Breaking News >> News >> The Tribune


ਅਖਿਲੇਸ਼ ਵੱਲੋਂ 22 ਲੱਖ ਨੌਜਵਾਨਾਂ ਨੂੰ ਆਈਟੀ ਸੈਕਟਰ ਵਿੱਚ ਰੁਜ਼ਗਾਰ ਦੇਣ ਦਾ ਵਾਅਦਾ


Link [2022-01-23 07:15:10]



ਲਖਨਊ, 22 ਜਨਵਰੀ

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਇਹ ਆਈਟੀ ਸੈਕਟਰ ਵਿੱਚ 22 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਵੇਗੀ। ਉਨ੍ਹਾਂ ਇੱਥੇ ਪ੍ਰੈੱਸ ਕਾਨਫਰੰਸ ਮੌਕੇ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸਪਾ ਦੇ ਜਨਰਲ ਸਕੱਤਰ ਰਾਮ ਗੋਪਾਲ ਯਾਦਵ ਨੇ ਵੀ ਇੱਕ ਰਸਮੀ ਐਲਾਨ ਕਰਦਿਆਂ ਕਿਹਾ ਕਿ ਸ੍ਰੀ ਯਾਦਵ ਮੈਨਪੁਰੀ ਵਿੱਚ ਕਰਹਲ ਸੀਟ ਤੋਂ ਚੋਣ ਲੜਨਗੇ। ਮੈਨਪੁਰੀ ਸਪਾ ਦੇ ਬਾਨੀ ਅਤੇ ਯਾਦਵ ਦੇ ਪਿਤਾ ਮੁਲਾਇਮ ਸਿੰਘ ਯਾਦਵ ਦਾ ਲੋਕ ਸਭਾ ਹਲਕਾ ਹੈ। ਸਪਾ ਵੱਲੋਂ ਕੀਤੇ ਕੰਮ ਗਿਣਾਉਂਦਿਆਂ ਸ੍ਰੀ ਯਾਦਵ ਨੇ ਕਿਹਾ,'ਸਪਾ ਨੇ ਸੂਬੇ ਨੂੰ ਆਈਟੀ ਸੈਕਟਰ ਵਿੱਚ ਅੱਗੇ ਲਿਜਾਣ ਲਈ ਯਤਨ ਕੀਤੇ ਹਨ। ਜੇਕਰ ਪਾਰਟੀ ਵੱਲੋਂ ਕੀਤੇ ਗਏ ਕੰਮ ਨੂੰ ਅੱਗੇ ਲਿਜਾਇਆ ਗਿਆ ਹੁੰਦਾ ਤਾਂ ਲਖਨਊ ਦੀ ਪਛਾਣ ਅੱਜ ਆਈਟੀ ਹੱਬ ਵਜੋਂ ਬਣ ਗਈ ਹੁੰਦੀ, ਪਰ ਬਾਅਦ 'ਚ ਕੁਝ ਵੀ ਨਹੀਂ ਕੀਤਾ ਗਿਆ।' ਇਸ ਦੌਰਾਨ ਸਾਬਕਾ ਕਾਂਗਰਸੀ ਐੱਮਪੀ ਪ੍ਰਵੀਨ ਸਿੰਘ ਅਰੌਂ ਅਤੇ ਉਨ੍ਹਾਂ ਦੀ ਪਤਨੀ ਸੁਪ੍ਰਿਆ ਸਪਾ ਵਿੱਚ ਸ਼ਾਮਲ ਹੋ ਗਏ। ਹੁਣ ਉਹ ਸਪਾ ਉਮੀਦਵਾਰ ਵਜੋਂ ਬਰੇਲੀ ਤੋਂ ਚੋਣ ਲੜਨਗੇ। ਯੂਪੀ ਚੋਣਾਂ ਸੱਤ ਪੜਾਵਾਂ ਵਿੱਚ 10 ਫਰਵਰੀ ਤੋਂ 7 ਮਾਰਚ ਵਿਚਕਾਰ ਹੋਣਗੀਆਂ ਜਦਕਿ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। -ਪੀਟੀਆਈ

ਭਾਜਪਾ 'ਤੇ ਸਪਾ ਦੀਆਂ ਸਕੀਮਾਂ ਬੰਦ ਕਰਨ ਦਾ ਦੋਸ਼ ਲਾਇਆ

ਲਖਨਊ: ਇਸ ਦੌਰਾਨ ਸਪਾ ਮੁਖੀ ਨੇ ਭਾਜਪਾ 'ਤੇ ਸਮਾਜਵਾਦੀ ਪਾਰਟੀ ਵੱਲੋਂ ਸ਼ੁਰੂ ਕੀਤੀਆਂ ਸਾਰੀਆਂ ਸਕੀਮਾਂ ਬੰਦ ਕਰਨ ਦਾ ਵੀ ਦੋਸ਼ ਲਾਇਆ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਲੋਕਾਂ ਨੂੰ ਝੂਠੇ ਇਸ਼ਤਿਹਾਰ ਵਿਖਾਏ ਤੇ ਕਿਸਾਨਾਂ, ਨੌਜਵਾਨਾਂ ਅਤੇ ਮਜ਼ਦੂਰਾਂ ਨਾਲ ਧੋਖਾ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸ਼ਾਸਨ ਵਿੱਚ ਗਊਸ਼ਾਲਾਵਾਂ ਵਿੱਚ ਗਊਆਂ ਭੁੱਖੀਆਂ ਮਰ ਰਹੀਆਂ ਹਨ। ਸਮਾਜਵਾਦੀ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ 'ਕਾਮਧੇਨੂ ਯੋਜਨਾ' ਨੂੰ ਅਗਲੀ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ 'ਤੇ ਗਊਸ਼ਾਲਾਵਾਂ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇਗਾ। -ਪੀਟੀਆਈ

ਮਾਇਆਵਤੀ ਨੇ 51 ਉਮੀਦਵਾਰ ਐਲਾਨੇ

ਲਖਨਊ: ਬਸਪਾ ਪ੍ਰਧਾਨ ਮਾਇਆਵਤੀ ਨੇ ਆਪਣੀ ਪਾਰਟੀ ਦੇ 51 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ, ਜਿਨ੍ਹਾਂ ਦੇ ਹਲਕਿਆਂ 'ਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਵਿੱਚ ਵੋਟਾਂ ਪੈਣੀਆਂ ਹਨ। ਪਾਰਟੀ ਸੂਤਰਾਂ ਮੁਤਾਬਕ ਮੁਸਲਿਮ ਫ਼ਿਰਕੇ ਤੋਂ 23 ਅਤੇ ਅਨੁਸੂਚਿਤ ਜਾਤੀਆਂ ਤੋਂ 10 ਮੈਂਬਰ ਲਏ ਗਏ ਹਨ। ਕੁੱਲ 55 ਸੀਟਾਂ 'ਤੇ ਚੋਣਾਂ ਦੇ ਦੂਜੇ ਪੜਾਅ ਤਹਿਤ 14 ਫਰਵਰੀ ਨੂੰ ਵੋਟਾਂ ਪੈਣੀਆਂ ਹਨ। ਬਸਪਾ ਦੀ ਸੂਚੀ ਵਿੱਚ ਸਹਾਰਨਪੁਰ, ਬਿਜਨੌਰ, ਮੁਰਾਦਾਬਾਦ, ਸੰਬਲ, ਰਾਮਪੁਰ, ਅਮਰੋਹਾ, ਬਦਾਊਂ, ਬਰੇਲੀ ਅਤੇ ਸ਼ਾਹਜਹਾਂਪੁਰ ਜ਼ਿਲ੍ਹਿਆਂ ਦੀਆਂ ਸੀਟਾਂ ਲਈ ਉਮੀਦਵਾਰ ਸ਼ਾਮਲ ਹਨ। ਬਸਪਾ ਸੁੁਪਰੀਮੋ ਨੇ ਇਸ ਮੌਕੇ ਇੱਕ ਨਵਾਂ ਨਾਅਰਾ - 'ਹਰ ਪੋਲਿੰਗ ਬੂਥ ਕੋ ਜਿਤਾਨਾ ਹੈ, ਬਸਪਾ ਕੋ ਸੱਤਾ ਮੇਂ ਲਾਨਾ ਹੈ' ਦਿੱਤਾ। ਇਨ੍ਹਾਂ ਨਾਵਾਂ ਦੀ ਸੂਚੀ ਜਾਰੀ ਕਰਦਿਆਂ ਉਨ੍ਹਾਂ ਪਾਰਟੀ ਕਾਰਕੁਨਾਂ ਨੂੰ ਚੋਣ ਕਮਿਸ਼ਨ ਵੱਲੋਂ ਜਾਰੀ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਵੀ ਕਿਹਾ। -ਪੀਟੀਆਈ



Most Read

2024-09-23 18:26:06