World >> The Tribune


ਭਾਰਤ ਨੂੰ ਐੱਸ-400 ਵੇਚਣਾ ਅਸਥਿਰਤਾ ਪੈਦਾ ਕਰਨ ਵਿੱਚ ਰੂਸ ਦੀ ਭੂਮਿਕਾ ਦਰਸਾਉਂਦਾ ਹੈ: ਅਮਰੀਕਾ


Link [2022-01-29 12:56:31]



ਵਾਸ਼ਿੰਗਟਨ, 28 ਜਨਵਰੀ

ਅਮਰੀਕਾ ਨੇ ਕਿਹਾ ਹੈ ਕਿ ਰੂਸ ਦਾ ਭਾਰਤ ਨੂੰ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਵੇਚਣਾ ਖੇਤਰ 'ਚ ਅਤੇ ਸੰਭਾਵੀ ਤੌਰ 'ਤੇ ਉਸ ਤੋਂ ਬਾਹਰ ਅਸਥਿਰਤਾ ਪੈਦਾ ਕਰਨ ਵਿਚ ਮਾਸਕੋ ਦੀ ਭੂਮਿਕਾ ਨੂੰ ਦਰਸਾਉਂਦਾ ਹੈ। ਭਾਰਤ ਵੱਲੋਂ ਰੂਸ ਤੋਂ ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦੇ ਜਾਣ 'ਤੇ ਅਮਰੀਕਾ ਕਈ ਵਾਰ ਚਿੰਤਾ ਜ਼ਾਹਿਰ ਕਰ ਚੁੱਕਿਆ ਹੈ। ਉੱਧਰ, ਭਾਰਤ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਸ ਦੇ ਫ਼ੈਸਲੇ ਉਸ ਦੀ ਕੌਮੀ ਸੁਰੱਖਿਆ ਦੇ ਹਿੱਤ 'ਤੇ ਆਧਾਰਤ ਹਨ।

ਅਮਰੀਕੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੈਡ ਪ੍ਰਾਈਸ ਨੇ ਵੀਰਵਾਰ ਨੂੰ ਆਪਣੀ ਰੋਜ਼ਾਨਾ ਦੀ ਪ੍ਰੈੱਸ ਕਾਨਫ਼ਰੰਸ ਵਿਚ ਕਿਹਾ, ''ਐੱਸ-400 ਪ੍ਰਣਾਲੀ ਨੂੰ ਲੈ ਕੇ ਜੋ ਸਾਡੀਆਂ ਚਿੰਤਾਵਾਂ ਹਨ, ਉਨ੍ਹਾਂ ਵਿਚ ਕੋਈ ਬਦਲਾਅ ਨਹੀਂ ਆਇਆ ਹੈ। ਮੈਨੂੰ ਲੱਗਦਾ ਹੈ ਕਿ ਇਹ ਖੇਤਰ ਵਿਚ ਅਤੇ ਸੰਭਾਵੀ ਤੌਰ 'ਤੇ ਉਸ ਤੋਂ ਬਾਹਰ ਅਸਥਿਰਤਾ ਪੈਦਾ ਕਰਨ ਵਿਚ ਰੂਸ ਦੀ ਭੂਮਿਕਾ ਨੂੰ ਦਰਸਾਉਂਦਾ ਹੈ।''

ਪ੍ਰਾਈਸ ਨੇ ਕਿਹਾ, ''ਭਾਵੇਂ ਭਾਰਤ ਹੋਵੇ ਜਾਂ ਕੋਈ ਹੋਰ ਦੇਸ਼, ਅਸੀਂ ਸਾਰੇ ਦੇਸ਼ਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਰੂਸ ਨਾਲ ਹਥਿਆਰ ਪ੍ਰਣਾਲੀ ਸਬੰਧੀ ਕੋਈ ਨਵਾਂ ਲੈਣ-ਦੇਣ ਕਰਨ ਤੋਂ ਬਚਣ।''

ਅਮਰੀਕਾ ਵੱਲੋਂ ਇਹ ਟਿੱਪਣੀ ਅਜਿਹੇ ਸਮੇਂ ਵਿਚ ਕੀਤੀ ਗਈ ਹੈ ਜਦੋਂ ਯੂਕਰੇਨ ਨੂੰ ਲੈ ਕੇ ਅਮਰੀਕਾ ਤੇ ਰੂਸ ਵਿਚਾਲੇ ਤਣਾਅ ਚੱਲ ਰਿਹਾ ਹੈ। ਅਮਰੀਕਾ ਦੇ ਸਖ਼ਤ ਇਤਰਾਜ਼ ਅਤੇ ਜੋਅ ਬਾਇਡਨ ਪ੍ਰਸ਼ਾਸਨ ਵੱਲੋਂ ਪਾਬੰਦੀਆਂ ਲਗਾਉਣ ਦੀ ਚਿਤਾਵਨੀ ਦਿੱਤੇ ਜਾਣ ਦੇ ਬਾਵਜੂਦ ਭਾਰਤ ਨੇ ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦਣ ਦੇ ਆਪਣੇ ਫ਼ੈਸਲੇ ਵਿਚ ਕੋਈ ਵੀ ਬਦਲਾਅ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। -ਪੀਟੀਆਈ



Most Read

2024-09-21 15:52:14