World >> The Tribune


ਸ਼ਾਹਬਾਜ਼ ਸ਼ਰੀਫ਼ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਬਣੇ


Link [2022-04-13 01:41:07]



ਮੁੱਖ ਅੰਸ਼

ਮੋਦੀ ਨੇ ਸ਼ਾਹਬਾਜ਼ ਨੂੰ ਪ੍ਰਧਾਨ ਮੰਤਰੀ ਬਣਨ ਉਤੇ ਿਦੱਤੀ ਵਧਾਈ ਸ਼ਾਹਬਾਜ਼ ਨੇ ਪਾਕਿਸਤਾਨ ਨੂੰ ਹਮਾਇਤ ਦੇਣ ਲਈ ਚੀਨ ਦੀ ਕੀਤੀ ਸ਼ਲਾਘਾ

ਇਸਲਾਮਾਬਾਦ, 11 ਅਪਰੈਲ

ਪਾਕਿਸਤਾਨ ਦੀ ਸੰਸਦ ਨੇ ਸੋਮਵਾਰ ਨੂੰ ਸ਼ਾਹਬਾਜ਼ ਸ਼ਰੀਫ਼ ਨੂੰ ਬਿਨਾਂ ਕਿਸੇ ਵਿਰੋਧ ਦੇ ਮੁਲਕ ਦਾ 23ਵਾਂ ਪ੍ਰਧਾਨ ਮੰਤਰੀ ਚੁਣ ਲਿਆ। ਇਸ ਦੇ ਨਾਲ ਇਮਰਾਨ ਖ਼ਾਨ ਖ਼ਿਲਾਫ਼ 8 ਮਾਰਚ ਨੂੰ ਲਿਆਂਦੇ ਗਏ ਬੇਭਰੋਸਗੀ ਮਤੇ ਤੋਂ ਬਾਅਦ ਮੁਲਕ 'ਚ ਬਣੇ ਬੇਯਕੀਨੀ ਦੇ ਹਾਲਾਤ ਖ਼ਤਮ ਹੋ ਗਏ ਹਨ। ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਸੰਸਦ 'ਚ ਵੋਟਿੰਗ 'ਚ ਹਿੱਸਾ ਨਾ ਲੈਣ ਅਤੇ ਵਾਕਆਊਟ ਕਰਨ ਦਾ ਐਲਾਨ ਕੀਤਾ ਜਿਸ ਤੋਂ ਬਾਅਦ 70 ਸਾਲਾ ਸ਼ਾਹਬਾਜ਼ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ 'ਚ ਇਕੱਲੇ ਉਮੀਦਵਾਰ ਰਹਿ ਗਏ ਸਨ। ਬਾਅਦ 'ਚ ਦੇਰ ਰਾਤ ਪਾਕਿਸਤਾਨ ਦੀ ਸੈਨੇਟ ਦੇ ਚੇਅਰਮੈਨ ਸਾਦਿਕ ਸੰਜਰਾਨੀ ਨੇ ਸ਼ਾਹਬਾਜ਼ ਨੂੰ ਅਹੁਦੇ ਦਾ ਹਲਫ਼ ਦਿਵਾਇਆ। ਰਾਸ਼ਟਰਪਤੀ ਆਰਿਫ਼ ਅਲਵੀ ਦੀ ਅਚਾਨਕ ਤਬੀਅਤ ਵਿਗੜਨ ਕਾਰਨ ਸਾਦਿਕ ਨੇ ਸ਼ਾਹਬਾਜ਼ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਹਬਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਖ਼ਿੱਤੇ 'ਚ ਸਥਿਰਤਾ ਅਤੇ ਸ਼ਾਂਤੀ ਚਾਹੁੰਦਾ ਹੈ ਅਤੇ ਇਹ ਦਹਿਸ਼ਤ ਮੁਕਤ ਹੋਵੇ। ਸਪੀਕਰ ਅਯਾਜ਼ ਸਾਦਿਕ ਨੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਨਤੀਜਿਆਂ ਦਾ ਐਲਾਨ ਕੀਤਾ ਅਤੇ ਦੱਸਿਆ ਕਿ ਸ਼ਰੀਫ਼ ਨੂੰ 174 ਵੋਟਾਂ ਮਿਲੀਆਂ ਹਨ ਅਤੇ ਉਨ੍ਹਾਂ ਨੂੰ ਪਾਕਿਸਤਾਨ ਇਸਲਾਮਿਕ ਗਣਰਾਜ ਦਾ ਪ੍ਰਧਾਨ ਮੰਤਰੀ ਐਲਾਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਅੰਤਰ-ਆਤਮਾ ਸੈਸ਼ਨ ਚਲਾਉਣ ਦੀ ਇਜਾਜ਼ਤ ਨਹੀਂ ਦਿੰਦੀ ਹੈ। 372 ਮੈਂਬਰੀ ਸਦਨ 'ਚ ਜਿੱਤ ਲਈ ਘੱਟ ਤੋਂ ਘੱਟ 172 ਮੈਂਬਰਾਂ ਦੇ ਸਮਰਥਨ ਦੀ ਲੋੜ ਸੀ। ਪ੍ਰਧਾਨ ਮੰਤਰੀ ਵਜੋਂ ਸਦਨ 'ਚ ਆਪਣੇ ਪਹਿਲੇ ਭਾਸ਼ਨ 'ਚ ਸ਼ਾਹਬਾਜ਼ ਨੇ ਕਿਹਾ ਕਿ ਪਾਕਿਸਤਾਨ ਦੇ ਇਤਿਹਾਸ 'ਚ ਪਹਿਲੀ ਵਾਰ ਕਿਸੇ ਪ੍ਰਧਾਨ ਮੰਤਰੀ ਖ਼ਿਲਾਫ਼ ਬੇਭਰੋਸਗੀ ਦਾ ਮਤਾ ਕਾਮਯਾਬ ਹੋਇਆ ਹੈ। ਉਨ੍ਹਾਂ ਕਿਹਾ,''ਬੁਰਾਈ 'ਤੇ ਅੱਛਾਈ ਦੀ ਜਿੱਤ ਹੋਈ ਹੈ।'' ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਸ਼ਾਹਬਾਜ਼ ਨੇ ਕਿਹਾ ਕਿ ਅਮਰੀਕੀ ਡਾਲਰ ਦਾ ਮੁੱਲ ਅੱਜ 8 ਰੁਪਏ ਘੱਟ ਹੋਣਾ 'ਜਨਤਾ ਦੀ ਖੁਸ਼ੀ' ਨੂੰ ਦਰਸਾਉਂਦਾ ਹੈ। ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸ਼ਾਹਬਾਜ਼ ਨੇ ਸਿਖਰਲੀ ਅਦਾਲਤ ਵੱਲੋਂ ਸਰਬਸੰਮਤੀ ਨਾਲ ਸੁਣਾਏ ਗਏ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਨੇ ਜਿਸ ਦਿਨ ਫ਼ੈਸਲਾ ਸੁਣਾਇਆ ਸੀ, ਉਸ ਨੂੰ ਪਾਕਿਸਤਾਨ ਦੇ ਇਤਿਹਾਸ 'ਚ 'ਇਤਿਹਾਸਕ ਦਿਨ' ਵਜੋਂ ਦਰਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ,''ਜੇਕਰ ਇਸ ਗੱਲ ਦਾ ਸਬੂਤ ਮਿਲਦਾ ਹੈ ਕਿ ਸਾਨੂੰ ਵਿਦੇਸ਼ੀ ਸਾਜ਼ਿਸ਼ਘਾੜਿਆਂ ਤੋਂ ਸਹਾਇਤਾ ਮਿਲੀ ਸੀ ਤਾਂ ਸਪੀਕਰ ਸਾਹਬ ਮੈਂ ਤੁਹਾਨੂੰ ਅਤੇ ਅੱਲ੍ਹਾ ਨੂੰ ਗਵਾਹ ਮੰਨਦਾ ਹੋਇਆ ਇਕ ਵੀ ਸਕਿੰਟ ਅਹੁਦੇ 'ਤੇ ਨਹੀਂ ਰਹਿਣਾ ਚਾਹਾਂਗਾ ਅਤੇ ਅਸਤੀਫ਼ਾ ਦੇ ਦੇਵਾਂਗਾ।'' ਉਨ੍ਹਾਂ ਚੀਨ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਦੋਵੇਂ ਮੁਲਕਾਂ ਵਿਚਕਾਰ ਦੋਸਤੀ ਕਾਇਮ ਰਹੇਗੀ। -ਪੀਟੀਆਈ

ਸ਼ਾਹਬਾਜ਼ ਅਤੇ ਪੁੱਤਰ ਖ਼ਿਲਾਫ਼ ਕੇਸ ਦੀ ਸੁਣਵਾਈ 27 ਤੱਕ ਟਲੀ

ਲਾਹੌਰ: ਪਾਕਿਸਤਾਨ ਦੀ ਇਕ ਅਦਾਲਤ ਨੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਇਕ ਮਾਮਲੇ 'ਚ ਸ਼ਾਹਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਬੇਟੇ ਹਮਜ਼ਾ ਸ਼ਾਹਬਾਜ਼ ਖ਼ਿਲਾਫ਼ ਦੋਸ਼ ਆਇਦ ਕਰਨ ਦਾ ਫ਼ੈਸਲਾ 27 ਅਪਰੈਲ ਤੱਕ ਲਈ ਟਾਲ ਦਿੱਤਾ ਹੈ। ਇਸ ਦੇ ਨਾਲ ਉਨ੍ਹਾਂ ਦੀ ਅਗਾਊਂ ਜ਼ਮਾਨਤ ਵੀ ਉਸ ਸਮੇਂ ਤੱਕ ਵਧਾ ਦਿੱਤੀ ਗਈ ਹੈ। ਫੈਡਰਲ ਜਾਂਚ ਏਜੰਸੀ ਦੀ ਵਿਸ਼ੇਸ਼ ਅਦਾਲਤ ਨੇ ਸ਼ਾਹਬਾਜ਼ ਵੱਲੋਂ ਇਕ ਦਿਨ ਲਈ ਅਦਾਲਤ 'ਚ ਨਿੱਜੀ ਪੇਸ਼ੀ ਤੋਂ ਮੰਗੀ ਗਈ ਛੋਟ ਦੀ ਅਰਜ਼ੀ ਸਵੀਕਾਰ ਕਰ ਲਈ ਸੀ। ਸ਼ਾਹਬਾਜ਼ ਅਤੇ ਉਨ੍ਹਾਂ ਦੇ ਦੋਵੇਂ ਬੇਟਿਆਂ ਹਮਜ਼ਾ ਅਤੇ ਸੁਲੇਮਾਨ 'ਤੇ ਐੱਫਆਈਏ ਨੇ ਨਵੰਬਰ 2020 'ਚ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਤਹਿਤ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਸੀ। ਸੁਲੇਮਾਨ ਭਗੌੜਾ ਹੈ ਅਤੇ ਉਹ ਬ੍ਰਿਟੇਨ 'ਚ ਰਹਿ ਰਿਹਾ ਹੈ। ਐੱਫਆਈਏ ਦੀ ਜਾਂਚ 'ਚ ਸ਼ਾਹਬਾਜ਼ ਪਰਿਵਾਰ ਨਾਲ ਸਬੰਧਤ ਕਥਿਤ ਤੌਰ 'ਤੇ 28 ਬੇਨਾਮੀ ਖ਼ਾਤਿਆਂ ਦਾ ਪਤਾ ਲੱਗਾ ਸੀ ਜਿਨ੍ਹਾਂ ਰਾਹੀਂ 2008 ਤੋਂ 2018 ਤੱਕ 14 ਅਰਬ ਪਾਕਿਸਤਾਨੀ ਰੁਪਇਆਂ ਨੂੰ ਸਫ਼ੈਦ ਬਣਾਇਆ ਗਿਆ ਸੀ। -ਪੀਟੀਆਈ

ਇਮਰਾਨ ਦੀ ਪਾਰਟੀ ਦੇ 100 ਤੋਂ ਜ਼ਿਆਦਾ ਸੰਸਦ ਮੈਂਬਰਾਂ ਵੱਲੋਂ ਅਸਤੀਫ਼ੇ

ਇਸਲਾਮਾਬਾਦ: ਪ੍ਰਧਾਨ ਮੰਤਰੀ ਅਹੁਦੇ ਤੋਂ ਲਾਂਭੇ ਹੋਏ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ 100 ਤੋਂ ਜ਼ਿਆਦਾ ਸੰਸਦ ਮੈਂਬਰਾਂ ਨੇ ਅੱਜ ਅਸਤੀਫ਼ੇ ਦੇ ਦਿੱਤੇ। ਜੇਕਰ ਸਪੀਕਰ ਵੱਲੋਂ ਇਹ ਅਸਤੀਫ਼ੇ ਮਨਜ਼ੂਰ ਕਰ ਲਏ ਜਾਂਦੇ ਹਨ ਤਾਂ ਇਸ ਨਾਲ ਪਾਕਿਸਤਾਨ 'ਚ ਦੋ ਮਹੀਨਿਆਂ ਦੇ ਅੰਦਰ 100 ਤੋਂ ਜ਼ਿਆਦਾ ਸੀਟਾਂ 'ਤੇ ਜ਼ਿਮਨੀ ਚੋਣਾਂ ਕਰਾਉਣੀਆਂ ਪੈਣਗੀਆਂ। ਉਧਰ ਪੀਟੀਆਈ ਦੇ ਸਮਰਥਕਾਂ ਵੱਲੋਂ ਅੱਜ ਸੜਕਾਂ 'ਤੇ ਜ਼ੋਰਦਾਰ ਪ੍ਰਦਰਸ਼ਨ ਕੀਤੇ ਗਏ। ਮੰਨਿਆ ਜਾ ਰਿਹਾ ਹੈ ਕਿ ਨਵਾਂ ਬਣਿਆ ਪ੍ਰਧਾਨ ਮੰਤਰੀ ਸ਼ਰੀਫ਼ ਪੱਛਮੀ ਮੁਲਕਾਂ ਦੇ ਨੇੜੇ ਹੈ ਅਤੇ ਉਸ ਦੇ ਭਰਾ ਨਵਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਉਹ ਛੇਤੀ ਹੀ ਮੁਲਕ ਪਰਤੇਗਾ। -ਰਾਇਟਰਜ਼

ਪਹਿਲੇ ਭਾਸ਼ਨ ਿਵੱਚ ਹੀ ਕਸ਼ਮੀਰ ਦਾ ਰਾਗ ਛੇੜਿਆ

ਇਸਲਾਮਾਬਾਦ: ਪਾਕਿਸਤਾਨ ਦਾ ਪ੍ਰਧਾਨ ਮੰਤਰੀ ਚੁਣੇ ਜਾਣ ਮਗਰੋਂ ਆਪਣੇ ਪਲੇਠੇ ਭਾਸ਼ਨ 'ਚ ਸ਼ਾਹਬਾਜ਼ ਸ਼ਰੀਫ਼ ਨੇ ਕਸ਼ਮੀਰ ਦਾ ਰਾਗ ਛੇੜ ਦਿੱਤਾ। ਉਨ੍ਹਾਂ ਕਸ਼ਮੀਰ 'ਚੋਂ ਧਾਰਾ 370 ਮਨਸੂਖ਼ ਕਰਨ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਵਾਦੀ ਦੇ ਲੋਕਾਂ ਦਾ ਖੂਨ ਵਹਿ ਰਿਹਾ ਹੈ ਅਤੇ ਪਾਕਿਸਤਾਨ ਉਨ੍ਹਾਂ ਨੂੰ 'ਕੂਟਨੀਤਕ ਅਤੇ ਨੈਤਿਕ ਹਮਾਇਤ' ਦੇਵੇਗਾ। ਉਨ੍ਹਾਂ ਕਿਹਾ ਕਿ ਕਸ਼ਮੀਰੀ ਭਰਾਵਾਂ ਅਤੇ ਭੈਣਾਂ ਦਾ ਮੁੱਦਾ ਹਰੇਕ ਕੌਮਾਂਤਰੀ ਮੰਚ 'ਤੇ ਉਠਾਇਆ ਜਾਵੇਗਾ। ਸ਼ਾਹਬਾਜ਼ ਨੇ ਕਿਹਾ ਕਿ ਉਹ ਭਾਰਤ ਨਾਲ ਚੰਗੇ ਸਬੰਧ ਚਾਹੁੰਦੇ ਹਨ ਪਰ ਕਸ਼ਮੀਰ ਮੁੱਦੇ ਦਾ ਹੱਲ ਕੱਢੇ ਬਿਨਾਂ ਇਹ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਗੁਆਂਢੀ ਚੁਣੇ ਨਹੀਂ ਜਾ ਸਕਦੇ ਹਨ ਅਤੇ ਬਦਕਿਸਮਤੀ ਨਾਲ ਪਾਕਿਸਤਾਨ ਦੇ ਸਬੰਧ ਭਾਰਤ ਨਾਲ ਕਦੇ ਵੀ ਚੰਗੇ ਨਹੀਂ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਅਗਸਤ 2019 'ਚ ਧਾਰਾ 370 ਹਟਾਈ ਗਈ ਸੀ ਤਾਂ ਇਮਰਾਨ ਖ਼ਾਨ ਨੇ ਗੰਭੀਰ ਅਤੇ ਕੂਟਨੀਤਕ ਕੋਸ਼ਿਸ਼ਾਂ ਨਹੀਂ ਕੀਤੀਆਂ ਸਨ। ਸ਼ਾਹਬਾਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਕਸ਼ਮੀਰ ਮੁੱਦਾ ਸੁਲਝਾਉਣ ਲਈ ਅੱਗੇ ਆਉਣ ਤਾਂ ਜੋ ਦੋਵੇਂ ਮੁਲਕ ਗਰੀਬੀ, ਬੇਰੁਜ਼ਗਾਰੀ, ਦਵਾਈਆਂ ਦੀ ਕਮੀ ਅਤੇ ਹੋਰ ਮਸਲਿਆਂ ਦੇ ਨਿਬੇੜੇ 'ਤੇ ਧਿਆਨ ਕੇਂਦਰਤ ਕਰ ਸਕਣ। -ਪੀਟੀਆਈ



Most Read

2024-09-20 13:55:28