Sport >> The Tribune


ਐਸ਼ ਬਾਰਟੀ ਵੱਲੋਂ 25 ਸਾਲ ਦੀ ਉਮਰ ’ਚ ਟੈਨਿਸ ਤੋਂ ਸੰਨਿਆਸ


Link [2022-03-24 09:35:32]



ਬ੍ਰਿਸਬੇਨ, 23 ਮਾਰਚ

ਆਸਟਰੇਲੀਆ ਦੀ ਐਸ਼ ਬਾਰਟੀ ਨੇ ਤੀਜਾ ਗਰੈਂਡ ਸਲੈਮ ਜਿੱਤਣ ਦੇ ਦੋ ਮਹੀਨਿਆਂ ਦੇ ਅੰਦਰ ਬੁੱਧਵਾਰ ਨੂੰ ਟੈਨਿਸ ਤੋਂ ਸੰਨਿਆਸ ਲੈ ਲਿਆ। ਬਾਰਟੀ ਦੀ ਉਮਰ ਸਿਰਫ਼ 25 ਸਾਲ ਹੈ ਅਤੇ ਉਸ ਨੇ ਆਲਮੀ ਦਰਜਾਬੰਦੀ 'ਚ ਪਹਿਲੇ ਸਥਾਨ 'ਤੇ ਰਹਿੰਦਿਆਂ ਇਹ ਫ਼ੈਸਲਾ ਕਰਕੇ ਸਾਰਿਆਂ ਨੂੰ ਹੈਰਾਨੀ 'ਚ ਪਾ ਦਿੱਤਾ। ਨੰਬਰ ਇਕ ਰੈਂਕਿੰਗ 'ਤੇ ਰਹਿੰਦਿਆਂ ਸੰਨਿਆਸ ਲੈਣ ਵਾਲੀ ਉਹ ਦੂਜੀ ਖਿਡਾਰਨ ਬਣ ਗਈ ਹੈ। ਇਸ ਤੋਂ ਪਹਿਲਾਂ ਜਸਟਿਨ ਹੈਨਿਨ ਨੇ ਮਈ 2008 'ਚ ਨੰਬਰ ਇਕ 'ਤੇ ਰਹਿੰਦਿਆਂ ਟੈਨਿਸ ਨੂੰ ਅਲਵਿਦਾ ਕਿਹਾ ਸੀ।

ਬਾਰਟੀ ਨੇ ਆਪਣੇ ਇੰਸਟਾਗ੍ਰਾਮ 'ਤੇ ਛੇ ਮਿੰਟ ਦਾ ਵੀਡੀਓ ਪਾ ਕੇ ਸੰਨਿਆਸ ਦਾ ਐਲਾਨ ਕੀਤਾ। ਉਸ ਨੇ ਕਿਹਾ,''ਮੈਂ ਬਹੁਤ ਖੁਸ਼ ਹਾਂ ਅਤੇ ਮੈਂ ਇਸ ਲਈ ਪੂਰੀ ਤਰ੍ਹਾਂ ਤਿਆਰ ਹਾਂ। ਮੈਂ ਇਸ ਸਮੇਂ ਸਿਰਫ਼ ਆਪਣੇ ਦਿਲ ਦੀ ਸੁਣ ਰਹੀ ਹਾਂ ਅਤੇ ਮੈਂ ਜਾਣਦੀ ਹਾਂ ਕਿ ਇਹ ਸਹੀ ਫ਼ੈਸਲਾ ਹੈ।'' ਬਾਰਟੀ ਨੇ ਕਿਹਾ ਕਿ ਹੁਣ ਹੋਰ ਸੁਫ਼ਨਿਆਂ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਹੈ। ਟੈਨਿਸ ਖਿਡਾਰਨ ਦੀ ਪਿਛਲੇ ਸਾਲ ਨਵੰਬਰ 'ਚ ਗੋਲਫਰ ਗੈਰੀ ਕਿਸਿਕ ਨਾਲ ਮੰਗਣੀ ਹੋਈ ਸੀ। ਬਾਰਟੀ ਨੇ ਆਪਣੀ ਸਾਬਕਾ ਜੋੜੀਦਾਰ ਕੇਸੀ ਡੇਲਾਕਵਾ ਨਾਲ ਇਕ ਗੈਰਰਸਮੀ ਗੱਲਬਾਤ ਦੌਰਾਨ ਕਿਹਾ ਸੀ,''ਇਹ ਪਹਿਲੀ ਵਾਰ ਹੈ ਜਦੋਂ ਮੈਂ ਅਸਲੀਅਤ 'ਚ ਜਨਤਕ ਤੌਰ 'ਤੇ ਇਹ ਗੱਲ ਆਖੀ ਹੈ। ਮੇਰੇ ਅੰਦਰ ਉਹ ਸ਼ਰੀਰਕ ਤਾਕਤ, ਉਹ ਇੱਛਾਸ਼ਕਤੀ ਅਤੇ ਉਹ ਸਾਰੀਆਂ ਗੱਲਾਂ ਨਹੀਂ ਹਨ ਜੋ ਸਿਖਰਲੇ ਪੱਧਰ 'ਤੇ ਖੁਦ ਨੂੰ ਚੁਣੌਤੀ ਦੇਣ ਲਈ ਲੋੜੀਂਦੀਆਂ ਹੁੰਦੀਆਂ ਹਨ।'' ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਬਾਰਟੀ ਨੇ ਟੈਨਿਸ ਨੂੰ ਅਲਵਿਦਾ ਆਖਿਆ ਹੈ। ਉਹ 2011 'ਚ 15 ਸਾਲ ਦੀ ਉਮਰ 'ਚ ਵਿੰਬਲਡਨ ਜੂਨੀਅਰ ਚੈਂਪੀਅਨ ਬਣੀ ਸੀ ਪਰ 2014 'ਚ ਥਕਾਨ, ਦਬਾਅ ਅਤੇ ਲੰਬੀ ਦੂਰੀ ਦੇ ਸਫ਼ਰਾਂ ਕਾਰਨ ਉਹ ਦੋ ਸਾਲ ਤੱਕ ਟੈਨਿਸ ਤੋਂ ਦੂਰ ਰਹੀ। ਉਹ ਇਸ ਦੌਰਾਨ ਆਸਟਰੇਲੀਆ 'ਚ ਕ੍ਰਿਕਟ ਖੇਡਣ ਲੱਗ ਪਈ ਸੀ ਪਰ ਬਾਅਦ 'ਚ ਫਿਰ ਉਸ ਨੇ ਰੈਕੇਟ ਫੜ ਲਿਆ ਸੀ। -ਏਪੀ



Most Read

2024-09-20 07:38:21