Sport >> The Tribune


ਮੁਹਾਲੀ ਟੈਸਟ: ਭਾਰਤੀ ਟੀਮ ਨੇ ਪਹਿਲੇ ਦਿਨ 357 ਦੌੜਾਂ ਬਣਾਈਆਂ


Link [2022-03-05 19:39:17]



ਕਰਮਜੀਤ ਸਿੰਘ ਚਿੱਲਾ

ਐਸ.ਏ.ਐਸ.ਨਗਰ (ਮੁਹਾਲੀ), 4 ਮਾਰਚ

ਭਾਰਤ ਤੇ ਸ੍ਰੀਲੰਕਾ ਦਰਮਿਆਨ ਪਹਿਲਾ ਕ੍ਰਿਕਟ ਟੈਸਟ ਮੈਚ ਅੱਜ ਇੱਥੋਂ ਦੇ ਪੀਸੀਏ ਸਟੇਡੀਅਮ ਵਿਚ ਸ਼ੁਰੂ ਹੋ ਗਿਆ। ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦੀ ਚੋਣ ਕੀਤੀ। ਭਾਰਤੀ ਟੀਮ ਨੇ ਪਹਿਲੇ ਦਿਨ ਛੇ ਵਿਕਟਾਂ ਗੁਆ ਕੇ 357 ਦੌੜਾਂ ਬਣਾ ਲਈਆਂ ਸਨ।

ਕਪਤਾਨ ਰੋਹਿਤ ਸ਼ਰਮਾ ਅਤੇ ਮਾਯੰਕ ਅਗਰਵਾਲ ਸਲਾਮੀ ਬੱਲੇਬਾਜ਼ ਵਜੋਂ ਮੈਦਾਨ ਵਿਚ ਉਤਰੇ। ਦੋਵੇਂ ਸਲਾਮੀ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ 9.5 ਓਵਰਾਂ ਵਿੱਚ 52 ਦੌੜਾਂ ਜੋੜੀਆਂ। ਰੋਹਿਤ ਸ਼ਰਮਾ ਨੇ ਛੇ ਚੌਕਿਆਂ ਦੀ ਮਦਦ ਨਾਲ 28 ਗੇਂਦਾਂ ਵਿੱਚ 29 ਦੌੜਾਂ ਬਣਾਈਆਂ। ਭਾਰਤ ਨੂੰ ਦੂਜਾ ਝਟਕਾ ਮਾਯੰਕ ਅਗਰਵਾਲ ਦੇ ਰੂਪ ਵਿੱਚ ਲੱਗਾ ਜਦੋਂ ਉਹ 49 ਗੇਂਦਾਂ ਵਿੱਚ 33 ਦੌੜਾਂ ਬਣਾ ਕੇ ਐੱਲਬੀਡਬਲਿਊ ਹੋ ਗਿਆ। ਆਪਣਾ 100ਵਾਂ ਟੈਸਟ ਮੈਚ ਖੇਡ ਰਹੇ ਵਿਰਾਟ ਕੋਹਲੀ ਨੇ 76 ਗੇਂਦਾਂ ਵਿੱਚ 45 ਦੌੜਾਂ ਬਣਾਈਆਂ।

ਭਾਰਤ ਵੱਲੋਂ ਹਨੁਮਾ ਬਿਹਾਰੀ ਨੇ 58 ਦੌੜਾਂ ਬਣਾਈਆਂ। ਸ਼੍ਰੇਅਸ ਅਈਅਰ ਨੇ 27 ਦੌੜਾਂ ਦਾ ਯੋਗਦਾਨ ਦਿੱਤਾ। ਰਿਸ਼ਭ ਪੰਤ ਨੇ ਬਿਹਤਰੀਨ ਖੇਡ ਦਾ ਮੁਜ਼ਾਹਰਾ ਕਰਦਿਆਂ ਨੌਂ ਚੌਕਿਆਂ ਅਤੇ ਚਾਰ ਛੱਕਿਆਂ ਦੀ ਸਹਾਇਤਾ ਨਾਲ 96 ਦੌੜਾਂ ਬਣਾਈਆਂ ।

ਖੇਡ ਦੀ ਸਮਾਪਤੀ ਮੌਕੇ ਰਵਿੰਦਰ ਜਡੇਜਾ 45 ਤੇ ਰਵੀਚੰਦਰਨ ਅਸ਼ਵਿਨ 10 ਦੌੜਾਂ ਬਣਾ ਕੇ ਨਾਬਾਦ ਸਨ। ਸ੍ਰੀਲੰਕਾ ਵੱਲੋਂ ਸੁਰੰਗਾ ਲਕਮਲ, ਵਿਸ਼ਵ ਫਰਨਾਂਡੋ ਤੇ ਲਹੀਰੂ ਕੁਮਾਰਾ ਨੇ ਇਕ-ਇਕ ਤੇ ਸਮਿੱਥ ਇਬੂਲਡੇਨੀਆ ਨੇ ਦੋ ਵਿਕਟਾਂ ਹਾਸਲ ਕੀਤੀਆਂ।

100ਵਾਂ ਟੈਸਟ: ਬੀਸੀਸੀਆਈ ਤੇ ਪੀਸੀਏ ਵੱਲੋਂ ਕੋਹਲੀ ਦਾ ਸਨਮਾਨ

ਵਿਰਾਟ ਕੋਹਲੀ ਨੇ ਆਪਣੇ 100ਵੇਂ ਟੈਸਟ ਮੈਚ ਵਿੱਚ ਅੱਜ 8000 ਦੌੜਾਂ ਵੀ ਪੂਰੀਆਂ ਕੀਤੀਆਂ। ਉਹ ਇਹ ਪ੍ਰਾਪਤੀ ਵਾਲਾ ਛੇਵਾਂ ਭਾਰਤੀ ਖਿਡਾਰੀ ਬਣ ਗਿਆ ਹੈ। ਉਨ੍ਹਾਂ ਨੂੰ ਇਸ ਪ੍ਰਾਪਤੀ ਲਈ 38 ਦੌੜਾਂ ਦੀ ਲੋੜ ਸੀ। ਦਰਸ਼ਕਾਂ ਵਿੱਚ ਵਿਰਾਟ ਕੋਹਲੀ ਖਿੱਚ ਦਾ ਕੇਂਦਰ ਬਣੇ ਰਹੇ। ਉਨ੍ਹਾਂ ਦੀਆਂ ਤਸਵੀਰਾਂ ਵਾਲੀਆਂ ਟੀ-ਸ਼ਰਟਾਂ ਸਭ ਤੋਂ ਵੱਧ ਵਿਕੀਆਂ। ਬਹੁਤ ਸਾਰੇ ਦਰਸ਼ਕਾਂ ਨੇ ਚਿਹਰੇ 'ਤੇ ਟੈਟੂ ਬਣਾਏ ਹੋਏ ਸਨ, ਜਦੋਂ ਕੋਹਲੀ 45 ਦੌੜਾਂ ਬਣਾ ਕੇ ਆਊਟ ਹੋਏ, ਉਦੋਂ ਉਹ ਖ਼ੁਦ ਵੀ ਨਿਰਾਸ਼ ਨਜ਼ਰ ਆਏ ਅਤੇ ਬਹੁਤ ਸਾਰੇ ਪ੍ਰਸ਼ੰਸਕ ਵੀ ਮੈਦਾਨ ਵਿੱਚੋਂ ਬਾਹਰ ਚਲੇ ਗਏ। ਬੀਸੀਸੀਆਈ ਅਤੇ ਪੀਸੀਏ ਵੱਲੋਂ ਰਾਹੁਲ ਦਰਾਵਿੜ ਨੇ ਵਿਰਾਟ ਕੋਹਲੀ ਦੇ 100ਵੇਂ ਟੈਸਟ ਮੈਚ ਉੱਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਵੱਡੇ ਭਰਾ ਵਿਕਾਸ ਕੋਹਲੀ ਤੋਂ ਇਲਾਵਾ ਕੋਚ ਰਾਜ ਕੁਮਾਰ ਸ਼ਰਮਾ ਵੀ ਮੌਜੂਦ ਸਨ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਅਤੇ ਖਜ਼ਾਨਚੀ ਅਰੁਣ ਧੂਮਲ ਅਤੇ ਮੀਤ ਪ੍ਰਧਾਨ ਰਾਜੀਵ ਸ਼ੁਕਲਾ ਵੀ ਹਾਜ਼ਰ ਸਨ। ਪੀਸੀਏ ਦੇ ਪ੍ਰਧਾਨ ਰਾਜਿੰਦਰ ਗੁਪਤਾ ਨੇ ਸਾਰਿਆਂ ਦਾ ਸਵਾਗਤ ਕੀਤਾ।



Most Read

2024-09-20 09:43:08