Breaking News >> News >> The Tribune


ਹੇਮਕੁੰਟ ਸਾਹਿਬ ਦੀ ਯਾਤਰਾ ਲਈ 22 ਨੂੰ ਖੁੱਲ੍ਹਣਗੇ ਕਪਾਟ


Link [2022-04-26 09:59:58]



ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 25 ਅਪਰੈਲ

ਉਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ-ਦੁਆਲੇ ਅਤੇ ਰਸਤੇ ਵਿਚ ਜੰਮੀ ਬਰਫ ਹਟਾਉਂਦੇ ਹੋਏ ਭਾਰਤੀ ਫ਼ੌਜ ਦੇ ਜਵਾਨ 15 ਹਜ਼ਾਰ ਫੁੱਟ ਦੀ ਉਚਾਈ 'ਤੇ ਸਥਿਤ ਗੁਰਦੁਆਰਾ ਸਾਹਿਬ ਪੁੱਜ ਗਏ ਹਨ। ਇਸ ਸਾਲਾਨਾ ਧਾਰਮਿਕ ਯਾਤਰਾ ਲਈ 22 ਮਈ ਨੂੰ ਗੁਰਦੁਆਰੇ ਦੇ ਕਪਾਟ ਖੋਲ੍ਹੇ ਜਾਣਗੇ।

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਆਗੂ ਨਰਿੰਦਰਪਾਲ ਸਿੰਘ ਬਿੰਦਰਾ ਨੇ ਦੱਸਿਆ ਕਿ ਭਾਰਤੀ ਸੈਨਾ ਦੇ ਜਵਾਨਾਂ ਦੀ ਟੀਮ ਗੁਰਦੁਆਰਾ ਸਾਹਿਬ ਪੁੱਜ ਗਈ ਹੈ। ਉਨ੍ਹਾਂ ਗੁਰਦੁਆਰੇ ਦੇ ਮੁੱਖ ਗੇਟ ਦੇ ਸਾਹਮਣੇ ਜੰਮੀ ਬਰਫ ਹਟਾਉਣ ਮਗਰੋਂ ਜੈਕਾਰਿਆਂ ਦੀ ਗੂੰਜ ਵਿੱਚ ਗੇਟ ਖੋਲ੍ਹਿਆ। ਫ਼ੌਜ ਦੇ ਜਵਾਨਾਂ ਅਤੇ ਟਰੱਸਟ ਦੇ ਕਾਮਿਆਂ ਨੇ ਗੁਰਦੁਆਰੇ ਦੇ ਆਲੇ-ਦੁਆਲੇ ਜੰਮੀ ਬਰਫ ਹਟਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਫੌਜੀ ਟੀਮ ਨੇ ਲਗਪਗ ਤਿੰਨ ਕਿਲੋਮੀਟਰ ਤੱਕ ਜੰਮੀ ਬਰਫ ਹਟਾ ਕੇ ਰਸਤਾ ਬਣਾਇਆ ਹੈ, ਜਿਸ ਨੂੰ ਹੁਣ ਹੋਰ ਖੁੱਲ੍ਹਾ ਕੀਤਾ ਜਾਵੇਗਾ ਤਾਂ ਜੋ ਸਾਲਾਨਾ ਯਾਤਰਾ ਸ਼ੁਰੂ ਹੋਣ 'ਤੇ ਸੰਗਤ ਨੂੰ ਕੋਈ ਮੁਸ਼ਕਲ ਨਾ ਆਵੇ। ਭਾਰਤੀ ਫੌਜ ਦੀ ਇਸ ਟੀਮ ਨੇ 14 ਅਪਰੈਲ ਨੂੰ ਬਰਫ ਹਟਾਉਣ ਦਾ ਕੰਮ ਸ਼ੁਰੂ ਕੀਤਾ ਸੀ ਤੇ ਲਗਪਗ ਦਸ ਦਿਨਾਂ ਵਿਚ ਰਸਤਾ ਬਣਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਉਤਰਾਖੰਡ ਸਰਕਾਰ ਦੇ ਸਹਿਯੋਗ ਨਾਲ 22 ਮਈ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੋਲ੍ਹੇ ਜਾਣਗੇ। ਇਸ ਤੋਂ ਪਹਿਲਾਂ 19 ਮਈ ਨੂੰ ਰਿਸ਼ੀਕੇਸ਼ ਤੋਂ ਪਹਿਲਾ ਜਥਾ ਰਵਾਨਾ ਹੋਵੇਗਾ।



Most Read

2024-09-20 15:33:09