ਕਿਹਾ ਕਿ ਰੂਸੀਆਂ ਦਾ ਵਤੀਰਾ ਅਣਮਨੁੱਖੀ ਹੈ, ਉਹ ਅਜਿਹਾ ਕਰਨ ਤੋਂ ਪਿੱਛੇ ਨਹੀਂ ਹਟ ਰਹੇ ਹਨ। ਜ਼ੇਲੈਂਸਕੀ ਨੇ ਕਿਹਾ ਕਿ ਜੰਗ ਦੇ ਮੈਦਾਨ ਵਿਚ ਯੂਕਰੇਨ ਦਾ ਮੁਕਾਬਲਾ ਕਰਨ ਦੀ ਥਾਂ ਰੂਸੀ ਸੈਨਾ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਯੂਕਰੇਨੀ ਰਾਸ਼ਟਰਪਤੀ ਨੇ ਕਿਹਾ ਕਿ ਰੂਸੀਆਂ ਦੀ ਹੁਣ ਕੋਈ ਹੱਦ ਨਹੀਂ ਰਹੀ, ਜੇ ਉਨ੍ਹਾਂ ਨੂੰ ਸਜ਼ਾ ਨਾ ਦਿੱਤੀ ਗਈ ਤਾਂ ਇਹ ਸਭ ਕਦੇ ਨਹੀਂ ਰੁਕੇਗਾ। ਯੂਕਰੇਨ ਦੀ ਰਾਜਧਾਨੀ 'ਤੇ ਕਬਜ਼ਾ ਕਰਨ ਵਿਚ ਨਾਕਾਮ ਰਹਿਣ ਤੋਂ ਬਾਅਦ ਰੂਸੀ ਫ਼ੌਜ ਨੇ ਹੁਣ ਆਪਣਾ ਹਮਲਾਵਰ ਰੁਖ਼ ਡੋਨਬਾਸ ਵੱਲ ਕਰ ਲਿਆ ਹੈ। ਇਹ ਸਨਅਤੀ ਇਲਾਕਾ ਯੂਕਰੇਨ ਦੇ ਪੂਰਬ ਵਿਚ ਹੈ ਤੇ ਇੱਥੇ ਜ਼ਿਆਦਾਤਰ ਲੋਕ ਰੂਸੀ ਬੋਲਦੇ ਹਨ। ਇਸ ਇਲਾਕੇ ਵਿਚ ਪਹਿਲਾਂ ਹੀ ਮਾਸਕੋ ਦੀ ਹਮਾਇਤ ਪ੍ਰਾਪਤ ਬਾਗ਼ੀ ਅੱਠ ਸਾਲਾਂ ਤੋਂ ਯੂਕਰੇਨ ਨਾਲ ਲੜ ਰਹੇ ਹਨ। ਕੁਝ ਹਿੱਸਿਆਂ ਉਤੇ ਬਾਗ਼ੀਆਂ ਦਾ ਕਬਜ਼ਾ ਵੀ ਹੈ। ਯੂਕਰੇਨੀ ਅਧਿਕਾਰੀਆਂ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਜਲਦੀ ਤੋਂ ਜਲਦੀ ਮੁਲਕ ਦੇ ਸੁਰੱਖਿਅਤ ਇਲਾਕਿਆਂ ਵੱਲ ਚਲੇ ਜਾਣ। ਯੂਕਰੇਨ ਤੇ ਰੂਸ ਪੂਰਬ 'ਚ ਲੋਕਾਂ ਨੂੰ ਸੁਰੱਖਿਅਤ ਲਾਂਘਾ ਦੇਣ ਲਈ ਸਹਿਮਤ ਹੋਏ ਹਨ। ਜ਼ਿਕਰਯੋਗ ਹੈ ਕਿ ਬੂਚਾ ਸ਼ਹਿਰ ਵਿਚ ਵੀ ਲੋਕਾਂ ਦੀਆਂ ਹੱਤਿਆਵਾਂ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸਨ। ਇੱਥੇ ਜ਼ਿਆਦਾਤਰ ਲੋਕ ਗੋਲੀਆਂ ਨਾਲ ਮਾਰੇ ਗਏ ਹਨ, ਬੰਬਾਰੀ ਨਾਲ ਨਹੀਂ। ਰੂਸ ਨੇ ਲੋਕਾਂ ਨੂੰ ਗੋਲੀਆਂ ਮਾਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਰੂਸ ਦੇ ਇਕ ਬੁਲਾਰੇ ਨੇ ਕਿਹਾ ਕਿ ਛੇ ਹਫ਼ਤਿਆਂ ਦੀ ਜੰਗ ਦੌਰਾਨ ਉਨ੍ਹਾਂ ਦੀ ਸੈਨਾ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਰੂਸ ਦੇ ਵੱਡੀ ਗਿਣਤੀ ਸੈਨਿਕ ਮਾਰੇ ਗਏ ਹਨ। ਕਰੈਮਲਿਨ ਦੇ ਬੁਲਾਰੇ ਦਮਿੱਤਰੀ ਪੇਸਕੋਵ ਨੇ ਮੀਡੀਆ ਨੂੰ ਦੱਸਿਆ ਕਿ ਉਹ 'ਇਸ ਵਿਸ਼ੇਸ਼ ਅਪਰੇਸ਼ਨ ਨੂੰ ਖ਼ਤਮ ਕਰਨ ਲਈ ਹਰ ਕੋਸ਼ਿਸ਼ ਕਰ ਰਹੇ ਹਨ।' -ਏਪੀ

ਅਮਰੀਕਾ ਤੇ ਯੂਰੋਪ ਨੇ ਰੂਸ 'ਤੇ ਹੋਰ ਪਾਬੰਦੀਆਂ ਲਾਈਆਂ

ਅਮਰੀਕੀ ਕਾਂਗਰਸ ਨੇ ਰੂਸ ਨਾਲ ਆਮ ਵਪਾਰਕ ਰਿਸ਼ਤੇ ਖ਼ਤਮ ਕਰਨ ਲਈ ਵੋਟ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਰੂਸ ਤੋਂ ਤੇਲ ਦਰਾਮਦ ਕਰਨ ਉਤੇ ਵੀ ਪਾਬੰਦੀ ਲਾਈ ਜਾ ਰਹੀ ਹੈ। ਇਸੇ ਤਰ੍ਹਾਂ ਯੂਰੋਪੀਅਨ ਯੂਨੀਅਨ ਨੇ ਵੀ ਰੂਸ ਤੋਂ ਕੋਲਾ ਦਰਾਮਦ ਕਰਨ ਉਤੇ ਪਾਬੰਦੀ ਲਾਉਣ ਲਈ ਕਦਮ ਚੁੱਕੇ ਹਨ। ਯੂਰੋਪੀਅਨ ਯੂਨੀਅਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀਆਂ ਦੋ ਧੀਆਂ 'ਤੇ ਵੀ ਆਰਥਿਕ ਪਾਬੰਦੀਆਂ ਲਾਈਆਂ ਹਨ। ਰਾਸ਼ਟਰਪਤੀ ਜੋਅ ਬਾਇਡਨ ਨੇ ਬੂਚਾ ਤੇ ਕੀਵ ਨੇੜੇ ਨਾਗਰਿਕਾਂ ਦੀਆਂ ਬੇਰਹਿਮੀ ਨਾਲ ਕੀਤੀਆਂ ਹੱਤਿਆਵਾਂ ਦੀ ਤਿੱਖੀ ਨਿਖੇਧੀ ਕੀਤੀ ਹੈ। ਬਾਇਡਨ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮਹਾਸਭਾ ਨੇ ਰੂਸ ਨੂੰ ਮਨੁੱਖੀ ਹੱਕ ਕੌਂਸਲ ਵਿਚੋਂ ਮੁਅੱਤਲ ਕਰਕੇ ਠੋਸ ਫ਼ੈਸਲਾ ਲਿਆ ਹੈ ਤੇ ਉਹ ਇਸ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੇ ਅਰਥ ਭਰਪੂਰ ਫ਼ੈਸਲਾ ਕੀਤਾ ਹੈ। ਹਾਲਾਂਕਿ ਭਾਰਤ ਇਸ ਮੌਕੇ ਹੋਈ ਵੋਟਿੰਗ ਵਿਚੋਂ ਗੈਰਹਾਜ਼ਰ ਰਿਹਾ।

ਜਲਦੀ ਗੋਲੀਬੰਦੀ ਬਾਰੇ ਆਸਵੰਦ ਨਹੀਂ ਸੰਯੁਕਤ ਰਾਸ਼ਟਰ

ਹੁਣ ਤੱਕ 40 ਲੱਖ ਤੋਂ ਵੱਧ ਲੋਕ ਯੂਕਰੇਨ ਛੱਡ ਦੂਜੇ ਦੇਸ਼ਾਂ ਵਿਚ ਸ਼ਰਨ ਮੰਗ ਚੁੱਕੇ ਹਨ। ਮੁਲਕ ਦੇ ਅੰਦਰ ਵੀ ਵੱਡੀ ਗਿਣਤੀ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ। ਸੰਯੁਕਤ ਰਾਸ਼ਟਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਕੀਵ ਤੇ ਮਾਸਕੋ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ ਪਰ ਉਹ ਗੋਲੀਬੰਦੀ ਬਾਰੇ ਆਸਵੰਦ ਨਹੀਂ ਹਨ। ਦੋਵਾਂ ਧਿਰਾਂ ਵਿਚਾਲੇ ਭਰੋਸੇ ਦੀ ਘਾਟ ਹੈ। ਇਸੇ ਦੌਰਾਨ ਯੂਰੋਪੀਅਨ ਯੂਨੀਅਨ ਦੇ ਆਗੂ ਸ਼ੁੱਕਰਵਾਰ ਕੀਵ ਪੁੱਜੇ ਹਨ। ਉਹ ਯੂਰੋਪ ਵੱਲੋਂ ਯੂਕਰੇਨ ਨੂੰ ਦਿੱਤੀ ਜਾ ਰਹੀ ਮਦਦ ਵਧਾਉਣ ਦੇ ਰਾਹ ਤਲਾਸ਼ਣਗੇ।



Most Read

2024-09-20 13:47:39