World >> The Tribune


ਆਸਟਰੇਲੀਆ ਵੱਲੋਂ ਭਾਰਤ ਨੂੰ 28 ਕਰੋੜ ਡਾਲਰ ਦੇਣ ਦਾ ਐਲਾਨ


Link [2022-03-26 02:20:30]



ਹਰਜੀਤ ਲਸਾੜਾ

ਬ੍ਰਿਸਬਨ, 24 ਮਾਰਚ

ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਭਾਰਤ-ਆਸਟਰੇਲੀਆ ਵਰਚੁਅਲ ਸੰਮੇਲਨ ਦੌਰਾਨ ਭਾਰਤ ਨਾਲ ਵੱਡੇ ਪੱਧਰ 'ਤੇ ਸਹਿਯੋਗ ਵਧਾਉਣ ਅਤੇ ਦੁਵੱਲੇ ਸਬੰਧਾਂ ਵਿੱਚ ਮਜ਼ਬੂਤੀ ਲਿਆਉਣ ਲਈ 28 ਕਰੋੜ (280 ਮਿਲੀਅਨ) ਡਾਲਰ ਦੇ ਨਿਵੇਸ਼ ਪੈਕਜ ਦਾ ਐਲਾਨ ਕੀਤਾ ਹੈ। ਮੌਰੀਸਨ ਨੇ ਕਿਹਾ, "ਦੋਹਾਂ ਮੁਲਕਾਂ ਨੇ ਰੱਖਿਆ, ਸਮੁੰਦਰੀ ਸਹਿਯੋਗ, ਵਿਗਿਆਨ, ਤਕਨਾਲੋਜੀ ਅਤੇ ਸਵੱਛ ਊਰਜਾ ਖ਼ੇਤਰਾਂ ਵਿੱਚ ਕਾਫ਼ੀ ਸਹਿਯੋਗ ਕੀਤਾ ਹੈ ਅਤੇ ਮਹਾਮਾਰੀ ਮਗਰੋਂ ਇਸ ਤੋਂ ਉਭਰਨ ਵਿੱਚ ਵੀ ਅਸੀਂ ਇਕੱਠੇ ਕੰਮ ਕਰਾਂਗੇ।'' ਆਸਟਰੇਲੀਆ ਨੇ ਦੁਵੱਲੇ ਰਣਨੀਤਕ ਖੋਜ ਫੰਡ ਨੂੰ ਵਧਾਉਣ ਲਈ 1.72 ਕਰੋੜ (17.2 ਮਿਲੀਅਨ) ਡਾਲਰ, ਸਵੱਛ ਉਦਯੋਗ ਵਿਗਿਆਨ, ਖਣਿਜਾਂ, ਊਰਜਾ ਖੋਜ, ਉਤਪਾਦਨ ਅਤੇ ਵਪਾਰੀਕਰਨ 'ਤੇ ਸਹਿਯੋਗ ਲਈ 3.57 ਕਰੋੜ (35.7 ਮਿਲੀਅਨ) ਡਾਲਰ ਅਤੇ ਭਾਰਤ ਨਾਲ ਪੁਲਾੜ ਖੋਜ ਸਹਿਯੋਗ ਲਈ 2.52 ਕਰੋੜ (25.2 ਮਿਲੀਅਨ) ਡਾਲਰ ਨਿਵੇਸ਼ ਕਰਨ ਲਈ ਵੀ ਵਚਨਬੱਧਤਾ ਪ੍ਰਗਟਾਈ ਹੈ। ਦੋਵਾਂ ਦੇਸ਼ਾਂ ਦਰਮਿਆਨ ਵਿੱਦਿਅਕ, ਵਪਾਰ ਅਤੇ ਪੇਸ਼ੇਵਰ ਯੋਗਤਾਵਾਂ ਦੀ ਸਾਂਝੀ ਮਾਨਤਾ ਲਈ ਟਾਸਕ ਫੋਰਸ ਬਣਾਉਣ ਦਾ ਵੀ ਐਲਾਨ ਕੀਤਾ ਗਿਆ ਹੈ। ਸਿੱਖਿਆ ਤੇ ਯੁਵਾ ਮਾਮਲਿਆਂ ਦੇ ਕਾਰਜਕਾਰੀ ਮੰਤਰੀ ਸਟੂਅਰਟ ਰੌਬਰਟ ਮੁਤਾਬਕ, ਇਹ ਟਾਸਕ ਫ਼ੋਰਸ ਦੋਵਾਂ ਦੇਸ਼ਾਂ ਦੇ ਗ੍ਰੈਜੂਏਟਾਂ ਨੂੰ ਆਪਣੀਆਂ ਯੋਗਤਾਵਾਂ ਦਿਖਾਉਣ ਲਈ ਰਾਹ ਪੱਧਰਾ ਕਰੇਗੀ। ਆਸਟਰੇਲੀਆ ਦੇ ਵਪਾਰ ਮੰਤਰੀ ਡੈਨ ਟੇਹਾਨ ਨੇ ਭਾਰਤੀ ਆਰਥਿਕ ਰਣਨੀਤੀ-2035 ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇੱਥੇ ਬਹੁਤੇ ਭਾਰਤੀ ਉੱਚ-ਸਿੱਖਿਆ ਪ੍ਰਾਪਤ ਹਨ ਅਤੇ ਬਹੁਤ ਸਾਰੇ ਅਹਿਮ ਖ਼ੇਤਰਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

ਆਸਟਰੇਲੀਆ ਜਾਣ ਵਾਲੇ ਯਾਤਰੀਆਂ ਨੂੰ ਕਰੋਨਾ ਟੈਸਟਿੰਗ ਤੋਂ ਮਿਲ ਸਕਦੀ ਹੈ ਰਾਹਤ

ਆਸਟਰੇਲਿਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਹੈ ਕਿ ਦੇਸ਼ ਵਿੱਚ ਕਰੋਨਾ ਪਾਬੰਦੀਆਂ ਵਿੱਚ ਵਧੇਰੇ ਢਿੱਲਾਂ ਦੇ ਮੱਦੇਨਜ਼ਰ ਹੁਣ ਕੌਮਾਂਤਰੀ ਯਾਤਰੀਆਂ ਲਈ ਜਲਦੀ ਹੀ ਪ੍ਰੀ-ਡਿਪਾਰਚਰ ਟੈਸਟਿੰਗ ਜ਼ਰੂਰਤਾਂ ਖ਼ਤਮ ਕੀਤੀਆਂ ਜਾ ਸਕਦੀਆਂ ਹਨ। ਇਸ ਸਮੇਂ ਯਾਤਰੀਆਂ ਕੋਲ ਆਸਟਰੇਲੀਆ ਜਾਣ ਤੋਂ ਪਹਿਲਾਂ ਕਰੋਨਾ ਦੀ ਨੈਗੇਟਿਵ ਰਿਪੋਰਟ ਹੋਣੀ ਲਾਜ਼ਮੀ ਹੈ, ਚਾਹੇ ਉਨ੍ਹਾਂ ਨੇ ਵੈਕਸੀਨ ਦੀਆਂ ਪੂਰੀਆਂ ਖ਼ੁਰਾਕਾਂ ਲਈਆਂ ਹੋਣ। ਉਨ੍ਹਾਂ ਮੁਤਾਬਕ, ਸਿਹਤ ਮੰਤਰੀ ਗ੍ਰੇਗ ਹੰਟ ਇਸ ਸਬੰਧੀ ਜਲਦ ਹੀ ਐਲਾਨ ਕਰਨਗੇ। ਆਸਟਰੇਲੀਆ ਵਿੱਚ ਕਰੋਨਾ ਦੇ ਮਾਮਲੇ ਵਧ ਰਹੇ ਹਨ। ਕੁਈਨਜ਼ਲੈਂਡ ਸੂਬੇ ਵਿੱਚ 10,476 ਨਵੇਂ ਕਰੋਨਾ ਮਾਮਲੇ ਆੲੇ ਹਨ, ਜਦੋਂਕਿ ਸੱਤ ਮੌਤਾਂ ਹੋਈਆਂ ਹਨ। ਕਰੋਨਾ ਦੇ 252 ਮਰੀਜ਼ ਹਸਪਤਾਲ ਵਿੱਚ ਦਾਖ਼ਲ ਹਨ ਅਤੇ ਸੱਤ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਨਿਊ ਸਾਊਥ ਵੇਲਜ਼ ਨੇ 1,162 ਮਰੀਜ਼ਾਂ ਦੀ ਰਿਪੋਰਟ ਕੀਤੀ ਹੈ, ਜਿਨ੍ਹਾਂ ਵਿੱਚੋਂ 44 ਮਰੀਜ਼ ਆਈਸੀਯੂ ਵਿੱਚ ਹਨ।



Most Read

2024-09-20 21:43:44