Breaking News >> News >> The Tribune


ਲਾਸੈਂਟ: ਭਾਰਤ ’ਚ ਕਰੋਨਾ ਨਾਲ ਹੋਈਆਂ ਸਨ 40.70 ਲੱਖ ਮੌਤਾਂ


Link [2022-03-12 16:20:49]



ਲੰਡਨ/ਨਵੀਂ ਦਿੱਲੀ, 11 ਮਾਰਚ

ਲਾਂਸੈੱਟ ਦੇ ਨਵੇਂ ਅਧਿਐਨ ਮੁਤਾਬਕ ਜਨਵਰੀ 2020 ਤੋਂ ਦਸੰਬਰ 2021 ਦੇ ਅਰਸੇ ਦੌਰਾਨ ਭਾਰਤ ਵਿੱਚ ਕੋਵਿਡ-19 ਕਰਕੇ ਜਾਨਾਂ ਗੁਆਉਣ ਵਾਲਿਆਂ ਦਾ ਅਨੁਮਾਨਿਤ ਅੰਕੜਾ 40.70 ਲੱਖ ਸੀ, ਜੋ ਦੱਸੇ ਗਏ ਅੰਕੜਿਆਂ ਦੇ ਮੁਕਾਬਲੇ ਅੱਠ ਗੁਣਾਂ ਵੱਧ ਸੀ। ਉਧਰ ਕੇਂਦਰੀ ਸਿਹਤ ਮੰਤਰਾਲੇ ਨੇ ਅਧਿਐਨ ਦੇ ਨਤੀਜਿਆਂ ਨੂੰ 'ਕਿਆਸਾਂ ਤੇ ਗ਼ਲਤ ਜਾਣਕਾਰੀ' ਉੱਤੇ ਆਧਾਰਿਤ ਦੱਸਿਆ ਹੈ। ਮੰਤਰਾਲੇ ਨੇ ਕਿਹਾ ਕਿ ਅਧਿਐਨ ਦੇ ਵਿਸ਼ਲੇਸ਼ਕਾਂ ਨੇ ਖ਼ੁਦ ਮੰਨਿਆ ਹੈ ਕਿ ਸਮੀਖਿਆ ਕਰਨ ਦੇ ਢੰਗ ਤਰੀਕੇ ਵਿੱਚ ਕਈ ਤਰ੍ਹਾਂ ਦੀਆਂ ਘਾਟਾਂ ਤੇ ਖਾਮੀਆਂ ਹਨ।

ਸਿਹਤ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਅਧਿਐਨ ਵਿੱਚ ਵੱਖ-ਵੱਖ ਮੁਲਕਾਂ ਲਈ ਵੱਖ-ਵੱਖ ਢੰਗ ਤਰੀਕਿਆਂ ਨੂੰ ਵਿਚਾਰਿਆ ਗਿਆ ਹੈ। ਮਿਸਾਲ ਵਜੋਂ ਭਾਰਤ ਦੀ ਗੱਲ ਕਰੀਏ ਤਾਂ ਅਧਿਐਨ ਲਈ ਜਿਹੜੇ ਅੰਕੜੇ ਵਰਤੇ ਗਏ ਹਨ, ਉਨ੍ਹਾਂ ਦਾ ਸਰੋਤ ਅਖ਼ਬਾਰ ਦੀਆਂ ਰਿਪੋਰਟਾਂ ਤੇ ਗੈਰ-ਪ੍ਰਕਾਸ਼ਿਤ ਅਧਿਐਨਾਂ 'ਤੇ ਅਧਾਰਿਤ ਲਗਦਾ ਹੈ।

ਜਰਨਲ ਨੇ ਆਪਣੀ ਰਿਪੋਰਟ 'ਕੋਵਿਡ-19 ਮੌਤ ਦਰ ਦਾ ਅਨੁਮਾਨ: ਕੋਵਿਡ-19 ਨਾਲ ਸਬੰਧਤ ਮੌਤ ਦਰ ਦੀ ਵਿਵਸਥਤ ਸਮੀਖਿਆ 2020-21' ਵਿੱਚ ਇਹ ਦਾਅਵਾ ਕੀਤਾ ਹੈ। 'ਦਿ ਲਾਂਸੈੱਟ' ਨੇ ਦੱਸਿਆ ਕਿ 31 ਦਸੰਬਰ 2021 ਤਕ ਕੁੱਲ ਆਲਮ ਵਿੱਚ ਜਿੰਨੀਆਂ ਮੌਤਾਂ ਹੋਈਆਂ ਹਨ, ਉਨ੍ਹਾਂ ਵਿੱਚੋਂ 22.3 ਫੀਸਦ ਲੋਕਾਂ ਦੀ ਮੌਤ ਭਾਰਤ ਵਿੱਚ ਹੋਈ। ਅਧਿਐਨ ਮੁਤਾਬਕ ਵਿਸ਼ਵ ਭਰ ਵਿੱਚ ਇਸ ਅਰਸੇ ਦੌਰਾਨ 59.40 ਲੱਖ ਲੋਕਾਂ ਦੀ ਮੌਤ ਹੋਈ, ਜਿਸ ਵਿੱਚੋਂ 18.2 ਫੀਸਦ ਦੀ ਮੌਤ ਕਰੋਨਾ ਕਰਕੇ ਹੋਈ। ਇਹ ਪਹਿਲਾਂ ਦੇ ਅਨੁਮਾਨਾਂ ਦੇ ਮੁਕਾਬਲੇ ਲਗਪਗ ਤਿੰਨ ਗੁਣਾਂ ਵੱਧ ਸੀ। ਜਰਨਲ ਨੇ ਕਿਹਾ ਕਿ ਇਸ ਅਰਸੇ ਦੌਰਾਨ ਭਾਰਤ ਵਿੱਚ ਕਰੋਨਾ ਕਰਕੇ ਮੌਤ ਦੇ ਮੂੰਹ ਪੈਣ ਵਾਲਿਆਂ ਦੀ ਗਿਣਤੀ 4,89,000 ਦੱਸੀ ਗਈ ਸੀ। -ਪੀਟੀਆਈ

ਅੱਧੀ ਨਾਲੋਂ ਵੱਧ ਮੌਤਾਂ ਇਨ੍ਹਾਂ 6 ਮੁਲਕਾਂ ਵਿੱਚ

ਰਿਪੋਰਟ ਮੁਤਾਬਕ ਭਾਰਤ ਤੋਂ ਬਾਅਦ ਸਭ ਤੋਂ ਵੱਧ ਮੌਤਾਂ ਅਮਰੀਕਾ (11.30 ਲੱਖ) ਵਿੱਚ ਹੋਈਆਂ ਹਨ। ਰੂਸ ਵਿੱਚ 10.70 ਲੱਖ, ਮੈਕਸਿਕੋ ਵਿੱਚ 7.98 ਲੱਖ, ਬ੍ਰਾਜ਼ੀਲ ਵਿੱਚ 7.92 ਲੱਖ, ਇੰਡੋਨੇਸ਼ੀਆ ਵਿੱਚ 7.36 ਲੱਖ ਤੇ ਪਾਕਿਸਤਾਨ ਵੱਚ 6.64 ਲੱਖ ਲੋਕਾਂ ਦੀ ਮੌਤ ਹੋਈ। ਇਕ ਸਾਲ ਦੇ ਅਰਸੇ ਦੌਰਾਨ ਵਿਸ਼ਵ ਭਰ ਵਿੱਚ ਕਰੋਨਾ ਕਰਕੇ ਜਿੰਨੀਆਂ ਮੌਤਾਂ ਹੋਈਆਂ, ਉਨ੍ਹਾਂ ਵਿੱਚੋਂ ਅੱਧੇ ਨਾਲੋਂ ਜ਼ਿਆਦਾ ਇਨ੍ਹਾਂ ਮੁਲਕਾਂ ਵਿੱਚ ਹੋਈਆਂ।



Most Read

2024-09-22 10:38:31