Breaking News >> News >> The Tribune


ਜੰਮੂ ਵਿਚ ਪ੍ਰਦਰਸ਼ਨ ਕਰਦੇ 50 ਨੌਜਵਾਨ ਗ੍ਰਿਫ਼ਤਾਰ


Link [2022-02-09 04:54:14]



ਜੰਮੂ, 8 ਫਰਵਰੀ

ਇੱਥੇ ਸ਼ਹਿਰ ਦੇ ਮਹੱਤਵਪੂਰਨ ਤਵੀ ਪੁਲ 'ਤੇ ਜਾਮ ਲਾਉਣ ਕਾਰਨ 50 ਤੋਂ ਵੱਧ ਨੌਜਵਾਨਾਂ ਨੂੰ ਪੁਲੀਸ ਨੇ ਹਿਰਾਸਤ ਵਿਚ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਨੌਜਵਾਨ ਜੰਮੂ ਕਸ਼ਮੀਰ ਪੁਲੀਸ ਬਾਰਡਰ ਬਟਾਲੀਅਨ ਦੀਆਂ ਅਸਾਮੀਆਂ ਲਈ ਸਾਲ 2019 ਵਿੱਚ ਦਿੱਤੇ ਇਸ਼ਤਿਹਾਰ ਸਬੰਧੀ ਲਿਖਤੀ ਪ੍ਰੀਖਿਆ ਦੇ ਛੇਤੀ ਲੈਣ ਦੀ ਮੰਗ ਲਈ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨੌਜਵਾਨ ਪੁਲੀਸ ਭਰਤੀ ਬੋਰਡ ਵੱਲੋਂ ਅਸਾਮੀਆਂ ਦੇ ਮੁੜ ਦਿੱਤੇ ਇਸ਼ਤਿਹਾਰ ਤੋਂ ਵੀ ਨਾਰਾਜ਼ ਸਨ ਤੇ ਇਸ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਸਨ। ਇਸ ਦੌਰਾਨ ਸੈਂਕੜਿਆਂ ਦੀ ਗਿਣਤੀ ਵਿਚ ਨੌਜਵਾਨ, ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਹਨ, ਪਹਿਲਾਂ ਡੋਗਰਾ ਚੌਕ ਵਿਚ ਇਕੱਠੇ ਹੋਏ, ਇਸ ਮਗਰੋਂ ਉਨ੍ਹਾਂ ਨੇ ਜੰਮੂ ਹਵਾਈ ਅੱਡੇ ਨੂੰ ਜਾਂਦਾ ਤਵੀ ਪੁਲ ਜਾਮ ਕਰ ਦਿੱਤਾ। ਇਸ ਕਾਰਨ ਵੱਡੇ ਪੱਧਰ 'ਤੇ ਆਵਾਜਾਈ ਪ੍ਰਭਾਵਿਤ ਹੋਈ। ਇਸ ਦੌਰਾਨ ਪੁਲੀਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ। ਇਸ ਮਗਰੋਂ ਪੁਲੀਸ ਨੇ ਕਰੀਬ 50 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਤੋਂ ਪਹਿਲਾਂ ਭਰਤੀ ਦੇ ਚਾਹਵਾਨ ਨੌਜਵਾਨਾਂ ਨੇ 27 ਜਨਵਰੀ ਨੂੰ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਾਘਵ ਲੰਗੇਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਸੀ। ਇਸ ਵਿਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਸਾਲ 2019 ਵਿਚ ਕੱਢੀਆਂ ਹੈੱਡ ਕਾਂਸਟੇਬਲ ਦੀਆਂ ਅਸਾਮੀਆਂ ਲਈ ਭਰਤੀ ਵਾਸਤੇ ਅਪਲਾਈ ਕੀਤਾ ਸੀ। ਇਸ ਸਬੰਧੀ ਉਹ ਸਰੀਰਕ ਅਤੇ ਮੈਡੀਕਲ ਟੈਸਟ ਵੀ ਦੇ ਚੁੱਕੇ ਹਨ। ਉਨ੍ਹਾਂ ਨੇ ਇਨ੍ਹਾਂ ਪੋਸਟਾਂ ਸਬੰਧੀ ਕੱਢੇ ਮੁੜ ਇਸ਼ਤਿਹਾਰ ਦਾ ਵਿਰੋਧ ਕੀਤਾ। ਉਨ੍ਹਾਂ ਮੰਗ ਕੀਤੀ ਕਿ ਵਿਭਾਗ ਨੂੰ ਸਾਲ 2019 ਵਿਚ ਕੱਢੀਆਂ ਪੋਸਟਾਂ ਨੂੰ ਹੀ ਸਿਰੇ ਚੜ੍ਹਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਪੋਸਟਾਂ ਲਈ ਤਿੰਨ ਸਾਲਾਂ ਤੋਂ ਉਡੀਕ ਕਰ ਰਹੇ ਹਨ। ਹੁਣ ਉਨ੍ਹਾਂ ਵਿਚੋਂ ਕਈ ਜਣੇ ਉਮਰ ਹੱਦ ਵੀ ਪਾਰ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਇਨਸਾਫ਼ ਲਈ ਪ੍ਰਦਰਸ਼ਨ ਜਾਰੀ ਰੱਖਣਗੇ। -ਪੀਟੀਆਈ



Most Read

2024-09-23 04:39:38