World >> The Tribune


ਕੀਵ ਦੇ ਬਾਹਰਵਾਰ ਸਿਵਲੀਅਨਾਂ ਦੀਆਂ 400 ਤੋਂ ਵੱਧ ਲਾਸ਼ਾਂ ਮਿਲੀਆਂ


Link [2022-04-05 09:13:40]



ਬੂਚਾ (ਯੂਕਰੇਨ), 4 ਅਪਰੈਲ

ਮੁੱਖ ਅੰਸ਼

ਜ਼ੇਲੈਂਸਕੀ ਨੇ ਰੂਸੀ ਕਾਰਵਾਈ ਨੂੰ ਨਸਲਕੁਸ਼ੀ ਦਾ ਸਬੂਤ ਦੱਸਿਆ

ਯੂਕਰੇਨ ਦੀ ਰਾਜਧਾਨੀ ਕੀਵ ਦੇ ਬਾਹਰਵਾਰ ਇਲਾਕਿਆਂ ਵਿੱਚੋਂ ਆਮ ਲੋਕਾਂ ਦੀਆਂ ਵੱਡੀ ਗਿਣਤੀ ਲਾਸ਼ਾਂ ਮਿਲਣ ਮਗਰੋਂ ਕੌਮਾਂਤਰੀ ਆਗੂਆਂ ਨੇ ਰੂਸੀ ਫੌਜਾਂ ਵੱਲੋਂ ਕੀਤੇ ਕਥਿਤ ਜ਼ੁਲਮਾਂ ਦੀ ਸ਼ਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਯੂਰੋਪੀ ਯੂਨੀਅਨ ਤੇ ਜਾਪਾਨ ਸਣੇ ਹੋਰਨਾਂ ਮੁਲਕਾਂ ਨੇ ਰੂਸ 'ਤੇ ਸਖ਼ਤ ਪਾਬੰਦੀਆਂ ਲਾਉਣ ਦਾ ਸੱਦਾ ਦਿੱਤਾ ਹੈ। ਰਾਜਧਾਨੀ ਕੀਵ ਦੇ ਬਾਹਰੋਂ ਮਿਲੀਆਂ 410 ਲੋਥਾਂ ਰੂਸ ਵੱਲੋਂ ਕੀਤੀ ਨਸਲਕੁਸ਼ੀ ਦੀ ਦੀ ਸ਼ਾਹਦੀ ਭਰਦੀਆਂ ਹਨ। ਇਨ੍ਹਾਂ (ਲਾਸ਼ਾਂ) ਵਿੱਚੋਂ ਕੁਝ ਦੇ ਹੱਥ ਬੱਝੇ ਸੀ ਤੇ ਕੁਝ ਨੂੰ ਬਹੁਤ ਨੇੜਿਓਂ ਗੋਲੀ ਮਾਰੀ ਗਈ ਸੀ। ਕੌਮਾਂਤਰੀ ਭਾਈਚਾਰੇ ਦਾ ਮੰਨਣਾ ਹੈ ਕਿ ਰੂਸ ਖਿਲਾਫ਼ ਮਿਲੇ ਇਨ੍ਹਾਂ ਸੱਜਰੇ ਸਬੂਤਾਂ ਤੋਂ ਸਾਫ਼ ਹੈ ਕਿ ਆਮ ਯੂਕਰੇਨੀ ਨਾਗਰਿਕਾਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ। ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਇਸ ਨੂੰ ਨਸਲਕੁਸ਼ੀ ਦਾ ਸਬੂਤ ਦੱਸਿਆ ਹੈ। ਇਸ ਦੌਰਾਨ ਅਮਰੀਕੀ ਸਦਰ ਜੋਅ ਬਾਇਡਨ ਨੇ ਰੂਸ ਖ਼ਿਲਾਫ਼ ਸਖ਼ਤ ਪਾਬੰਦੀਆਂ ਲਾਉਣ ਦਾ ਇਸ਼ਾਰਾ ਕੀਤਾ ਹੈ। ਯੂਕਰੇਨੀ ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਰੂਸੀ ਫੌਜਾਂ ਨੇ ਖੇਤਰ ਖਾਲੀ ਕਰਨ ਤੋਂ ਪਹਿਲਾਂ ਇਨ੍ਹਾ ਜੰਗੀ ਅਪਰਾਧਾਂ ਨੂੰ ਅੰਜਾਮ ਦਿੱਤਾ ਤੇ ਆਪਣੇ ਪਿੱਛੇ ਖੌਫ਼ਨਾਕ ਮੰਜ਼ਰ ਛੱਡ ਗਏ। ਯੂਕਰੇਨ ਦੇ ਬੂਚਾ ਸ਼ਹਿਰ ਵਿੱਚ ਇਨ੍ਹਾਂ ਲਾਸ਼ਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਮਗਰੋਂ ਯੂਰੋਪੀ ਆਗੂਆਂ ਨੇ ਰੂਸੀ ਫੌਜ ਵੱਲੋਂ ਕੀਤੇ ਜ਼ੁਲਮ ਦੀ ਨਿਖੇਧੀ ਕਰਦਿਆਂ ਉਸ ਖਿਲਾਫ਼ ਸਖ਼ਤ ਪਾਬੰਦੀਆਂ ਲਾਉਣ ਦੀ ਮੰਗ ਕੀਤੀ ਹੈ। ਜਰਮਨੀ ਦੀ ਰੱਖਿਆ ਮੰਤਰੀ ਕ੍ਰਿਸਟਿਨ ਲੈਮਬ੍ਰੈਕਟ ਨੇ ਯੂਰੋਪੀ ਸੰਘ ਤੋਂ ਰੂਸੀ ਗੈਸ ਉੱਤੇ ਪਾਬੰਦੀ ਲਗਾਉਣ 'ਤੇ ਵਿਚਾਰ ਕਰਨ ਦੀ ਮੰਗ ਕੀਤੀ ਹੈ।

ਯੂਕਰੇਨੀ ਰਾਸ਼ਟਰਪਤੀ ਦੇ ਸਲਾਹਕਾਰ ਓਲੈਕਸੀ ਅਰੈਸਟੋਵਿਚ ਨੇ ਰਾਜਧਾਨੀ ਕੀਵ ਦੇ ਬਾਹਰਵਾਰ ਸੜਕਾਂ 'ਤੇ ਪਈਆਂ ਲਾਸ਼ਾਂ ਨੂੰ ਖੌਫਨਾਕ ਮੰਜ਼ਰ ਕਰਾਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਾਰੇ ਜਾਣ ਤੋਂ ਪਹਿਲਾਂ ਕੁਝ ਮਹਿਲਾਵਾਂ ਨਾਲ ਜਬਰ-ਜਨਾਹ ਵੀ ਕੀਤਾ ਗਿਆ। -ਏਪੀ

ਖਾਰਕੀਵ ਗੋਲਾਬਾਰੀ ਵਿੱਚ 7 ਹਲਾਕ, 34 ਜ਼ਖ਼ਮੀ

ਕੀਵ: ਯੂਕਰੇਨੀ ਅਥਾਰਿਟੀਜ਼ ਨੇ ਦਾਅਵਾ ਕੀਤਾ ਹੈ ਕਿ ਖਾਰਕੀਵ ਦੇ ਪੂਰਬ ਸ਼ਹਿਰ ਵਿੱਚ ਰੂਸੀ ਫੌਜਾਂ ਵੱਲੋਂ ਕੀਤੀ ਗੋਲਾਬਾਰੀ ਵਿੱਚ ਘੱਟੋ-ਘੱਟ 7 ਵਿਅਕਤੀ ਹਲਾਕ ਤੇ 34 ਹੋਰ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਖਾਰਕੀਵ ਦੇ ਖੇਤਰੀ ਪ੍ਰੋਸੀਕਿਊਟਰ ਦਫ਼ਤਰ ਨੇ ਕਿਹਾ ਕਿ ਹਮਲੇ ਦੌਰਾਨ ਰੂਸੀ ਫੌਜਾਂ ਨੇ ਸਲੋਬਿਡਸਕੀ ਜ਼ਿਲ੍ਹੇ ਵਿੱਚ ਰਿਹਾਇਸ਼ੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ। ਹਮਲੇ ਵਿੱਚ ਦਸ ਦੇ ਕਰੀਬ ਘਰ ਤੇ ਬੱਸ ਡਿੱਪੂ ਤਬਾਹ ਹੋ ਗਏ। -ਆਈਏਐੱਨਐੱਸ

ਜੰਗ ਦੇ ਖ਼ਾਤਮੇ ਲਈ ਕਿਸੇ ਸਮਝੌਤੇ 'ਤੇ ਪੁੱਜੇ ਰੂਸ: ਜ਼ੇਲੈਂਸਕੀ

ਕੀਵ: ਯੂਕਰੇਨੀ ਸਦਰ ਵਲਾਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ ਜੰਗ ਦੇ ਖਾਤਮੇ ਲਈ ਰੂਸ ਨੂੰ ਫੌਰੀ ਕਿਸੇ ਸਮਝੌਤੇ 'ਤੇ ਪੁੱਜਣਾ ਹੋਵੇਗਾ। ਰਾਜਧਾਨੀ ਕੀਵ ਦੇ ਬਾਹਰ ਬੂਚਾ ਕਸਬੇ ਦੀ ਫੇਰੀ ਦੌਰਾਨ ਯੂਕਰੇਨੀ ਸਦਰ ਨੇ ਕਿਹਾ ਕਿ (ਰੂਸੀ ਫੌਜ ਵੱਲੋਂ ਕੀਤੇ) ਜ਼ੁਲਮਾਂ ਦੇ ਸਬੂਤਾਂ ਨੇ ਰੂਸ ਨਾਲ ਸੰਵਾਦ ਦੇ ਅਮਲ ਨੂੰ ਹੋਰ ਮੁਸ਼ਕਲ ਬਣਾ ਦਿੱਤਾ ਹੈ। ਜ਼ੇਲੈਂਸਕੀ ਨੇ ਕਿਹਾ, ''ਜਦੋਂ ਤੁਸੀਂ ਉਨ੍ਹਾਂ ਵੱਲੋਂ ਕੀਤੇ ਜ਼ੁਲਮਾਂ ਨੂੰ ਦੇਖਦੇ ਹੋ ਤਾਂ ਕਿਸੇ ਸਮਝੌਤੇ 'ਤੇ ਪੁੱਜਣਾ ਮੁਸ਼ਕਲ ਹੋ ਜਾਂਦਾ ਹੈ।'' ਇਸ ਤੋਂ ਪਹਿਲਾਂ ਯੂੁਕਰੇਨੀ ਸਦਰ ਨੇ ਕਿਹਾ ਸੀ ਕਿ ਉਹ ਕੌਮਾਂਤਰੀ ਤਫ਼ਤੀਸ਼ਕਾਰਾਂ ਦੀ ਸ਼ਮੂਲੀਅਤ ਨਾਲ ਰੂਸੀ ਫੌਜਾਂ ਵੱਲੋਂ ਆਮ ਲੋਕਾਂ 'ਤੇ ਕੀਤੇ ਜ਼ੁਲਮਾਂ ਦੀ ਜਾਂਚ ਕਰਵਾਏਗਾ। -ਏਪੀ

ਕੀਵ ਨੇ ਪੱਛਮੀ ਮੀਡੀਆ ਲਈ 'ਲਾਸ਼ਾਂ ਦੀਆਂ ਤਸਵੀਰਾਂ ਤੇ ਵੀਡੀਓ ਦਾ ਪ੍ਰਬੰਧ ਕੀਤਾ: ਰੂਸ

ਮਾਸਕੋ: ਰੂਸ ਦੇ ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਕੀਵ ਸ਼ਾਸਨ ਨੇ ਪੱੱਛਮੀ ਮੀਡੀਆ ਲਈ 'ਲਾਸ਼ਾਂ ਦੀਆਂ ਤਸਵੀਰਾਂ ਤੇ ਵੀਡੀਓ ਦਾ ਪ੍ਰਬੰਧ' ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਇਸ ਗੱਲ ਨੂੰ ਨੋਟ ਕੀਤਾ ਜਾਵੇ ਕਿ ਬੁਚਾ ਦੇ ਮੇਅਰ ਨੇ ਉਥੋਂ ਨਿਕਲੀਆਂ ਰੂਸੀ ਫੌਜਾਂ ਵੱਲੋਂ ਕਿਸੇ ਹਿੰਸਾ ਜਾਂ ਜ਼ੁਲਮ ਦਾ ਜ਼ਿਕਰ ਨਹੀਂ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਬੂਚਾ ਵਿੱਚ ਕਿਸੇ ਵੀ ਆਮ ਨਾਗਰਿਕ ਨੂੰ ਰੂਸੀ ਫੌਜ ਦੀ ਹਿੰਸਕ ਕਾਰਵਾਈ ਦਾ ਸਾਹਮਣਾ ਨਹੀਂ ਕਰਨਾ ਪਿਆ।



Most Read

2024-09-20 15:48:28