Breaking News >> News >> The Tribune


ਕਰੋਨਾ: ਭਾਰਤ ’ਚ ਸਰਗਰਮ ਕੇਸ 37 ਦਿਨਾਂ ਬਾਅਦ 5 ਲੱਖ ਤੋਂ ਥੱਲੇ


Link [2022-02-15 07:34:12]



ਨਵੀਂ ਦਿੱਲੀ, 14 ਫਰਵਰੀ

ਭਾਰਤ ਵਿੱਚ ਕਰੋਨਾ ਲਾਗ ਦੇ 34,113 ਨਵੇਂ ਕੇਸ ਮਿਲਣ ਨਾਲ ਕੇਸਾਂ ਦਾ ਕੁੱਲ ਅੰਕੜਾ ਵਧ ਕੇ 4,26,65,534 ਹੋ ਗਿਆ ਹੈ ਜਦਕਿ ਲਗਪਗ 37 ਦਿਨਾਂ ਬਾਅਦ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 5 ਲੱਖ ਤੋਂ ਹੇਠਾਂ ਆ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਤੱਕ ਅਪਡੇਟ ਅੰਕੜਿਆਂ ਮੁਤਾਬਕ ਰੋਜ਼ਾਨਾ ਦਰਜ ਕਰੋਨਾ ਕੇਸਾਂ ਦੀ ਗਿਣਤੀ ਲਗਾਤਾਰ 8ਵੇਂ ਦਿਨ ਇੱਕ ਲੱਖ ਤੋਂ ਘੱਟ ਰਹੀ ਹੈ। ਅੰਕੜਿਆਂ ਅਨੁਸਾਰ ਲੰਘੇ 24 ਘੰਟਿਆਂ ਵਿੱਚ 346 ਹੋਰ ਮੌਤਾਂ ਹੋਣ ਨਾਲ ਕਰੋਨਾ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 5,09,011 ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਦੱਸਿਆ ਗਿਆ ਕਿ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 4,78,882 ਰਹਿ ਗਈ ਹੈ, ਜਿਹੜੀ ਕੁੱਲ ਕੇਸਾਂ ਦਾ 1.12 ਹਿੱਸਾ ਬਣਦੀ ਹੈ। ਕੌਮੀ ਸਿਹਤਯਾਬੀ ਦਰ ਸੁਧਰ ਕੇ 97.68 ਹੋ ਗਈ ਹੈ ਜਦਕਿ ਰੋਜ਼ਾਨਾ ਪਾਜ਼ੇਟਿਵਿਟੀ ਦਰ 3.19 ਅਤੇ ਹਫ਼ਤਾਵਾਰੀ ਪਾਜ਼ੇਟਿਵਿਟੀ ਦਰ 3.99 ਫ਼ੀਸਦੀ ਦਰਜ ਹੋਈ ਹੈ। ਲੰਘੇ 24 ਘੰਟਿਆਂ ਵਿੱਚ ਸਰਗਰਮ ਕੇਸਾਂ ਦੀ ਗਿਣਤੀ 58,153 ਘੱਟ ਦਰਜ ਹੋਈ ਹੈ। ਹੁਣ ਤੱਕ 4,16,77,641 ਮਰੀਜ਼ ਕਰੋਨਾ ਲਾਗ ਤੋਂ ਉੱਭਰ ਚੁੱਕੇ ਹਨ ਅਤੇ ਕਰੋਨਾ ਮੌਤ ਦਰ 1.19 ਫ਼ੀਸਦੀ ਹੈ। ਦੂਜੇ ਪਾਸੇ ਦੇਸ਼ ਵਿੱਚ ਹੁਣ ਤੱਕ ਕਰੋਨਾ ਰੋਕੂ ਟੀਕਿਆਂ ਦੀਆਂ 172.95 ਖੁਰਾਕਾਂ ਵੀ ਲਾਈਆਂ ਜਾ ਚੁੱਕੀਆਂ ਹਨ। ਅੱਜ ਹੋਈਆਂ ਕੁੱਲ 346 ਮੌਤਾਂ ਵਿੱਚੋਂ ਕੇਰਲਾ ਵਿੱਚ 146 ਤੇ ਕਰਨਾਟਕਾ ਤੇ ਪੱਛਮੀ ਬੰਗਾਲ ਵਿੱਚ 27-27 ਮੌਤਾਂ ਹੋਈਆਂ ਹਨ। ਇਸ ਦੌਰਾਨ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਹੁਣ ਤੱਕ ਮੁਲਕ ਵਿੱਚ ਹੋਈਆਂ ਕਰੋਨਾ ਮੌਤਾਂ 'ਚੋਂ 70 ਫ਼ੀਸਦੀ ਇੱਕ ਤੋਂ ਵੱਧ ਬਿਮਾਰੀਆਂ ਕਾਰਨ ਹੋਈਆਂ ਹਨ। -ਪੀਟੀਆਈ

ਪੰਜਾਬ ਵਿੱਚ ਕਰੋਨਾ ਕਾਰਨ ਸੱਤ ਹੋਰ ਮੌਤਾਂ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਵਿੱਚ ਕਰੋਨਾਵਾਇਰਸ ਕਰਕੇ 7 ਹੋਰ ਜਣਿਆਂ ਦੀ ਮੌਤ ਹੋ ਗਈ ਹੈ। ਇਸ ਨਾਲ ਕਰੋਨਾ ਮ੍ਰਿਤਕਾਂ ਦਾ ਅੰਕੜਾ 17610 'ਤੇ ਪਹੁੰਚ ਗਿਆ ਹੈ। ਸਿਹਤ ਵਿਭਾਗ ਅਨੁਸਾਰ ਅੱਜ ਸੂਬੇ 'ਚ ਕਰੋਨਾ ਦੇ 318 ਨਵੇਂ ਕੇਸ ਸਾਹਮਣੇ ਆਏ ਹਨ ਜਦੋਂਕਿ 774 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਸਮੇਂ ਸੂਬੇ ਵਿੱਚ 3480 ਐਕਟਿਵ ਕੇਸ ਹਨ। ਸਿਹਤ ਵਿਭਾਗ ਅਨੁਸਾਰ ਅੱਜ ਲੁਧਿਆਣਾ 'ਚ 3, ਹੁਸ਼ਿਆਰਪੁਰ 'ਚ 2, ਬਠਿੰਡਾ ਤੇ ਜਲੰਧਰ 'ਚ ਇਕ-ਇਕ ਜਣੇ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਅੱਜ ਜਲੰਧਰ 'ਚ 71, ਮੁਹਾਲੀ 'ਚ 28, ਫਾਜ਼ਿਲਕਾ 'ਚ 24, ਹੁਸ਼ਿਆਰਪੁਰ 'ਚ 22, ਪਠਾਨਕੋਟ 'ਚ 21, ਲੁਧਿਆਣਾ 'ਚ 19, ਅੰਮ੍ਰਿਤਸਰ 'ਚ 15, ਬਠਿੰਡਾ, ਤਰਨ ਤਾਰਨ 'ਚ 14-14, ਕਪੂਰਥਲਾ 'ਚ 13, ਫਿਰੋਜ਼ਪੁਰ 'ਚ 12, ਮੁਕਤਸਰ 'ਚ 11, ਨਵਾਂ ਸ਼ਹਿਰ 'ਚ 9, ਗੁਰਦਾਸਪੁਰ 'ਚ 8, ਰੋਪੜ 'ਚ 7, ਪਟਿਆਲਾ 'ਚ 6, ਫਰੀਦਕੋਟ, ਮਾਨਸਾ, ਮੋਗਾ 'ਚ 5-5, ਬਰਨਾਲਾ, ਫਤਿਹਗੜ੍ਹ ਸਾਹਿਬ, ਸੰਗਰੂਰ 'ਚ 3-3 ਜਣੇ ਕਰੋਨਾ ਪਾਜ਼ੇਟਿਵ ਪਾਏ ਗਏ ਹਨ।



Most Read

2024-09-22 22:24:21