World >> The Tribune


ਇਮਰਾਨ ਖ਼ਿਲਾਫ਼ ਬੇਭਰੋਸਗੀ ਮਤੇ ’ਤੇ ਚਰਚਾ 25 ਨੂੰ


Link [2022-03-21 12:35:35]



ਇਸਲਾਮਾਬਾਦ, 20 ਮਾਰਚ

ਪਾਕਿਸਤਾਨ ਦੀ ਕੌਮੀ ਅਸੈਂਬਲੀ ਦੇ ਸਪੀਕਰ ਅਸਦ ਕੈਸਰ ਨੇ ਅੱਜ ਐਲਾਨ ਕੀਤਾ ਕਿ ਸੰਸਦ ਦਾ ਸੈਸ਼ਨ 25 ਮਾਰਚ ਨੂੰ ਸੱਦਿਆ ਜਾਵੇਗਾ ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤੇ ਉਤੇ ਵੀ ਵਿਚਾਰ-ਚਰਚਾ ਹੋਵੇਗੀ। ਜ਼ਿਕਰਯੋਗ ਹੈ ਕਿ ਪੀਐਮਐਲ-ਨਵਾਜ਼ ਤੇ ਪੀਪੀਪੀ ਦੇ ਕਰੀਬ 100 ਸੰਸਦ ਮੈਂਬਰਾਂ ਨੇ 8 ਮਾਰਚ ਨੂੰ ਕੌਮੀ ਅਸੈਂਬਲੀ ਵਿਚ ਬੇਭਰੋਸਗੀ ਮਤਾ ਦਾਖਲ ਕੀਤਾ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਸਰਕਾਰ ਦੇਸ਼ ਵਿਚਲੇ ਆਰਥਿਕ ਸੰਕਟ ਤੇ ਮਹਿੰਗਾਈ ਲਈ ਜ਼ਿੰਮੇਵਾਰ ਹੈ। ਅਸੈਂਬਲੀ ਸਕੱਤਰੇਤ ਵੱਲੋਂ ਅੱਜ ਜਾਰੀ ਨੋਟੀਫਿਕੇਸ਼ਨ ਵਿਚ 25 ਨੂੰ ਸੈਸ਼ਨ ਸੱਦ ਲਿਆ ਗਿਆ ਹੈ ਜਦਕਿ ਵਿਰੋਧੀ ਧਿਰਾਂ ਕਾਨੂੰਨੀ ਦਾਇਰੇ ਵਿਚ 21 ਨੂੰ ਸੈਸ਼ਨ ਸੱਦਣ ਦੀ ਮੰਗ ਕਰ ਰਹੀਆਂ ਸਨ। ਇਮਰਾਨ (69) ਨੇ ਆਪਣੇ ਸਮਰਥਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਹ ਮਤਾ ਡਿਗ ਜਾਵੇਗਾ ਜਦਕਿ ਦੂਜੇ ਪਾਸੇ ਵਿਰੋਧੀ ਧਿਰਾਂ ਮਤੇ ਨੂੰ ਪਾਸ ਕਰਾਉਣ ਲਈ ਕਾਫ਼ੀ ਜੋੜ-ਤੋੜ ਕਰ ਰਹੀਆਂ ਹਨ। 342 ਮੈਂਬਰੀ ਅਸੈਂਬਲੀ ਵਿਚ ਵਿਰੋਧੀ ਧਿਰਾਂ ਨੂੰ ਖ਼ਾਨ ਨੂੰ ਅਹੁਦੇ ਤੋਂ ਲਾਂਭੇ ਕਰਨ ਲਈ 172 ਵੋਟਾਂ ਦੀ ਲੋੜ ਹੈ। ਪੀਟੀਆਈ ਕੋਲ 155 ਮੈਂਬਰ ਹਨ ਤੇ ਇਸ ਕੋਲ ਛੇ ਵੱਖ-ਵੱਖ ਪਾਰਟੀਆਂ ਦੇ 23 ਮੈਂਬਰਾਂ ਦਾ ਸਮਰਥਨ ਹੈ। ਦੱਸਣਯੋਗ ਹੈ ਕਿ ਸੱਤਾਧਾਰੀ ਧਿਰ ਦੇ ਕਈ ਮੈਂਬਰਾਂ ਨੇ ਵੀ ਹਾਲ ਹੀ 'ਚ ਬਗਾਵਤ ਕੀਤੀ ਹੈ। ਸਰਕਾਰ ਨੇ ਵਿਰੋਧੀਆਂ 'ਤੇ ਮੈਂਬਰਾਂ ਦੀ ਖ਼ਰੀਦੋ-ਫਰੋਖ਼ਤ ਦਾ ਦੋਸ਼ ਲਾਇਆ ਹੈ। ਸੱਤਾਧਾਰੀ ਧਿਰ ਨੇ ਬਾਗੀ ਮੈਂਬਰਾਂ ਨੂੰ ਨੋਟਿਸ ਵੀ ਜਾਰੀ ਕੀਤੇ ਹਨ। ਇਸੇ ਦੌਰਾਨ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ਼ ਰਸ਼ੀਦ ਨੇ ਅੱਜ ਕਿਹਾ ਕਿ ਓਆਈਸੀ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਦੋ ਦਿਨਾ ਬੈਠਕ ਅਗਲੇ ਹਫ਼ਤੇ ਤੋਂ ਤੈਅ ਪ੍ਰੋਗਰਾਮ ਮੁਤਾਬਕ ਹੀ ਹੋਵੇਗੀ ਤੇ ਵਿਰੋਧੀ ਧਿਰਾਂ ਇਸ ਵਿਚ ਅੜਿੱਕਾ ਨਾ ਪਾਉਣ ਤਾਂ ਬਿਹਤਰ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਮਸਲਾ ਕੌਮੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀਆਂ ਵਿਰੋਧੀ ਧਿਰਾਂ ਨੇ ਇਸਲਾਮਿਕ ਕਾਨਫਰੰਸ ਸੰਗਠਨ (ਓਆਈਸੀ) ਵਿਚ ਅੜਿੱਕਾ ਪਾਉਣ ਦੀ ਚਿਤਾਵਨੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਜੇ ਕੌਮੀ ਅਸੈਂਬਲੀ ਦੇ ਸਪੀਕਰ ਅਸਦ ਕੈਸਰ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਰੁੱਧ ਸੋਮਵਾਰ ਤੱਕ ਏਜੰਡੇ ਵਿਚ ਬੇਭਰੋਸਗੀ ਮਤਾ ਨਾ ਲਿਆਂਦਾ ਤਾਂ ਉਹ ਅਜਿਹਾ ਕਰਨਗੇ। ਹਾਲਾਂਕਿ ਹੁਣ ਵਿਰੋਧੀ ਧਿਰਾਂ ਨੇ ਅਜਿਹਾ ਕਦਮ ਨਾ ਚੁੱਕਣ ਦਾ ਫ਼ੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਇਹ ਸਿਖ਼ਰ ਸੰਮੇਲਨ ਪਾਕਿਸਤਾਨ ਵਿਚ ਉਦੋਂ ਹੋ ਰਿਹਾ ਹੈ ਜਦ ਮੁਲਕ ਵਿਚ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। ਓਆਈਸੀ-ਸੀਐਫਐਮ ਸਿਖ਼ਰ ਸੰਮੇਲਨ 22 ਤੇ 23 ਮਾਰਚ ਨੂੰ ਹੋਵੇਗਾ। ਮੁਸਲਿਮ ਮੁਲਕਾਂ ਦੇ ਆਗੂਆਂ ਦੀ ਸੁਰੱਖਿਆ ਲਈ ਪਾਕਿਸਤਾਨ ਨੇ 15 ਹਜ਼ਾਰ ਤੋਂ ਵੱਧ ਸੁਰੱਖਿਆ ਕਰਮੀਆਂ ਨੂੰ ਤਾਇਨਾਤ ਕੀਤਾ ਹੈ। -ਪੀਟੀਆਈ

ਇਮਰਾਨ ਵੱਲੋਂ ਭਾਰਤੀ ਵਿਦੇਸ਼ ਨੀਤੀ ਦੀ ਸ਼ਲਾਘਾ

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਭਾਰਤ ਦੀ 'ਆਜ਼ਾਦ ਵਿਦੇਸ਼ ਨੀਤੀ' ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਭਾਰਤ ਨੇ ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਕੀਤੀ ਹੈ। ਖੈਬਰ ਪਖਤੂਣਖਵਾ ਸੂਬੇ 'ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਇਮਰਾਨ ਖਾਨ ਨੇ ਕਿਹਾ ਕਿ ਉਹ ਗੁਆਂਢੀ ਮੁਲਕ ਦੀ ਸ਼ਲਾਘਾ ਕਰਨਗੇ ਕਿਉਂਕਿ ਉਨ੍ਹਾਂ ਕੋਲ ਆਪਣੀ ਇੱਕ ਆਜ਼ਾਦ ਵਿਦੇਸ਼ ਨੀਤੀ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਕੁਆਡ ਸਮੂਹ ਦਾ ਹਿੱਸਾ ਹੈ ਅਤੇ ਉਸ ਨੇ ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਵਿਦੇਸ਼ ਨੀਤੀ ਵੀ ਪਾਕਿਸਤਾਨੀ ਲੋਕਾਂ ਦੇ ਹਿੱਤ 'ਚ ਰਹੇਗੀ। ਸੰਸਦ 'ਚ ਬੇਭਰੋਸਗੀ ਮਤੇ ਬਾਰੇ ਉਨ੍ਹਾਂ ਕਿਹਾ ਕਿ ਉਹ ਨਾ ਕਿਸੇ ਅੱਗੇ ਝੁਕੇ ਹਨ ਤੇ ਨਾ ਆਪਣੇ ਦੇਸ਼ ਨੂੰ ਕਿਸੇ ਅੱਗੇ ਝੁਕਣ ਦੇਣਗੇ। -ਪੀਟੀਆਈ



Most Read

2024-09-20 21:48:07