World >> The Tribune


ਰੂਸ ਦੇ ਹਵਾਈ ਹਮਲੇ ਿਵੱਚ 35 ਯੂਕਰੇਨੀ ਨਾਗਰਿਕ ਹਲਾਕ


Link [2022-03-14 15:37:29]



ਲਵੀਵ: ਪੋਲੈਂਡ ਦੀ ਸਰਹੱਦ ਨਾਲ ਲੱਗਦੇ ਪੱਛਮੀ ਯੂਕਰੇਨ ਵਿਚ ਸਥਿਤ ਇਕ ਫ਼ੌਜੀ ਸਿਖਲਾਈ ਅੱਡੇ 'ਤੇ ਰੂਸ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਵਿਚ 35 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 134 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਇਕ ਸਥਾਨਕ ਅਧਿਕਾਰੀ ਨੇ ਦਿੱਤੀ। ਅਧਿਕਾਰੀਆਂ ਮੁਤਾਬਕ ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਮਾਸਕੋ ਨੇ ਯੂਕਰੇਨ ਦੀ ਮਦਦ ਲਈ ਉੱਥੇ ਭੇਜੇ ਜਾਣ ਵਾਲੇ ਵਿਦੇਸ਼ੀ ਹਥਿਆਰਾਂ ਦੀ ਖੇਪ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਸੀ। ਲਵੀਵ ਖੇਤਰ ਦੇ ਗਵਰਨਰ ਮੈਕਸਿਮ ਕੋਜ਼ੀਤਸਕੀ ਨੇ ਦੱਸਿਆ ਕਿ ਲਵੀਵ ਸ਼ਹਿਰ ਤੋਂ 30 ਕਿਲੋਮੀਟਰ ਦੂਰ ਅਤੇ ਪੋਲੈਂਡ ਦੇ ਨਾਲ ਲੱਗਦੀ ਯੂਕਰੇਨ ਦੀ ਸਰਹੱਦ ਤੋਂ 25 ਕਿਲੋਮੀਟਰ ਦੂਰ ਸਥਿਤ ਯਾਵੋਰਿਵ ਫ਼ੌਜੀ ਰੇਂਜ 'ਤੇ ਰੂਸੀ ਬਲਾਂ ਨੇ 30 ਕਰੂਜ਼ ਮਿਜ਼ਾਈਲਾਂ ਦਾਗੀਆਂ। ਇਸ ਹਮਲੇ ਵਿਚ ਘੱਟੋ-ਘੱਟ 35 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 134 ਵਿਅਕਤੀ ਜ਼ਖ਼ਮੀ ਹੋ ਗਏ। ਇਸ ਹਮਲੇ ਨਾਲ ਜੰਗ ਪੋਲੈਂਡ ਨਾਲ ਲੱਗਦੀ ਸਰਹੱਦ ਦੇ ਨੇੜੇ ਤੱਕ ਪਹੁੰਚ ਚੁੱਕੀ ਹੈ। ਇਕ ਸੀਨੀਅਰ ਰੂਸੀ ਰਾਜਦੂਤ ਨੇ ਚਿਤਾਵਨੀ ਦਿੱਤੀ ਹੈ ਕਿ ਯੂਕਰੇਨ ਲਈ ਹਥਿਆਰ ਅਤੇ ਹੋਰ ਫ਼ੌਜੀ ਸਾਮਾਨ ਲੈ ਕੇ ਜਾ ਰਹੇ ਵਿਦੇਸ਼ੀ ਜਹਾਜ਼ ਰੂਸੀ ਬਲਾਂ ਦੇ ਨਿਸ਼ਾਨੇ 'ਤੇ ਹੋਣਗੇ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਨਾਟੋ ਵੱਲੋਂ ਯੂਕਰੇਨ ਦੇ ਫ਼ੌਜੀ ਜਵਾਨਾਂ ਨੂੰ ਸਿਖਲਾਈ ਦੇਣ ਲਈ ਨਿਯਮਤ ਤੌਰ 'ਤੇ ਇਸ ਫ਼ੌਜੀ ਰੇਂਜ ਵਿਚ ਇੰਸਟਰੱਕਟਰ ਭੇਜੇ ਜਾਂਦੇ ਹਨ। ਇਸ ਰੇਂਜ ਨੂੰ ਕੌਮਾਂਤਰੀ ਸ਼ਾਂਤੀ ਰੱਖਿਅਕ ਅਤੇ ਸੁਰੱਖਿਆ ਕੇਂਦਰ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਰੇਂਜ ਵਿਚ ਨਾਟੋ ਦੇ ਕੌਮਾਂਤਰੀ ਪੱਧਰੀ ਅਭਿਆਸ ਵੀ ਹੁੰਦੇ ਹਨ। ਰੂਸੀ ਲੜਾਕਿਆਂ ਵੱਲੋਂ ਯੂਕਰੇਨ ਦੀ ਸਲੋਵਾਕੀਆ ਅਤੇ ਹੰਗਰੀ ਨਾਲ ਲੱਗਦੀ ਸਰਹੱਦ ਤੋਂ 250 ਕਿਲੋਮੀਟਰ ਦੂਰ ਪੱਛਮੀ ਯੂਕਰੇਨ ਵਿਚ ਸਥਿਤ ਸ਼ਹਿਰ ਇਵਾਨੋ-ਫਰੈਂਕਿਵਸਕ 'ਚ ਇਕ ਹਵਾਈ ਅੱਡ 'ਤੇ ਵੀ ਗੋਲਾਬਾਰੀ ਕੀਤੀ ਗਈ। ਮੇਅਰ ਰੁਸਲਾਨ ਮਾਰਟਸਿੰਕਿਵੀ ਨੇ ਕਿਹਾ ਕਿ ਅਜਿਹੇ ਹਮਲੇ ਕਰ ਕੇ ਰੂਸ ਡਰ ਤੇ ਸਹਿਮ ਪੈਦਾ ਕਰਨਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਹਵਾਈ ਅੱਡੇ 'ਤੇ ਨਾਗਰਿਕ ਉਡਾਣਾਂ ਲਈ ਰਨਵੇਅ ਦੇ ਨਾਲ-ਨਾਲ ਫ਼ੌਜੀ ਹਵਾਈ ਪੱਟੀ ਵੀ ਮੌਜੂਦ ਸੀ। -ਏਪੀ



Most Read

2024-09-21 03:15:08