Breaking News >> News >> The Tribune


400 ਨਵੀਆਂ ਵੰਦੇ ਭਾਰਤ ਰੇਲਾਂ ਚਲਾਉਣ ਦਾ ਐਲਾਨ


Link [2022-02-02 07:33:09]



ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਐਲਾਨ ਕੀਤਾ ਕਿ ਅਗਲੇ ਤਿੰਨ ਸਾਲਾਂ ਵਿਚ 400 ਨਵੀਆਂ ਵੰਦੇ ਭਾਰਤ ਰੇਲਾਂ ਵਿਕਸਤ ਕੀਤੀਆਂ ਜਾਣਗੀਆਂ ਅਤੇ ਬਣਾਈਆਂ ਜਾਣਗੀਆਂ। ਇਸ ਤੋਂ ਇਲਾਵਾ ਰੇਲਵੇ ਵੱਲੋਂ ਛੋਟੇ ਕਿਸਾਨਾਂ ਤੇ ਐੱਮਐੱਸਐੱਮਈਜ਼ ਦੇ ਫਾਇਦੇ ਲਈ ਨਵੇਂ ਉਤਪਾਦ ਵੀ ਵਿਕਸਤ ਕੀਤੇ ਜਾਣਗੇ।ਰੇਲਵੇ ਨੂੰ ਅੱਜ 2022-23 ਦੇ ਬਜਟ ਵਿਚ 140367.13 ਕਰੋੜ ਰੁਪਏ ਮਿਲੇ ਹਨ, ਜੋ ਕਿ ਪਿਛਲੇ ਵਿੱਤੀ ਵਰ੍ਹੇ ਨਾਲੋਂ 20,311 ਕਰੋੜ ਰੁਪਏ ਜ਼ਿਆਦਾ ਹਨ। 2022-23 ਲਈ ਕੇਂਦਰੀ ਬਜਟ ਪੇਸ਼ ਕਰਦਿਆਂ ਸੀਤਾਰਾਮਨ ਨੇ ਕਿਹਾ ਕਿ ਅਗਲੇ ਵਿੱਤੀ ਵਰ੍ਹੇ ਦੌਰਾਨ ਚਾਰ ਥਾਵਾਂ 'ਤੇ ਮਲਟੀ-ਮਾਡਲ ਪਾਰਕਾਂ ਲਈ ਠੇਕੇ ਦਿੱਤੇ ਜਾਣਗੇ। ਉਨ੍ਹਾਂ ਕਿਹਾ, ''ਬਿਹਤਰ ਊਰਜਾ ਸਮਰੱਥਾ ਅਤੇ ਯਾਤਰੀਆਂ ਨੂੰ ਬਿਹਤਰ ਯਾਤਰਾ ਦਾ ਤਜਰਬਾ ਦਿਵਾਉਣ ਲਈ ਨਵੀਂ ਪੀੜ੍ਹੀ ਦੀਆਂ 400 ਵੰਦੇ ਭਾਰਤ ਰੇਲਾਂ ਅਗਲੇ ਤਿੰਨ ਸਾਲਾਂ ਵਿਚ ਵਿਕਸਤ ਕੀਤੀਆਂ ਜਾਣਗੀਆਂ ਅਤੇ ਬਣਾਈਆਂ ਜਾਣਗੀਆਂ।'' ਉਨ੍ਹਾਂ ਕਿਹਾ, ''ਇਹ ਰੇਲਾਂ ਸਟੀਲ ਦੀ ਥਾਂ ਅਲਮੀਨੀਅਮ ਦੀਆਂ ਬਣਾਈਆਂ ਜਾਣਗੀਆਂ ਤਾਂ ਜੋ ਵਜ਼ਨ ਵਿਚ ਹਲਕੀਆਂ ਹੋਣ। ਇਸ ਤਰ੍ਹਾਂ ਨਵੀਂ ਹਰੇਕ ਰੇਲ ਵਜ਼ਨ ਵਿਚ ਕਰੀਬ 50 ਟਨ ਹਲਕੀ ਹੋਵੇਗੀ ਜੋ ਕਿ ਸਟੀਲ ਦੀਆਂ ਰੇਲਾਂ ਦੇ ਮੁਕਾਬਲੇ ਘੱਟ ਊਰਜਾ ਦੀ ਖ਼ਪਤ ਕਰੇਗੀ।

ਹਾਲਾਂਕਿ, ਵਿੱਤ ਮੰਤਰੀ ਨੇ ਕਿਹਾ ਕਿ ਇਹ ਰੇਲਾਂ ਅਗਲੇ ਤਿੰਨ ਸਾਲਾਂ ਵਿਚ ਵਿਕਸਤ ਕੀਤੀਆਂ ਜਾਣਗੀਆਂ ਅਤੇ ਬਣਾਈਆਂ ਜਾਣਗੀਆਂ। ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਹ ਰੇਲਾਂ ਕਦੋਂ ਚੱਲਣਗੀਆਂ। ਵਿੱਤ ਮੰਤਰੀ ਨੇ ਕਿਹਾ, ''ਰੇਲਵੇ ਛੋਟੇ ਕਿਸਾਨਾਂ ਅਤੇ ਸੂਖਮ, ਲਘੂ ਤੇ ਮੱਧਮ ਉਦਯੋਗਾਂ ਲਈ ਨਵੇਂ ਉਤਪਾਦ ਅਤੇ ਸਮਰੱਥ ਲੌਜਿਸਟਿਕ ਸੇਵਾਵਾਂ ਵਿਕਸਤ ਕਰੇਗਾ। ਇਸ ਤੋਂ ਇਲਾਵਾ ਪਾਰਸਲਾਂ ਦੀ ਆਸਾਨ ਆਵਾਜਾਈ ਲਈ ਡਾਕ ਤੇ ਰੇਲਵੇ ਦੇ ਨੈੱਟਵਰਕਾਂ ਦੇ ਏਕੀਕਰਨ ਦੀ ਦਿਸ਼ਾ ਵਿਚ ਵੀ ਅਗਵਾਈ ਕਰੇਗਾ। ਸਥਾਨਕ ਕਾਰੋਬਾਰੀਆਂ ਅਤੇ ਸਪਲਾਈ ਚੇਨਾਂ ਦੀ ਮਦਦ ਲਈ ਇਕ ਸਟੇਸ਼ਨ-ਇਕ ਉਤਪਾਦ ਦੇ ਸੰਕਲਪ ਨੂੰ ਬੜ੍ਹਾਵਾ ਦਿੱਤਾ ਜਾਵੇਗਾ।'' ਆਤਮਨਿਰਭਰ ਭਾਰਤ ਦੇ ਹਿੱਸੇ ਵਜੋਂ ਸਾਲ 2022-23 ਵਿਚ 2,000 ਕਿਲੋਮੀਟਲ ਲੰਬੇ ਨੈੱਟਵਰਕ ਨੂੰ 'ਕਵਚ' ਅਧੀਨ ਲਿਆਂਦਾ ਜਾਵੇਗਾ ਜੋ ਕਿ ਸੁਰੱਖਿਆ ਅਤੇ ਸਮਰੱਥਾ ਵਿਚ ਵਾਧੇ ਲਈ ਸਵਦੇਸ਼ੀ ਵਿਸ਼ਵ ਪੱਧਰੀ ਤਕਨਾਲੋਜੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਸ ਦੇ ਨਾਲ ਹੀ ਮਲਟੀ-ਮਾਡਲ ਲੌਜਿਸਟਿਕ ਸਹੂਲਤਾਂ ਲਈ 100 ਪੀਐੱਮ ਗਤੀਸ਼ਕਤੀ ਕਾਰਗੋ ਟਰਮੀਨਲ ਸਥਾਪਤ ਕੀਤੇ ਜਾਣਗੇ। ਉਨ੍ਹਾਂ ਕਿਹਾ, ''ਢੁਕਵੇਂ ਪੱਧਰ ਦੀ ਮੈਟਰੋ ਪ੍ਰਣਾਲੀ ਬਣਾਉਣ ਲਈ ਵਿੱਤ ਤੇ ਤੇਜ਼ੀ ਨਾਲ ਲਾਗੂ ਕਰਨ ਦੇ ਨਵੀਨਤਮ ਤਰੀਕੇ ਅਪਣਾਏ ਜਾਣਗੇ। ਜਨਤਕ ਸ਼ਹਿਰੀ ਆਵਾਜਾਈ ਅਤੇ ਰੇਲਵੇ ਸਟੇਸ਼ਨਾਂ ਵਿਚਾਲੇ ਮਲਟੀ-ਮਾਡਲ ਕੁਨੈਕਟੀਵਿਟੀ ਦੀ ਸਹੂਲਤ ਪਹਿਲ ਦੇ ਆਧਾਰ 'ਤੇ ਦਿੱਤੀ ਜਾਵੇਗੀ। ਸਿਵਲ ਢਾਂਚੇ ਸਣੇ ਮੈਟਰੋ ਪ੍ਰਣਾਲੀਆਂ ਦੇ ਡਿਜ਼ਾਈਨ ਪੁਨਰ-ਨਿਰਮਿਤ ਕੀਤੇ ਜਾਣਗੇ ਅਤੇ ਇਨ੍ਹਾਂ ਦੇ ਮਿਆਰ ਭਾਰਤੀ ਹਾਲਾਤ ਅਤੇ ਜ਼ਰੂਰਤ ਮੁਤਾਬਕ ਤੈਅ ਕੀਤੇ ਜਾਣਗੇ।'' -ਪੀਟੀਆਈ

ਜਨਵਰੀ 'ਚ ਜੀਐੱਸਟੀ ਤੋਂ ਰਿਕਾਰਡ 1.40 ਲੱਖ ਕਰੋੜ ਰੁਪਏ ਮਾਲੀਆ ਇਕੱਤਰ

ਨਵੀਂ ਦਿੱਲੀ: ਵਸਤਾਂ ਤੇ ਸੇਵਾ ਟੈਕਸ (ਜੀਐੱਸਟੀ) ਰਾਹੀਂ ਇਕੱਠਾ ਹੋਣ ਵਾਲਾ ਮਾਲੀਆ ਜਨਵਰੀ 2022 'ਚ ਰਿਕਾਰਡ 1.40 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਵਿੱਤੀ ਵਰ੍ਹੇ 2022-23 ਲਈ ਸੰਸਦ 'ਚ ਬਜਟ ਪੇਸ਼ ਕਰਦਿਆਂ ਕਿਹਾ ਕਿ ਜੀਐੱਸਟੀ ਪ੍ਰਬੰਧ 'ਚ ਜ਼ਿਕਰਯੋਗ ਪ੍ਰਗਤੀ ਹੋਈ ਹੈ ਪਰ ਅਜੇ ਵੀ ਕੁਝ ਚੁਣੌਤੀਆਂ ਬਾਕੀ ਹਨ। ਉਨ੍ਹਾਂ ਕਿਹਾ, 'ਜਨਵਰੀ ਵਿੱਚ ਜੀਐੱਸਟੀ ਤੋਂ ਕੁੱਲ 1,40,986 ਕਰੋੜ ਰੁਪਏ ਮਾਲੀਆ ਇਕੱਠਾ ਹੋਇਆ ਹੈ। ਅਜਿਹਾ ਅਰਥਚਾਰੇ 'ਚ ਵੱਡੇ ਸੁਧਾਰ ਕਾਰਨ ਸੰਭਵ ਹੋ ਸਕਿਆ ਹੈ।' ਜ਼ਿਕਰਯੋਗ ਹੈ ਕਿ ਲਗਾਤਾਰ ਸੱਤਵੇਂ ਮਹੀਨੇ 'ਚ ਜੀਐੱਸਟੀ ਤੋਂ ਇਕੱਠਾ ਹੋਣ ਵਾਲਾ ਮਾਲੀਆ ਇੱਕ ਲੱਖ ਕਰੋੜ ਰੁਪਏ ਤੋਂ ਵਧ ਰਿਹਾ ਹੈ। ਇਸ ਤੋਂ ਪਹਿਲਾਂ ਅਪਰੈਲ 2021 'ਚ ਜੀਐੱਸਟੀ ਤੋਂ 1,39,708 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਸੀ। -ਪੀਟੀਆਈ



Most Read

2024-09-23 10:33:58