World >> The Tribune


ਹਾਫ਼ਿਜ਼ ਸਈਦ ਨੂੰ ਦੋ ਹੋਰ ਕੇਸਾਂ ’ਚ 32 ਸਾਲ ਕੈਦ


Link [2022-04-09 14:35:31]



ਲਾਹੌਰ: ਪਾਕਿਸਤਾਨ ਵਿਚ ਅਤਿਵਾਦ ਵਿਰੋਧੀ ਅਦਾਲਤ ਨੇ ਅੱਜ ਮੁੰਬਈ ਦਹਿਸ਼ਤਗਰਦ ਹਮਲੇ ਦੇ ਮੁੱਖ ਸਾਜ਼ਿਸ਼ਕਰਤਾ ਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਨੂੰ ਦਹਿਸ਼ਤੀ ਗਤੀਵਿਧੀਆਂ ਲਈ ਪੈਸਾ ਮੁਹੱਈਆ ਕਰਾਉਣ ਦੇ ਦੋਸ਼ ਹੇਠ ਦੋ ਹੋਰ ਮਾਮਲਿਆਂ ਵਿਚ 32 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਅਜਿਹੇ ਪੰਜ ਮਾਮਲਿਆਂ ਵਿਚ 70 ਸਾਲਾ ਕੱਟੜਵਾਦੀ ਮੌਲਵੀ ਨੂੰ 36 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਉਸ ਨੂੰ ਮਿਲੀ 68 ਸਾਲ ਕੈਦ ਦੀ ਕੁੱਲ ਸਜ਼ਾ ਨਾਲੋ-ਨਾਲ ਚੱਲੇਗੀ। ਇਕ ਕਾਨੂੰਨੀ ਮਾਹਿਰ ਨੇ ਦੱਸਿਆ ਕਿ ਸੰਭਵ ਹੈ ਕਿ ਸਈਦ ਨੂੰ ਜ਼ਿਆਦਾ ਸਾਲ ਜੇਲ੍ਹ ਵਿਚ ਨਾ ਬਿਤਾਉਣੇ ਪੈਣ ਕਿਉਂਕਿ ਉਸ ਦੀ ਸਜ਼ਾ ਨਾਲ-ਨਾਲ ਚੱਲੇਗੀ। ਅਦਾਲਤ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਜ ਏਟੀਸੀ ਦੇ ਜੱਜ ਐਜਾਜ਼ ਅਹਿਮਦ ਭੁੱਟਰ ਨੇ ਪੰਜਾਬ ਪੁਲੀਸ ਵੱਲੋਂ ਦਰਜ ਦੋ ਐਫਆਈਆਰਜ਼ ਵਿਚ ਸਈਦ ਨੂੰ 32 ਸਾਲ ਕੈਦ ਦੀ ਸਜ਼ਾ ਸੁਣਾਈ। ਇਸ ਤੋਂ ਪਹਿਲਾਂ ਵੀ ਸਾਢੇ 15 ਸਾਲ ਤੇ ਸਾਢੇ 16 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਅਦਾਲਤ ਨੇ ਸਈਦ ਉਤੇ ਜੁਰਮਾਨਾ ਵੀ ਲਾਇਆ ਹੈ। ਉਨ੍ਹਾਂ ਕਿਹਾ ਕਿ ਸਈਦ ਨੂੰ ਲਾਹੌਰ ਦੀ ਕੋਟ ਲਖਪਤ ਜੇਲ੍ਹ ਤੋਂ ਅਦਾਲਤ ਲਿਆਂਦਾ ਗਿਆ ਜਿੱਥੇ ਉਹ 2019 ਤੋਂ ਕਰੜੀ ਸੁਰੱਖਿਆ ਹੇਠ ਕੈਦ ਹੈ। ਸੰਯੁਕਤ ਰਾਸ਼ਟਰ ਵੱਲੋਂ ਸਈਦ ਨੂੰ ਅਤਿਵਾਦੀ ਐਲਾਨਿਆ ਗਿਆ ਹੈ ਤੇ ਅਮਰੀਕਾ ਨੇ ਉਸ ਉਤੇ ਇਕ ਕਰੋੜ ਡਾਲਰ ਦਾ ਇਨਾਮ ਰੱਖਿਆ ਸੀ। ਉਸ ਨੂੰ ਜੁਲਾਈ 2019 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। -ਪੀਟੀਆਈ



Most Read

2024-09-20 13:55:13