Breaking News >> News >> The Tribune


ਕਾਂਗਰਸ ਦਾ ‘ਮਹਿੰਗਾਈ ਮੁਕਤ ਭਾਰਤ ਅਭਿਆਨ’ 31 ਤੋਂ


Link [2022-03-27 07:13:22]



ਨਵੀਂ ਦਿੱਲੀ, 26 ਮਾਰਚ

ਕਾਂਗਰਸ ਨੇ ਅਸਮਾਨੀ ਚੜ੍ਹ ਰਹੀਆਂ ਕੀਮਤਾਂ ਖ਼ਿਲਾਫ਼ ਤਿੰਨ ਪੜਾਵੀ ਮੁਹਿੰਮ 'ਮਹਿੰਗਾਈ ਮੁਕਤ ਭਾਰਤ ਅਭਿਆਨ ਤਹਿਤ 31 ਮਾਰਚ ਤੋਂ 7 ਅਪਰੈਲ ਤੱਕ ਦੇਸ਼ ਭਰ 'ਚ ਰੈਲੀਆਂ ਅਤੇ ਮਾਰਚ ਕੱਢਣ ਦਾ ਪ੍ਰੋਗਰਾਮ ਉਲੀਕਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਅਤੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਹਿੰਮ ਦੇ ਪਹਿਲੇ ਪੜਾਅ ਤਹਿਤ ਕਾਂਗਰਸ ਵਰਕਰ ਅਤੇ ਆਮ ਲੋਕ ਆਪਣੇ ਘਰਾਂ ਦੇ ਬਾਹਰ ਅਤੇ ਜਨਤਕ ਥਾਵਾਂ 'ਤੇ 31 ਮਾਰਚ ਨੂੰ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਲੋਕ ਐੱਲਪੀਜੀ ਸਿਲੰਡਰਾਂ ਨੂੰ ਮਾਲਾ ਪਹਿਨਾਉਣਗੇ, ਢੋਲ ਵਜਾਉਣਗੇ ਅਤੇ ਟੱਲੀਆਂ ਖੜਕਾਉਣਗੇ ਤਾਂ ਜੋ ਮਹਿੰਗਾਈ ਦੇ ਮੁੱਦੇ ਨੂੰ ਉਜਾਗਰ ਕਰਕੇ 'ਬੋਲੀ ਸਰਕਾਰ' ਦਾ ਕੁਕਿੰਗ ਗੈਸ, ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਖ਼ਿਲਾਫ਼ ਧਿਆਨ ਖਿੱਚਿਆ ਜਾ ਸਕੇ। ਸੁਰਜੇਵਾਲਾ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਨੇ ਪਾਰਟੀ ਜਨਰਲ ਸਕੱਤਰਾਂ ਅਤੇ ਸੂਬਿਆਂ ਦੇ ਇੰਚਾਰਜਾਂ ਨਾਲ ਮੀਟਿੰਗ ਕਰਕੇ ਤਿੰਨ ਪੜਾਵੀ ਮਹਿੰਗਾਈ ਮੁਕਤ ਭਾਰਤ ਅਭਿਆਨ ਦਾ ਪ੍ਰੋਗਰਾਮ ਉਲੀਕਿਆ ਹੈ। ਉਨ੍ਹਾਂ ਕਿਹਾ ਕਿ 2 ਤੋਂ 4 ਅਪਰੈਲ ਤੱਕ ਕਾਂਗਰਸ, ਐੱਨਜੀਓਜ਼, ਧਾਰਮਿਕ, ਸਮਾਜਿਕ ਅਤੇ ਰੈਜ਼ੀਡੈਂਟ ਵੈਲਫੇਅਰ ਜਥੇਬੰਦੀਆਂ ਨਾਲ ਮਿਲ ਕੇ ਦੇਸ਼ ਭਰ 'ਚ ਜ਼ਿਲ੍ਹਾ ਪੱਧਰ 'ਤੇ ਧਰਨੇ ਅਤੇ ਮਾਰਚ ਕੱਢੇਗੀ।

ਭਾਰਤੀ ਯੂਥ ਕਾਂਗਰਸ ਦੇ ਮੈਂਬਰ ਨਵੀਂ ਦਿੱਲੀ 'ਚ ਸ਼ਨਿਚਰਵਾਰ ਨੂੰ ਮਹਿੰਗਾਈ ਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਧਣ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦੇ ਹੋਏ। -ਫੋਟੋ: ਮੁਕੇਸ਼ ਅਗਰਵਾਲ

ਇਸੇ ਤਰ੍ਹਾਂ 7 ਅਪਰੈਲ ਨੂੰ ਪਾਰਟੀ ਵੱਲੋਂ ਸਾਰੇ ਸੰਗਠਨਾਂ ਨਾਲ ਮਿਲ ਕੇ ਪ੍ਰਦੇਸ਼ ਹੈੱਡਕੁਆਰਟਰਾਂ 'ਤੇ 'ਮਹਿੰਗਾਈ ਮੁਕਤ ਭਾਰਤ' ਧਰਨੇ ਅਤੇ ਮਾਰਚ ਕੱਢੇ ਜਾਣਗੇ। ਕਾਂਗਰਸ ਜਨਰਲ ਸਕੱਤਰਾਂ ਅਤੇ ਸੂਬਾ ਇੰਚਾਰਜਾਂ ਦੀ ਮੀਟਿੰਗ ਦੌਰਾਨ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਅਤੇ ਦੇਸ਼ ਦੇ ਮੌਜੂਦਾ ਸਿਆਸੀ ਹਾਲਾਤ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਕਾਂਗਰਸ ਦੇ ਜਨਰਲ ਸਕੱਤਰ (ਜਥੇਬੰਦਕ) ਕੇ ਸੀ ਵੇਣੂਗੋਪਾਲ ਨੇ ਇਥੇ ਪਾਰਟੀ ਹੈੱਡਕੁਆਰਟਰ 'ਤੇ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ 'ਚ ਪ੍ਰਿਯੰਕਾ ਗਾਂਧੀ ਵਾਡਰਾ, ਓਮਨ ਚਾਂਡੀ, ਮੁਕੁਲ ਵਾਸਨਿਕ, ਤਾਰਿਕ ਅਨਵਰ, ਰਣਦੀਪ ਸੁਰਜੇਵਾਲਾ, ਅਜੈ ਮਾਕਨ ਅਤੇ ਖਜ਼ਾਂਚੀ ਪਵਨ ਕੁਮਾਰ ਬਾਂਸਲ ਨੇ ਵੀ ਹਿੱਸਾ ਲਿਆ। ਇਹ ਮੀਟਿੰਗ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਨੂੰ ਮਿਲੀ ਨਮੋਸ਼ੀਜਨਕ ਹਾਰ ਦੇ ਕਾਰਨਾਂ ਦਾ ਪਤਾ ਲਾਉਣ ਲਈ ਕੀਤੀ ਗਈ ਹੈ। -ਪੀਟੀਆਈ



Most Read

2024-09-21 22:51:37