Breaking News >> News >> The Tribune


ਉੱਤਰਾਖੰਡ ਚੋਣਾਂ: ‘ਆਪ’ ਵੱਲੋਂ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ


Link [2022-02-12 06:13:58]



ਦੇਹਰਾਦੂਨ, 11 ਫਰਵਰੀ

ਮੁੱਖ ਅੰਸ਼

ਪਾਰਟੀ ਨੇ ਜਾਰੀ ਕੀਤਾ 'ਵਚਨ ਪੱਤਰ'

ਆਮ ਆਦਮੀ ਪਾਰਟੀ ਨੇ ਅੱਜ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਆਪਣੀ ਸਰਕਾਰ ਬਣਨ 'ਤੇ ਹਰ ਘਰ ਨੂੰ 300 ਯੂਨਿਟ ਬਿਜਲੀ ਮੁਫ਼ਤ ਦੇਣ, ਝੋਨੇ, ਕਣਕ ਤੇ ਗੰਨੇ ਦੇ ਐੱਮਐੱਸਪੀ 'ਚ ਵਾਧਾ ਅਤੇ ਉੱਤਰਾਖੰਡ ਦੀ ਰਾਜਧਾਨੀ ਪੱਕੇ ਤੌਰ 'ਤੇ ਗੈਰਸੈਣ ਨੂੰ ਬਣਾਉਣ ਦੇ ਵਾਅਦੇ ਕੀਤੇ ਹਨ।

ਉੱਤਰਕਾਸ਼ੀ 'ਚ ਪਾਰਟੀ ਦੇ ਮੈਨੀਫੈਸਟੋ 'ਵਚਨ ਪੱਤਰ' ਨੂੰ ਜਾਰੀ ਕਰਦਿਆਂ 'ਆਪ' ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਜੈ ਕੋਥਿਆਲ ਨੇ ਹਲਫ਼ਨਾਮੇ 'ਤੇ ਦਸਤਖ਼ਤ ਕੀਤੇ ਅਤੇ ਕਿਹਾ ਕਿ ਜੇਕਰ ਉਹ ਚੁਣੇ ਗਏ ਤਾਂ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਚੋਣ ਮਨੋਰਥ ਪੱਤਰ 'ਚ ਕੀਤੇ ਗਏ ਵਾਅਦਿਆਂ 'ਚੋਂ ਇਕ ਵੀ ਵਫ਼ਾ ਨਾ ਹੋਇਆ ਤਾਂ ਉਹ ਪਾਰਟੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ। ਉੱਤਰਾਖੰਡ 'ਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਅਹਿਦ ਸਮੇਤ ਸੂਬੇ ਦਾ ਬਜਟ ਪੰਜ ਸਾਲਾਂ 'ਚ ਦੁੱਗਣਾ ਕਰਨ ਦਾ ਵੀ ਵਾਅਦਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਹਿਲਾਵਾਂ ਦੀ ਭਲਾਈ ਲਈ ਵੱਖਰਾ ਬਜਟ ਰੱਖਣ, ਕਾਸ਼ੀਪੁਰ, ਰੁੜਕੀ, ਕੋਟਦਵਾਰ, ਡਿਡੀਹਾਟ, ਰਾਣੀਖੇਤ ਅਤੇ ਯਮੁਨੋਤਰੀ ਦੇ ਛੇ ਨਵੇਂ ਜ਼ਿਲ੍ਹੇ ਬਣਾਉਣ ਅਤੇ 18 ਸਾਲ ਤੋਂ ਉਪਰ ਦੀ ਹਰੇਕ ਮਹਿਲਾ ਨੂੰ ਇਕ-ਇਕ ਹਜ਼ਾਰ ਰੁਪਏ ਦੇਣ ਦੇ ਵਾਅਦੇ ਵੀ ਕੀਤੇ ਗਏ ਹਨ। 'ਆਪ' ਨੇ ਕਿਹਾ ਕਿ ਸੱਤਾ 'ਚ ਆਉਣ 'ਤੇ ਉਨ੍ਹਾਂ ਦੀ ਸਰਕਾਰ ਉੱਤਰਾਖੰਡ 'ਚ ਹਰ ਘਰ ਨੌਕਰੀ ਦੇਵੇਗੀ ਅਤੇ ਨੌਜਵਾਨਾਂ ਦੇ ਬੇਰੁਜ਼ਗਾਰ ਰਹਿਣ ਤੱਕ ਉਨ੍ਹਾਂ ਨੂੰ 5-5 ਹਜ਼ਾਰ ਰੁਪਏ ਮਾਸਿਕ ਭੱਤਾ ਦਿੱਤਾ ਜਾਵੇਗਾ।

ਉਨ੍ਹਾਂ ਸੂਬਾ ਬਣਾਉਣ ਲਈ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਰਕਾਰੀ ਨੌਕਰੀਆਂ 'ਚ ਰਾਖਵਾਂਕਰਨ ਦੇਣ, ਪਿੰਡਾਂ 'ਚ ਰਹਿੰਦੇ ਲੋਕਾਂ ਨੂੰ ਮੁਫ਼ਤ ਅਤੇ ਵਧੀਆ ਸਿਹਤ ਸਹੂਲਤਾਂ ਦੇਣ ਦਾ ਵੀ ਵਾਅਦਾ ਕੀਤਾ ਹੈ। ਪਾਰਟੀ ਨੇ ਮੈਨੀਫੈਸਟੋ 'ਚ ਪੁਲੀਸ ਕਰਮੀਆਂ ਨੂੰ 4600 ਰੁਪਏ ਦੀ ਗ੍ਰੇਡ ਤਨਖ਼ਾਹ ਦੇਣ, ਲੋਕਾਂ ਨੂੰ ਸੂਬੇ ਤੋਂ ਬਾਹਰ ਜਾਣ ਤੋਂ ਰੋਕਣ ਲਈ ਪੈਨਸ਼ਨ ਯੋਜਨਾ, ਹਥਿਆਰਬੰਦ ਬਲਾਂ 'ਚ ਭਰਤੀ ਲਈ ਇੰਸਟੀਚਿਊਟ ਬਣਾਉਣ ਅਤੇ ਉਸ ਦਾ ਨਾਮ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ ਮਰਹੂਮ ਬਿਪਿਨ ਰਾਵਤ ਦੇ ਨਾਮ 'ਤੇ ਰੱਖਣ ਦੇ ਵਾਅਦੇ ਵੀ ਕੀਤੇ ਗਏ ਹਨ। -ਪੀਟੀਆਈ



Most Read

2024-09-23 00:21:26