Breaking News >> News >> The Tribune


ਭਾਰਤ ਵਿੱਚ 3.2 ਲੱਖ ਕਰੋੜ ਨਿਵੇਸ਼ ਕਰੇਗਾ ਜਪਾਨ


Link [2022-03-20 08:34:01]



ਨਵੀਂ ਦਿੱਲੀ, 19 ਮਾਰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਹੋਈ ਦੁਵੱਲੀ ਵਾਰਤਾ ਤੋਂ ਬਾਅਦ ਜਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ੀਦਾ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਮੁਲਕ ਆਉਂਦੇ ਪੰਜ ਸਾਲਾਂ ਦੌਰਾਨ ਭਾਰਤ ਵਿੱਚ 3.2 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਦੋਵਾਂ ਮੁਲਕਾਂ ਨੇ ਦੁਵੱਲੇ ਸਬੰਧ ਮਜ਼ਬੂਤ ਕਰਨ ਲਈ ਵੱਖ ਵੱਖ ਖੇਤਰਾਂ ਨਾਲ ਸਬੰਧਤ ਛੇ ਸਮਝੌਤੇ ਵੀ ਸਹੀਬੰਦ ਕੀਤੇ ਹਨ। ਇਸ ਤੋਂ ਬਾਅਦ ਦੋਵਾਂ ਮੁਲਕਾਂ ਨੇ ਸਵੱਛ ਊਰਜਾ ਭਾਈਵਾਲੀ ਦਾ ਐਲਾਨ ਵੀ ਕੀਤਾ।

ਪੱਤਰਕਾਰ ਸੰਮੇਲਨ ਦੌਰਾਨ ਸਾਂਝਾ ਬਿਆਨ ਜਾਰੀ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਜਪਾਨ ਵਿਚਾਲੇ ਸਬੰਧ ਮਜ਼ਬੂਤ ਹੋਣ ਦਾ ਫਾਇਦਾ ਸਿਰਫ਼ ਦੋਵਾਂ ਮੁਲਕਾਂ ਨੂੰ ਹੀ ਨਹੀਂ ਮਿਲੇਗਾ ਬਲਕਿ ਇਸ ਨਾਲ ਹਿੰਦ-ਪ੍ਰਸ਼ਾਂਤ ਖੇਤਰ 'ਚ ਅਮਨ, ਖੁਸ਼ਹਾਲੀ ਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ 'ਚ ਵੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਭਾਰਤ ਤੇ ਜਪਾਨ ਸੁਰੱਖਿਅਤ, ਭਰੋਸੇਯੋਗ, ਸੰਭਾਵਨਾਵਾਂ ਭਰਪੂਰ ਤੇ ਸਥਿਰ ਊਰਜਾ ਸਪਲਾਈ ਦੀ ਅਹਿਮੀਅਤ ਸਮਝਦੇ ਹਨ ਅਤੇ ਦੋਵੇਂ ਧਿਰਾਂ ਇਸ ਲਈ ਸਹਿਯੋਗ ਦੇਣ ਲਈ ਵਚਨਬੱਧ ਹਨ। ਜਪਾਨ ਦੇ ਪ੍ਰਧਾਨ ਮੰਤਰੀ ਕਿਸ਼ੀਦਾ ਨੇ ਕਿਹਾ, 'ਅਸੀਂ ਯੂਕਰੇਨ 'ਤੇ ਰੂਸ ਵੱਲੋਂ ਕੀਤੇ ਗਏ ਹਮਲੇ ਬਾਰੇ ਵੀ ਚਰਚਾ ਕੀਤੀ ਹੈ ਤੇ ਮਾਸਕੋ ਦੀ ਕਾਰਵਾਈ ਨੂੰ ਗੰਭੀਰ ਮਸਲਾ ਹੈ ਜਿਸ ਨੇ ਕੌਮਾਂਤਰੀ ਨਿਯਮਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।' ਉਨ੍ਹਾਂ ਕਿਹਾ ਕਿ ਕਿਸੇ ਸਥਿਤੀ ਨੂੰ ਬਦਲਣ ਨੂੰ ਇੱਕਪਾਸੜ ਕੋਸ਼ਿਸ਼ਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਕਿਸ਼ੀਦਾ ਬਾਅਦ ਦੁਪਹਿਰ 3.40 ਵਜੇ ਉੱਚ ਪੱਧਰੀ ਵਫ਼ਦ ਨਾਲ ਇੱਥੇ ਪਹੁੰਚੇ। ਜਪਾਨੀ ਸਰਕਾਰ ਦੇ ਮੁਖੀ ਵਜੋਂ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਸ਼ੀਦਾ ਨੂੰ ਕਿ੍ਰਸ਼ਨ ਪੰਖੀ ਤੋਹਫੇ ਵਜੋਂ ਭੇਟ ਕੀਤੀ, ਜਿਸ 'ਚ ਭਗਵਾਨ ਕਿ੍ਰਸ਼ਨ ਦੇ ਵੱਖ ਵੱਖ ਰੂਪ ਦਿਖਾੲੇ। -ਪੀਟੀਆਈ

ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਵਿਚਾਰਾਂ

ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ, 'ਪ੍ਰਧਾਨ ਮੰਤਰੀ ਮੋਦੀ, ਜਪਾਨ ਨਾਲ ਦੋਸਤੀ ਨੂੰ ਮਜ਼ਬੂਤੀ ਦੇ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਤੇ ਕਿਸ਼ੀਦਾ ਵਿਚਾਲੇ ਦਿੱਲੀ 'ਚ ਉਸਾਰੂ ਗੱਲਬਾਤ ਹੋਈ। ਦੋਵਾਂ ਆਗੂਆਂ ਨੇ ਦੋਵਾਂ ਮੁਲਕਾਂ ਵਿਚਾਲੇ ਆਰਥਿਕ ਤੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਵਿਚਾਰ ਚਰਚਾ ਕੀਤੀ।' ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਮੋਦੀ ਤੇ ਕਿਸ਼ੀਦਾ ਵਿਚਾਲੇ ਵਾਰਤਾ ਦੇ ਏਜੰਡੇ 'ਚ ਬਹੁਪੱਖੀ ਦੁਵੱਲੇ ਸਬੰਧਾਂ ਤੋਂ ਇਲਾਵਾ ਆਪਸੀ ਹਿੱਤਾਂ ਦੇ ਖੇਤਰੀ ਤੇ ਆਲਮੀ ਮੁੱਦੇ ਵੀ ਸ਼ਾਮਲ ਸਨ।



Most Read

2024-09-22 06:32:21