World >> The Tribune


ਮਨੀ ਲਾਂਡਰਿੰਗ: ਸ਼ਾਹਬਾਜ਼ ਨੂੰ 4 ਜੂਨ ਤੱਕ ਅਗਾਊਂ ਜ਼ਮਾਨਤ


Link [2022-05-29 08:46:04]



ਲਾਹੌਰ, 28 ਮਈ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅੱਜ ਇੱਥੇ ਵਿਸ਼ੇਸ਼ ਅਦਾਲਤ ਵਿਚ ਸੁਣਵਾਈ ਦੌਰਾਨ ਕਿਹਾ ਕਿ ਉਹ ਤਾਂ 'ਮਜਨੂੰ' ਹਨ ਤੇ ਉਨ੍ਹਾਂ ਪੰਜਾਬ ਸੂਬੇ ਦਾ ਮੁੱਖ ਮੰਤਰੀ ਹੁੰਦਿਆਂ ਤਨਖਾਹ ਤੱਕ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਸ਼ਰੀਫ਼ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਵਿੱਚ ਸੁਣਵਾਈ ਚੱਲ ਰਹੀ ਹੈ। ਸ਼ਾਹਬਾਜ਼ ਦੇ ਪੁੱਤਰ ਹਮਜ਼ਾ ਤੇ ਸੁਲੇਮਾਨ ਖ਼ਿਲਾਫ਼ ਜਾਂਚ ਏਜੰਸੀ ਨੇ ਭ੍ਰਿਸ਼ਟਾਚਾਰ ਤੇ ਮਨੀ ਲਾਂਡਰਿੰਗ ਐਕਟ ਤਹਿਤ ਕੇਸ ਦਰਜ ਕੀਤਾ ਸੀ। ਹਮਜ਼ਾ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਹਨ, ਜਦਕਿ ਸੁਲੇਮਾਨ ਭਗੌੜਾ ਹੈ ਅਤੇ ਯੂਕੇ ਵਿੱਚ ਰਹਿ ਰਿਹਾ ਹੈ। ਇਸੇ ਦੌਰਾਨ ਅਦਾਲਤ ਨੇ ਅੱਜ ਸ਼ਾਹਬਾਜ਼ ਤੇ ਹਮਜ਼ਾ ਦੀ ਅਗਾਊਂ ਜ਼ਮਾਨਤ ਵਿੱਚ ਚਾਰ ਜੂਨ ਤੱਕ ਵਾਧਾ ਕਰ ਦਿੱਤਾ ਹੈ। ਜਾਂਚ ਏਜੰਸੀ ਮੁਤਾਬਕ ਉਨ੍ਹਾਂ ਨੂੰ ਸ਼ਾਹਬਾਜ਼ ਪਰਿਵਾਰ ਦੇ 28 ਬੇਨਾਮੀ ਅਕਾਊਂਟ ਮਿਲੇ ਹਨ, ਜਿਨ੍ਹਾਂ ਰਾਹੀਂ 14 ਅਰਬ ਪਾਕਿਸਤਾਨੀ ਰੁਪਏ ਦਾ ਗੈਰਕਾਨੂੰਨੀ ਲੈਣ-ਦੇਣ ਸਾਹਮਣੇ ਆਇਆ ਹੈ। ਇਹ ਮਾਮਲਾ 2008-2018 ਦੇ ਵਕਫ਼ੇ ਤੱਕ ਦਾ ਹੈ। ਸ਼ਰੀਫ਼ ਪਹਿਲੀ ਵਾਰ 1997 ਵਿਚ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। ਉਸ ਵੇਲੇ ਉਨ੍ਹਾਂ ਦੇ ਭਰਾ ਨਵਾਜ਼ ਸ਼ਰੀਫ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਨ। ਜਨਰਲ ਪਰਵੇਜ਼ ਮੁਸ਼ੱਰਫ਼ ਵੱਲੋਂ 1999 ਵਿੱਚ ਰਾਜ ਪਲਟਾ ਕਰਨ ਤੋਂ ਬਾਅਦ ਸ਼ਾਹਬਾਜ਼ ਪਰਿਵਾਰ ਸਮੇਤ ਸਾਊਦੀ ਅਰਬ ਚਲੇ ਗਏ ਸਨ ਤੇ 2007 ਵਿਚ ਪਾਕਿਸਤਾਨ ਪਰਤੇ ਸਨ। ਇਸ ਤੋਂ ਬਾਅਦ ਉਹ 2008 ਤੇ 2013 ਵਿਚ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। -ਪੀਟੀਆਈ



Most Read

2024-09-19 16:20:26