Breaking News >> News >> The Tribune


ਯੂਪੀ ’ਚ 34 ਮੁਸਲਿਮ ਉਮੀਦਵਾਰ ਵਿਧਾਨ ਸਭਾ ਪਹੁੰਚੇ


Link [2022-03-12 16:20:49]



ਲਖਨਊ, 11 ਮਾਰਚ

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਇਸ ਵਾਰ 34 ਮੁਸਲਿਮ ਉਮੀਦਵਾਰ ਕਾਮਯਾਬ ਹੋਏ ਹਨ ਜਿਨ੍ਹਾਂ ਦੀ ਗਿਣਤੀ ਪਿਛਲੀਆਂ ਚੋਣਾਂ ਦੇ ਮੁਕਾਬਲੇ 'ਚ 10 ਜ਼ਿਆਦਾ ਹੈ। ਇਹ ਆਗੂ ਸਮਾਜਵਾਦੀ ਪਾਰਟੀ ਅਤੇ ਉਸ ਦੇ ਭਾਈਵਾਲਾਂ ਵੱਲੋਂ ਮੈਦਾਨ 'ਚ ਉਤਾਰੇ ਗਏ ਸਨ। ਬਸਪਾ, ਕਾਂਗਰਸ ਅਤੇ ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲਮੀਨ ਵੱਲੋਂ ਕਈ ਮੁਸਲਿਮ ਉਮੀਦਵਾਰਾਂ ਨੂੰ ਚੋਣ ਲੜਾਈ ਗਈ ਸੀ ਪਰ ਉਹ ਚੋਣ ਜਿੱਤ ਨਹੀਂ ਸਕੇ। ਭਾਜਪਾ ਦੀ ਗੱਠਜੋੜ ਪਾਰਟੀ ਅਪਨਾ ਦਲ (ਸੋਨੇਲਾਲ) ਨੇ ਹੈਦਰ ਅਲੀ ਖ਼ਾਨ ਨੂੰ ਰਾਮਪੁਰ ਦੀ ਸਵਾਰ ਸੀਟ ਤੋਂ ਚੋਣ ਲੜਵਾਈ ਸੀ ਪਰ ਉਹ ਸਮਾਜਵਾਦੀ ਪਾਰਟੀ ਦੇ ਅਬਦੁੱਲਾ ਆਜ਼ਮ ਖ਼ਾਨ ਤੋਂ 61 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਹਾਰ ਗਿਆ। ਸਿਆਸੀ ਮਾਹਿਰ ਰਾਜੇਂਦਰ ਦਿਵੇਦੀ ਨੇ ਕਿਹਾ ਕਿ ਮੁਸਲਿਮ ਉਮੀਦਵਾਰ ਸਿਰਫ਼ ਭਾਈਚਾਰੇ ਦੇ ਵੋਟਾਂ ਦੀ ਹਮਾਇਤ ਨਾਲ ਹੀ ਚੋਣ ਨਹੀਂ ਜਿੱਤ ਸਕਦੇ ਹਨ। ਉਨ੍ਹਾਂ ਨੂੰ ਪਾਰਟੀਆਂ ਦੇ ਵੋਟ ਬੈਂਕ 'ਤੇ ਵੀ ਨਿਰਭਰ ਰਹਿਣਾ ਪੈਂਦਾ ਹੈ। ਉਨ੍ਹਾਂ ਸਮਾਜਵਾਦੀ ਪਾਰਟੀ ਦੇ ਵੋਟ ਬੈਂਕ ਯਾਦਵ ਦੀ ਮਿਸਾਲ ਦਿੰਦਿਆਂ ਕਿਹਾ ਕਿ ਮੁਸਲਿਮ-ਯਾਦਵ ਗੱਠਜੋੜ ਕਾਰਨ ਮੁਸਲਮਾਨ ਉਮੀਦਵਾਰਾਂ ਦੀ ਜਿੱਤ ਯਕੀਨੀ ਬਣੀ। ਉਨ੍ਹਾਂ ਕਿਹਾ,''ਮੁਸਲਮਾਨਾਂ ਨੂੰ ਮਹਿਸੂਸ ਹੋਣ ਲੱਗ ਪਿਆ ਸੀ ਕਿ ਸਿਰਫ਼ ਸਮਾਜਵਾਦੀ ਪਾਰਟੀ ਹੀ ਭਾਜਪਾ ਨੂੰ ਹਰਾ ਸਕਦੀ ਹੈ। ਕਾਂਗਰਸ ਦਾ ਆਪਣਾ ਵੋਟ ਬੈਂਕ ਨਹੀਂ ਸੀ ਅਤੇ ਉਨ੍ਹਾਂ ਦੇ ਉਮੀਦਵਾਰਾਂ ਦੀ ਜਿੱਤ ਦਾ ਕੋਈ ਮੌਕਾ ਨਹੀਂ ਸੀ।'' ਏਆਈਐੱਮਆਈਐੱਮ ਦੀ ਮਾੜੀ ਕਾਰਗੁਜ਼ਾਰੀ ਬਾਰੇ ਉਰਦੂ ਅਖ਼ਬਾਰ ਦੇ ਹਿਸ਼ਾਮ ਸਿੱਦੀਕੀ ਨੇ ਕਿਹਾ ਕਿ ਯੂਪੀ ਦੇ ਮੁਸਲਮਾਨ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਿਰਫ਼ ਮੁਸਲਿਮ ਵੋਟਾਂ 'ਤੇ ਨਿਰਭਰ ਰਹਿ ਕੇ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ ਹਨ। 'ਇਸ ਕਾਰਨ ਉਹ ਅਸਦ-ਉਦ-ਦੀਨ ਓਵਾਇਸੀ ਦੀਆਂ ਗੱਲਾਂ 'ਚ ਨਹੀਂ ਆਏ ਅਤੇ ਪਾਰਟੀ ਉਮੀਦਵਾਰਾਂ ਨੂੰ ਅਣਗੌਲਿਆ ਕਰ ਦਿੱਤਾ।' ਏਆਈਐੱਮਆਈਐੱਮ ਦਾ ਵੋਟ ਸ਼ੇਅਰ ਸਿਰਫ਼ 0.49 ਫੀਸਦ ਹੀ ਰਿਹਾ। -ਪੀਟੀਆਈ



Most Read

2024-09-22 01:01:41