Breaking News >> News >> The Tribune


ਰਾਸ਼ਟਰਪਤੀ ਵੱਲੋਂ 29 ਮਹਿਲਾਵਾਂ ਦਾ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨ


Link [2022-03-09 07:34:37]



ਨਵੀਂ ਦਿੱਲੀ, 8 ਮਾਰਚ

ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਅੱਜ ਮਹਿਲਾ ਸ਼ਕਤੀਕਰਨ ਵਿਚ ਵਧੀਆ ਯੋਗਦਾਨ ਪਾਉਣ ਵਾਲੀਆਂ 29 ਮਹਿਲਾਵਾਂ ਨੂੰ 2020 ਅਤੇ 2021 ਲਈ ਨਾਰੀ ਸ਼ਕਤੀ ਪੁਰਸਕਾਰ ਪ੍ਰਦਾਨ ਕੀਤੇ ਗਏ। ਰਾਸ਼ਟਰਪਤੀ ਨੇ ਮਹਿਲਾਵਾਂ ਦੇ ਸ਼ਕਤੀਕਰਨ ਲਈ ਵਧੀਆ ਯੋਗਦਾਨ ਪਾਉਣ ਲਈ 29 ਮਹਿਲਾਵਾਂ ਨੂੰ 28 ਪੁਰਸਕਾਰ ਪ੍ਰਦਾਨ ਕੀਤੇ। ਇਨ੍ਹਾਂ ਵਿੱਚੋਂ 14 ਪੁਰਸਕਾਰ 2020 ਤੇ 14 ਹੋਰ ਪੁਰਸਕਾਰ 2021 ਲਈ ਦਿੱਤੇ ਗਏ। ਜ਼ਿਕਰਯੋਗ ਹੈ ਕਿ ਨਾਰੀ ਸ਼ਕਤੀ ਪੁਰਸਕਾਰ ਵਿਅਕਤੀਆਂ ਅਤੇ ਸੰਸਥਾਵਾਂ ਵੱਲੋਂ ਕੀਤੇ ਜਾਣ ਵਾਲੇ ਜ਼ਿਕਰਯੋਗ ਯੋਗਦਾਨ ਲਈ ਮਾਨਤਾ ਸਰੂਪ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੀ ਪਹਿਲ ਤਹਿਤ ਪ੍ਰਦਾਨ ਕੀਤੇ ਜਾਂਦੇ ਹਨ।

ਕੋਵਿਡ-19 ਮਹਾਮਾਰੀ ਕਾਰਨ ਬਣੇ ਹਾਲਾਤ ਕਰ ਕੇ 2020 ਦਾ ਪੁਰਸਕਾਰ ਸਮਾਰੋਹ 2021 ਵਿਚ ਨਹੀਂ ਸੀ ਹੋ ਸਕਿਆ। ਸਾਲ 2020 ਲਈ ਨਾਰੀ ਸ਼ਕਤੀ ਪੁਰਸਕਾਰ ਜੇਤੂਆਂ ਵਿਚ ਉੱਦਮਤਾ, ਖੇਤੀਬਾੜੀ, ਸਮਾਜਿਕ ਕੰਮਾਂ, ਕਲਾ, ਸ਼ਿਲਪਕਾਰੀ, ਸਟੈੱਮ (ਵਿਗਿਆਨ, ਤਕਾਲੋਜੀ, ਇੰਜਨੀਅਰਿੰਗ ਅਤੇ ਗਣਿਤ) ਅਤੇ ਜੰਗਲੀ ਜੀਵ ਸੁਰੱਖਿਆ ਦੇ ਖੇਤਰ ਵਿਚ ਕੰਮ ਕਰਨ ਵਾਲੀਆਂ ਔਰਤਾਂ ਸ਼ਾਮਲ ਹਨ।

ਸਾਲ 2021 ਲਈ ਨਾਰੀ ਸ਼ਕਤੀ ਪੁਰਸਕਾਰ ਜੇਤੂਆਂ ਵਿਚ ਭਾਸ਼ਾ-ਵਿਗਿਆਨ, ਉੱਦਮਤਾ, ਖੇਤੀਬਾੜੀ, ਸਮਾਜਿਕ ਕੰਮ, ਕਲਾ, ਸ਼ਿਲਪਕਾਰੀ, ਮਰਚੇਂਨ ਨੇਵੀ, ਸਟੈੱਮ, ਸਿੱਖਿਆ, ਸਾਹਿਤ, ਦਿਵਿਆਂਗਾਂ ਦੇ ਅਧਿਕਾਰਾਂ ਆਦਿ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ ਔਰਤਾਂ ਸ਼ਾਮਲ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮਾਂਤਰੀ ਮਹਿਲਾ ਦਿਵਸ ਦੀ ਪੂਰਬਲੀ ਸ਼ਾਮ ਸੋਮਵਾਰ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਮਹਿਲਾਵਾਂ ਨਾਲ ਮੁਲਾਕਾਤ ਕੀਤੀ ਸੀ। ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਸ਼ਖ਼ਸੀਅਤਾਂ ਵਿਚ ਮਰਚੇਂਟ ਨੇਵੀ ਦੀ ਕਪਤਾਨ ਰਾਧਿਕਾ ਮੈਨਨ, ਸਮਾਜਿਕ ਉੱਦਮੀ ਅਨੀਤਾ ਗੁਪਤਾ, ਜੈਵਿਕ ਖੇਤੀ ਕਰਨ ਵਾਲੀ ਕਬਾਇਲੀ ਕਾਰਕੁਨ ਊਸ਼ਾਬੇਨ ਦਿਨੇਸ਼ਭਾਈ ਵਸਾਵਾ, ਨਵੀਨਤਾ ਲਈ ਮਸ਼ਹੂਰ ਨਾਸਿਰਾ ਅਖ਼ਤਰ, ਇਨਟੈੱਲ ਇੰਡੀਆ ਦੀ ਮੁਖੀ ਨਿਵਰਤੀ ਰਾਏ, 'ਡਾਊਨ ਸਿੰਡਰੋਮ' ਨਾਲ ਪੀੜਤ ਕੱਥਕ ਡਾਂਸਰ ਸਾਇਲੀ ਨੰਦਕਿਸ਼ੋਰ ਅਗਵਾਨੇ, ਸੱਪਾਂ ਨੂੰ ਬਚਾਉਣ ਵਾਲੀ ਪਹਿਲੀ ਮਹਿਲਾ ਵਨੀਤਾ ਜਗਦੇਵ ਬੋਰਾਡੇ ਅਤੇ ਗਣਿਤ ਮਾਹਿਰ ਨੀਨਾ ਗੁਪਤਾ ਸ਼ਾਮਲ ਹਨ।

ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਸਾਰੀਆਂ ਔਰਤਾਂ ਪਰਿਵਾਰਕ ਪੱਧਰ 'ਤੇ ਫ਼ੈਸਲਾ ਲੈਣ ਦੀ ਪ੍ਰਕਿਰਿਆ ਦਾ ਹਿੱਸਾ ਬਣਨ, ਜੋ ਉਨ੍ਹਾਂ ਦੇ ਆਰਥਿਕ ਸ਼ਕਤੀਕਰਨ ਦੇ ਨਤੀਜੇ ਵਜੋਂ ਸੰਭਵ ਹੋਵੇਗਾ। -ਪੀਟੀਆਈ



Most Read

2024-09-22 12:23:17