Breaking News >> News >> The Tribune


ਨਾਗਾਲੈਂਡ ਪੁਲੀਸ ਵੱਲੋਂ ਮੇਜਰ ਸਮੇਤ 30 ਜਵਾਨਾਂ ਖ਼ਿਲਾਫ਼ ਚਾਰਜਸ਼ੀਟ


Link [2022-06-12 13:26:01]



ਦੀਮਾਪੁਰ, 11 ਜੂਨ

ਨਾਗਾਲੈਂਡ ਪੁਲੀਸ ਨੇ ਪਿਛਲੇ ਸਾਲ 4 ਦਸੰਬਰ ਨੂੰ 13 ਆਮ ਨਾਗਰਿਕਾਂ ਦੀ ਹੱਤਿਆ ਲਈ 21 ਪੈਰਾ ਵਿਸ਼ੇਸ਼ ਬਲ ਦੇ ਇਕ ਮੇਜਰ ਸਮੇਤ 30 ਅਧਿਕਾਰੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਨ੍ਹਾਂ 'ਚ ਦੋ ਸੂਬੇਦਾਰ, ਅੱਠ ਹਵਲਦਾਰ, ਚਾਰ ਨਾਇਕ, ਛੇ ਲਾਂਸ ਨਾਇਕ ਅਤੇ ਨੌਂ ਪੈਰਾਟਰੂਪਰ ਸ਼ਾਮਲ ਹਨ। ਚਾਰਜਸ਼ੀਟ 'ਚ ਜਵਾਨਾਂ 'ਤੇ ਹੱਤਿਆ ਅਤੇ ਗ਼ੈਰ ਇਰਾਦਤਨ ਹੱਤਿਆ ਦੇ ਦੋਸ਼ ਲਾਏ ਗਏ ਹਨ। ਇਹ ਘਟਨਾ ਮੋਨ ਜਿਲ੍ਹੇ ਦੇ ਓਟਿੰਗ-ਤਿਰੂ ਇਲਾਕੇ 'ਚ ਵਾਪਰੀ ਸੀ। ਜਾਂਚ ਦੌਰਾਨ ਪਾਇਆ ਗਿਆ ਕਿ ਸਪੈਸ਼ਲ ਫੋਰਸ ਅਪਰੇਸ਼ਨ ਟੀਮ ਨੇ ਨੇਮਾਂ ਦੀ ਪਾਲਣਾ ਨਹੀਂ ਕੀਤੀ ਅਤੇ ਲੋਕਾਂ ਉਪਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਛੇ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਅਤੇ ਦੋ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਸਨ। ਇਸ ਮਗਰੋਂ ਹੋਈ ਹਿੰਸਾ 'ਚ ਇਕ ਪੈਰਾਟਰੂਪਰ ਦੀ ਮੌਤ ਹੋ ਗਈ ਸੀ ਅਤੇ 14 ਹੋਰ ਜਵਾਨ ਜ਼ਖ਼ਮੀ ਹੋ ਗਏ ਸਨ। ਮੇਜਰ ਨੇ ਰਾਤ 10 ਵਜੇ ਦੇ ਕਰੀਬ ਲੋਕਾਂ 'ਤੇ ਗੋਲੀਬਾਰੀ ਦੇ ਹੁਕਮ ਦਿੱਤੇ ਅਤੇ ਦੂਜੀ ਘਟਨਾ 'ਚ ਸਪੈਸ਼ਲ ਫੋਰਸ ਨੇ ਸੱਤ ਪਿੰਡ ਵਾਸੀ ਮਾਰ ਮੁਕਾਏ ਸਨ। ਨਾਗਾਲੈਂਡ ਦੇ ਡੀਜੀਪੀ ਟੀ ਜੌਹਨ ਲੌਂਗਕੁਮੇਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਟਿਜ਼ਿਤ ਪੁਲੀਸ ਸਟੇਸ਼ਨ ਕੇਸ ਓਟਿੰਗ ਘਟਨਾ ਨਾਲ ਸਬੰਧਤ ਹੈ ਜਿਥੇ ਅਤਿਵਾਦੀਆਂ ਲਈ ਘਾਤ ਲਗਾ ਕੇ ਬੈਠੇ ਜਵਾਨਾਂ ਨੇ ਆਮ ਨਾਗਰਿਕਾਂ ਨੂੰ ਮਾਰ ਮੁਕਾਇਆ ਸੀ। ਸੈਨਾ ਦੇ ਅਣਪਛਾਤੇ ਵਿਅਕਤੀਆਂ ਖ਼ਿਲਾਫ ਧਾਰਾਵਾਂ 302, 304 ਅਤੇ 34 ਤਹਿਤ ਮੁੜ ਤੋਂ ਕੇਸ ਦਰਜ ਕਰਕੇ ਇਸ ਦੀ ਜਾਂਚ ਵਿਸ਼ੇਸ਼ ਜਾਂਚ ਟੀਮ ਹਵਾਲੇ ਕਰ ਦਿੱਤੀ ਸੀ। ਡੀਜੀਪੀ ਨੇ ਕਿਹਾ ਕਿ ਜਾਂਚ ਮੁਕੰਮਲ ਕਰਕੇ ਚਾਰਜਸ਼ੀਟ 30 ਮਈ ਨੂੰ ਮੋਨ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ 'ਚ ਪੇਸ਼ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਫ਼ੌਜੀ ਮਾਮਲਿਆਂ ਬਾਰੇ ਵਿਭਾਗ ਕੋਲ ਇਨ੍ਹਾਂ ਜਵਾਨਾਂ ਦੀ ਸਜ਼ਾ ਦੀ ਮਨਜ਼ੂਰੀ ਲਈ ਰਿਪੋਰਟ ਭੇਜੀ ਗਈ ਅਤੇ ਜਿਸ ਦੀ ਉਡੀਕ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਘਟਨਾ ਮਗਰੋਂ ਮੋਨ ਕਸਬੇ 'ਚ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ ਸਨ ਅਤੇ ਨਾਗਾਲੈਂਡ 'ਚੋਂ ਅਫ਼ਸਪਾ ਹਟਾਉਣ ਦੀ ਮੰਗ ਜ਼ੋਰ ਫੜ ਗਈ ਸੀ। -ਪੀਟੀਆਈ



Most Read

2024-09-18 14:59:36