ਨਵੀਂ ਦਿੱਲੀ: ਥੋਕ ਖ਼ਰੀਦਦਾਰਾਂ ਨੂੰ ਵੇਚੇ ਜਾਣ ਵਾਲੇ ਡੀਜ਼ਲ ਦੀ ਕੀਮਤ ਵਿਚ ਸਰਕਾਰੀ ਤੇਲ ਕੰਪਨੀਆਂ ਨੇ 25 ਰੁਪਏ ਪ੍ਰਤੀ ਲਿਟਰ ਦਾ ਵਾਧਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੌਮਾਂਤਰੀ ਬਾਜ਼ਾਰ ਵਿਚ ਤੇਲ ਕੀਮਤਾਂ 'ਚ 40 ਪ੍ਰਤੀਸ਼ਤ ਦਾ ਉਛਾਲ ਆਇਆ ਹੈ। ਹਾਲਾਂਕਿ ਪੈਟਰੋਲ ਪੰਪਾਂ 'ਤੇ ਡੀਜ਼ਲ ਦੀ ਕੀਮਤ ਉਹੀ ਰਹੇਗੀ। ਪੈਟਰੋਲ ਪੰਪਾਂ ਦੀ ਕਮਾਈ ਇਸ ਮਹੀਨੇ ਪੰਜ ਗੁਣਾਂ ਵਧੀ ਹੈ ਕਿਉਂਕਿ ਥੋਕ ਖ਼ਰੀਦਦਾਰ ਜਿਵੇਂ ਕਿ ਬੱਸ ਫਲੀਟ ਅਪਰੇਟਰ ਤੇ ਹੋਰ ਤੇਲ ਖ਼ਰੀਦਣ ਲਈ ਪੰਪਾਂ 'ਤੇ ਕਤਾਰਾਂ ਬੰਨ੍ਹ ਕੇ ਪਹੁੰਚੇ ਹਨ। ਉਨ੍ਹਾਂ ਤੇਲ ਕੰਪਨੀਆਂ ਤੋਂ ਸਿੱਧਾ ਤੇਲ ਆਰਡਰ ਨਹੀਂ ਕੀਤਾ। ਇਸ ਨਾਲ ਪ੍ਰਚੂਨ ਵਿਕਰੀ ਕਰਨ ਵਾਲਿਆਂ ਦਾ ਨੁਕਸਾਨ ਹੋਇਆ ਹੈ। ਪ੍ਰਾਈਵੇਟ ਰਿਟੇਲਰ ਜਿਵੇਂ ਕਿ ਨਯਾਰਾ ਐਨਰਜੀ, ਜੀਓ-ਬੀਪੀ ਤੇ ਸ਼ੈੱਲ ਦਾ ਇਸ ਨਾਲ ਕਾਫ਼ੀ ਨੁਕਸਾਨ ਹੋਇਆ ਹੈ। ਇਨ੍ਹਾਂ ਲਈ ਹੁਣ ਪੈਟਰੋਲ ਪੰਪ ਬੰਦ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ। 136 ਦਿਨਾਂ ਤੋਂ ਸਥਿਰ ਕੀਮਤ ਉਤੇ ਪੈਟਰੋਲ, ਡੀਜ਼ਲ ਵੇਚਣ ਨਾਲੋਂ ਪੰਪ ਬੰਦ ਕਰਨਾ ਇਨ੍ਹਾਂ ਕੰਪਨੀਆਂ ਨੂੰ ਜ਼ਿਆਦਾ ਵਿਹਾਰਕ ਲੱਗ ਰਿਹਾ ਹੈ। ਜ਼ਿਕਰਯੋਗ ਹੈ ਕਿ 2008 ਵਿਚ ਵੀ ਰਿਲਾਇੰਸ ਇੰਡਸਟਰੀਜ਼ ਨੇ ਆਪਣੇ ਸਾਰੇ 1432 ਪੰਪ ਦੇਸ਼ ਵਿਚ ਬੰਦ ਕਰ ਦਿੱਤੇ ਸਨ। ਇਨ੍ਹਾਂ ਦੀ ਸੇਲ ਸਿਫ਼ਰ ਹੋ ਗਈ ਸੀ ਕਿਉਂਕਿ ਇਹ ਸਰਕਾਰੀ ਖੇਤਰ ਵੱਲੋਂ ਸਬਸਿਡੀ 'ਤੇ ਵੇਚੇ ਜਾ ਰਹੇ ਤੇਲ ਦਾ ਮੁਕਾਬਲਾ ਨਹੀਂ ਸਨ ਕਰ ਸਕੇ। ਹੁਣ ਵੀ ਇਸੇ ਤਰ੍ਹਾਂ ਦੀ ਸਥਿਤੀ ਪੈਦਾ ਹੋਣ ਦੇ ਅਸਾਰ ਬਣ ਰਹੇ ਹਨ ਕਿਉਂਕਿ ਰਿਟੇਲਰ ਦਾ ਨੁਕਸਾਨ ਵਧਦਾ ਜਾ ਰਿਹਾ ਹੈ। ਇਸ ਦਾ ਮੁੱਖ ਕਾਰਨ ਥੋਕ ਖ਼ਰੀਦਦਾਰਾਂ ਵੱਲੋਂ ਪੈਟਰੋਲ ਪੰਪਾਂ ਦਾ ਰੁਖ਼ ਕਰਨਾ ਹੈ।
ਦਿੱਲੀ 'ਚ ਥੋਕ ਖ਼ਰੀਦਦਾਰ ਨੂੰ 115 ਰੁਪਏ ਪ੍ਰਤੀ ਲਿਟਰ ਮਿਲੇਗਾ ਡੀਜ਼ਲ
ਮੁੰਬਈ ਵਿਚ ਥੋਕ ਖ਼ਰੀਦਦਾਰਾਂ ਨੂੰ ਹੁਣ ਡੀਜ਼ਲ 122.05 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਮਿਲੇਗਾ। ਜਦਕਿ ਇਹੀ ਡੀਜ਼ਲ ਪੈਟਰੋਲ ਪੰਪਾਂ 'ਤੇ 94.14 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਮਿਲ ਰਿਹਾ ਹੈ। ਦਿੱਲੀ ਵਿਚ ਥੋਕ ਤੇ ਉਦਯੋਗਿਕ ਖ਼ਰੀਦਦਾਰਾਂ ਨੂੰ ਡੀਜ਼ਲ 115 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਮਿਲੇਗਾ। ਸਰਕਾਰੀ ਤੇਲ ਕੰਪਨੀਆਂ ਨੇ ਪਿਛਲੇ ਸਾਲ 4 ਨਵੰਬਰ ਤੋਂ ਤੇਲ ਕੀਮਤਾਂ ਵਿਚ ਵਾਧਾ ਨਹੀਂ ਕੀਤਾ ਸੀ ਜਦਕਿ ਆਲਮੀ ਬਾਜ਼ਾਰ ਵਿਚ ਕੀਮਤਾਂ ਲਗਾਤਾਰ ਵਧ ਰਹੀਆਂ ਸਨ। -ਪੀਟੀਆਈ
2024-11-10 16:07:55