World >> The Tribune


ਨੇਪਾਲ ਜਹਾਜ਼ ਹਾਦਸਾ: ਮਲਬੇ ਵਿੱਚੋਂ 21 ਲਾਸ਼ਾਂ ਬਰਾਮਦ


Link [2022-05-31 10:03:58]



ਕਾਠਮੰਡੂ, 30 ਮਈ

ਨੇਪਾਲ ਦੀਆਂ ਪਹਾੜੀਆਂ ਵਿੱਚ ਮੁਸਤਾਂਗ ਜ਼ਿਲ੍ਹੇ 'ਚ ਹਾਦਸੇ ਦਾ ਸ਼ਿਕਾਰ ਹੋਏ 'ਤਾਰਾ ਏਅਰ' ਦੇ ਜਹਾਜ਼ ਦੇ ਮਲਬੇ 'ਚੋਂ 21 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਹ ਜਹਾਜ਼ ਐਤਵਾਰ ਨੂੰ ਨੇਪਾਲ ਦੇ ਪੋਖਾਰਾ ਤੋਂ ਜੋਮਸਮ ਲਈ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਪਹਾੜੀਆਂ ਵਿੱਚ ਲਾਪਤਾ ਹੋ ਗਿਆ ਸੀ। ਇਸ ਵਿੱਚ 4 ਭਾਰਤੀਆਂ ਸਣੇ 22 ਜਣੇ ਸਵਾਰ ਸਨ। ਬਾਕੀ ਸਵਾਰਾਂ ਵਿੱਚੋਂ 13 ਨੇਪਾਲੀ, ਦੋ ਜਰਮਨ ਅਤੇ ਅਮਲੇ ਦੇ ਤਿੰਨ ਨੇਪਾਲੀ ਮੈਂਬਰ ਸ਼ਾਮਲ ਸਨ।

ਕਾਠਮੰਡੂ ਪੋਸਟ ਨਿਊਜ਼ਪੇਪਰ ਦੀ ਖ਼ਬਰ ਮੁਤਾਬਕ ਬਚਾਅ ਕਰਮੀਆਂ ਨੇ ਹਾਦਸੇ ਵਾਲੀ ਥਾਂ ਤੋਂ 21 ਲਾਸ਼ਾਂ ਕੱਢ ਲਈਆਂ ਹਨ। ਅਖਬਾਰ ਨੇ ਤਾਰਾ ਏਅਰ ਦੇ ਤਰਜਮਾਨ ਸੁਦਰਸ਼ਨ ਬਾਰਤੁਲਾ ਦੇ ਹਵਾਲੇ ਨਾਲ ਕਿਹਾ, ''ਖੋਜ ਤੇ ਬਚਾਅ ਟੀਮਾਂ ਵੱਲੋਂ ਬਾਕੀ ਦੋ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ।'' ਉਨ੍ਹਾਂ ਦੱਸਿਆ ਕਿ ਕੱਢੀਆਂ ਗਈਆਂ ਲਾਸ਼ਾਂ ਵਿੱਚੋਂ 10 ਕੋਵਾਂਗ ਲਿਆਂਦੀਆਂ ਗਈਆਂ ਹਨ ਜਿਥੋਂ ਬਚਾਅ ਅਪਰੇਸ਼ਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ਸਥਾਨ 'ਤੇ ਲਗਪਗ 100 ਲੋਕ ਹਨ ਜਿਨ੍ਹਾਂ ਵਿੱਚ ਨੇਪਾਲੀ ਫੌਜ, ਹਥਿਆਰਬੰਦ ਪੁਲੀਸ ਬਲ, ਨੇਪਾਲ ਪੁਲੀਸ, ਪਰਬਤਾਰੋਹੀ ਬਚਾਅ ਅਧਿਕਾਰੀ ਅਤੇ ਸਥਾਨਕ ਲੋਕ ਸ਼ਾਮਲ ਹਨ। ਉਨ੍ਹਾਂ ਵੱਲੋਂ ਬਾਕੀ ਲਾਸ਼ਾਂ ਲੱਭੀਆਂ ਜਾ ਰਹੀਆਂ ਹਨ। ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ ਜਹਾਜ਼ ਹਾਦਸੇ ਵਿੱਚ ਚਾਲਕ ਦਲ ਦੇ ਮੈਂਬਰਾਂ ਸਣੇ ਯਾਤਰੀਆਂ ਦੀ ਮੌਤ 'ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਹਾਦਸੇ ਵਾਲੀ ਥਾਂ ਰਾਹਤ ਕਾਰਜਾਂ ਵਿੱਚ ਜੁਟੇ ਇੰਦਾ ਸਿੰਘ ਨੇ ਕਿਹਾ ਕਿ ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਸਿੰਘ ਨੇ ਕਿਹਾ, ''ਜਹਾਜ਼ ਵਿੱਚ ਸਵਾਰ ਸਾਰੇ ਮੁਸਾਫ਼ਰ ਮ੍ਰਿਤ ਹਾਲਤ ਵਿੱਚ ਮਿਲੇ ਹਨ। ਮ੍ਰਿਤਕ ਦੇਹਾਂ ਤੇ ਸਾਰੇ ਪੀੜਤਾਂ ਦੇ ਚਿਹਰੇ ਪਛਾਨਣਯੋਗ ਹਨ।'' ਸਿੰਘ ਨੇ ਕਿਹਾ ਕਿ ਜਹਾਜ਼ ਨੂੰ ਅੱਗ ਲੱਗਣ ਦੇ ਕੋਈ ਸੰਕੇਤ ਨਹੀਂ ਹਨ ਤੇ ਸ਼ਾਇਦ ਜਹਾਜ਼ ਕਿਸੇ ਚੋਟੀ ਨਾਲ ਟਕਰਾਉਣ ਮਗਰੋਂ ਹਾਦਸੇ ਦਾ ਸ਼ਿਕਾਰ ਹੋ ਗਿਆ। -ਪੀਟੀਆਈ



Most Read

2024-09-19 16:20:46