World >> The Tribune


40 ਲੱਖ ਤੋਂ ਵੱਧ ਸ਼ਰਨਾਰਥੀਆਂ ਨੇ ਯੂਕਰੇਨ ਛੱਡਿਆ: ਸੰਯੁਕਤ ਰਾਸ਼ਟਰ


Link [2022-03-31 08:34:04]



ਜਨੇਵਾ, 30 ਮਾਰਚ

ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਕਿਹਾ ਹੈ ਕਿ ਰੂਸ ਵੱਲੋਂ ਜੰਗ ਸ਼ੁਰੂ ਕਰਨ ਤੋਂ ਬਾਅਦ ਹੁਣ ਤੱਕ 40 ਲੱਖ ਤੋਂ ਵੱਧ ਸ਼ਰਨਾਰਥੀ ਯੂਕਰੇਨ ਛੱਡ ਕੇ ਜਾ ਚੁੱਕੇ ਹਨ। ਏਜੰਸੀ ਮੁਤਾਬਕ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਸਭ ਤੋਂ ਵੱਡਾ ਸ਼ਰਨਾਰਥੀ ਸੰਕਟ ਹੈ। ਇਸ ਸਬੰਧੀ ਨਵੇਂ ਅੰਕੜੇ ਯੂਐੱਨਐੱਚਸੀਆਰ ਵੈੱਬਸਾਈਟ 'ਤੇ ਪਾਏ ਗਏ ਹਨ। ਹੁਣ ਤੱਕ 23 ਲੱਖ ਤੋਂ ਵੱਧ ਲੋਕ ਪੋਲੈਂਡ ਪੁੱਜ ਚੁੱਕੇ ਹਨ, ਪਰ ਕਈ ਹੋਰ ਮੁਲਕਾਂ ਵੱਲ ਜਾ ਰਹੇ ਹਨ ਜਾਂ ਵਾਪਸ ਯੂਕਰੇਨ ਪੁੱਜ ਰਹੇ ਹਨ। ਸਹਾਇਤਾ ਕਾਮਿਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਸ਼ਰਨਾਰਥੀਆਂ ਦੀ ਗਿਣਤੀ ਘਟਣ ਲੱਗੀ ਹੈ ਕਿਉਂਕਿ ਵੱਡੀ ਗਿਣਤੀ 'ਚ ਲੋਕ ਯੁੱਧ ਖਤਮ ਹੋਣ ਸਬੰਧੀ ਤਾਜ਼ੇ ਘਟਨਾਕ੍ਰਮ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਇੱਕ ਅੰਦਾਜ਼ੇ ਮੁਤਾਬਕ ਲਗਪਗ 65 ਲੱਖ ਲੋਕਾਂ ਨੂੰ ਮੁਲਕ ਵਿੱਚ ਹੀ ਆਪਣੇ ਘਰਾਂ ਨੂੰ ਛੱਡ ਕੇ ਦੂਜੀਆਂ ਥਾਵਾਂ 'ਤੇ ਜਾਣਾ ਪੈ ਰਿਹਾ ਹੈ। ਸਰਕਾਰਾਂ ਵੱਲੋਂ ਮੁਹੱਈਆ ਕਰਵਾਏ ਅੰਕੜਿਆਂ ਮੁਤਾਬਕ 24 ਫਰਵਰੀ ਤੋਂ ਸ਼ੁਰੂ ਹੋਈ ਜੰਗ ਤੋਂ ਬਾਅਦ ਹੁਣ ਤੱਕ 608,000 ਲੋਕ ਰੋਮਾਨੀਆ 'ਚ ਦਾਖ਼ਲ ਹੋ ਚੁੱਕੇ ਹਨ, 387,000 ਮੋਲਦੋਵਾ ਜਾ ਚੁੱਕੇ ਹਨ ਤੇ ਲਗਪਗ 364,000 ਹੰਗਰੀ ਵਿੱਚ ਪੁੱਜ ਗਏ ਹਨ। ਜੰਗ ਸ਼ੁਰੂ ਹੋਣ ਦੇ ਸਮੇਂ ਤੋਂ ਹੀ ਯੂਐੱਨਐੱਚਸੀਆਰ ਨੇ ਭਵਿੱਖਵਾਣੀ ਕੀਤੀ ਸੀ ਕਿ ਲਗਪਗ 40 ਲੱਖ ਲੋਕ ਯੂਕਰੇਨ ਛੱਡ ਕੇ ਜਾ ਸਕਦੇ ਹਨ, ਭਾਵੇਂ ਕਿ ਇਸ ਵੱਲੋਂ ਵਾਰ-ਵਾਰ ਇਹ ਕਿਹਾ ਜਾਂਦਾ ਰਿਹਾ ਹੈ ਕਿ ਇਸ ਵੱਲੋਂ ਇਨ੍ਹਾਂ ਭਵਿੱਖਬਾਣੀਆਂ ਦਾ ਮੁੜ ਮੁਲਾਂਕਣ ਕੀਤਾ ਜਾਂਦਾ ਰਿਹਾ ਹੈ। ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਫਿਲਿਪੋ ਗ੍ਰੈਂਡੀ ਨੇ ਯੂਕਰੇਨ 'ਚ ਪੁੱਜਦਿਆਂ ਟਵੀਟ ਕੀਤਾ ਕਿ ਉਹ ਲਵੀਵ ਦੇ ਪੱਛਮੀ ਸ਼ਹਿਰ ਵਿੱਚ ਰਹਿਣਗੇ ਤੇ ਇਸ ਜੰਗ ਕਾਰਨ ਪ੍ਰਭਾਵਿਤ ਤੇ ਉੱਜੜ ਚੁੱਕੇ ਲੋਕਾਂ ਦੀ ਮਦਦ ਕਰਨ ਦਾ ਯਤਨ ਕਰਨਗੇ। -ਏਪੀ

ਨਾਰਵੇ ਦੇ ਜੱਜ ਐਰਿਕ ਮੋਸ ਕਰਨਗੇ ਮਨੁੱਖੀ ਜਾਂਚ ਕਮਿਸ਼ਨ ਦੀ ਅਗਵਾਈ

ਜਨੇਵਾ: ਸੰਯੁਕਤ ਰਾਸ਼ਟਰ ਦੀ ਸਰਵਉੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਬਾਰੇ ਸੰਸਥਾ ਨੇ ਰੂਸ ਵੱਲੋਂ ਯੂਕਰੇਨ 'ਚ ਜੰਗ ਛੇੜਨ ਕਾਰਨ ਉੱਥੇ ਹੋਏ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਜਾਂਚ ਸਬੰਧੀ ਪੈਨਲ ਦੀ ਅਗਵਾਈ ਲਈ ਮਨੁੱਖੀ ਅਧਿਕਾਰਾਂ ਬਾਰੇ ਯੂਰੋਪੀਅਨ ਕੋਰਟ ਦੇ ਸਾਬਕਾ ਜੱਜ ਦੀ ਚੋਣ ਕੀਤੀ ਹੈ। ਰਵਾਂਡਾ 'ਚ ਕੌਮਾਂਤਰੀ ਅਪਰਾਧਿਕ ਟ੍ਰਿਬਿਊਨਲ ਦੇ ਸਾਬਕਾ ਪ੍ਰਧਾਨ ਐਰਿਕ ਮੋਸ ਤੋਂ ਇਲਾਵਾ ਇਸ ਜਾਂਚ ਕਮਿਸ਼ਨ ਵਿੱਚ ਬੋਸਨੀਆ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਓਮਬਡਸਪਰਸਨ ਜਸਮਿਨੀਕਾ ਡਜ਼ੂਮਹੁਰ ਤੇ ਕੋਲੰਬੀਆ ਦੇ ਰਾਜਨੀਤਕ ਵਿਚਾਰਵਾਦੀ ਪਾਬਲੋ ਡੀ ਗ੍ਰੇਇਫ ਸ਼ਾਮਲ ਹੋਣਗੇ। ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕੌਂਸਲ ਨੇ ਇਸੇ ਮਹੀਨੇ ਇਹ ਕਮਿਸ਼ਨ ਸਥਾਪਤ ਕੀਤਾ ਸੀ। -ਏਪੀ



Most Read

2024-09-20 19:52:23