World >> The Tribune


ਮਾਰੀਓਪੋਲ ਵਿੱਚ 200 ਲਾਸ਼ਾਂ ਮਿਲੀਆਂ


Link [2022-05-25 09:30:46]



ਕੀਵ, 24 ਮਈ

ਮਾਰੀਓਪੋਲ 'ਚ ਮਲਬੇ ਦੀ ਛਾਣਬੀਣ ਮਗਰੋਂ 200 ਲਾਸ਼ਾਂ ਮਿਲੀਆਂ ਹਨ। ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਲਾਸ਼ਾਂ ਇਕ ਇਮਾਰਤ ਦੇ ਤਹਿਖਾਨੇ 'ਚੋਂ ਮਿਲੀਆਂ ਹਨ। ਸ਼ਹਿਰ ਦੇ ਮੇਅਰ ਦੇ ਸਲਾਹਕਾਰ ਪੈਟਰੋ ਐਂਡਰੀਯੁਸ਼ਚੇਂਕੋ ਨੇ ਕਿਹਾ ਕਿ ਮਲਬੇ 'ਚੋਂ ਬਦਬੂ ਆ ਰਹੀ ਸੀ ਅਤੇ ਉਸ 'ਚੋਂ ਸੜੀਆਂ-ਗਲੀਆਂ ਲਾਸ਼ਾਂ ਮਿਲੀਆਂ ਹਨ। ਲਾਸ਼ਾਂ ਉਸ ਸਮੇਂ ਮਿਲੀਆਂ ਹਨ ਜਦੋਂ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਰੂਸ 'ਤੇ ਸੰਪੂਰਨ ਜੰਗ ਦਾ ਦੋੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਰੂਸ ਨੇ ਯੂਕਰੇਨ 'ਚ ਤਬਾਹੀ ਮਚਾਉਣ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਘਾਣ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਯੂਰੋਪੀਅਨ ਮਹਾਦੀਪ 'ਤੇ ਪਿਛਲੇ 77 ਸਾਲਾਂ 'ਚ ਅਜਿਹੀ ਜੰਗ ਨਹੀਂ ਹੋਈ ਸੀ। ਉਨ੍ਹਾਂ ਡੇਸਨਾ ਕਸਬੇ 'ਚ ਪਿਛਲੇ ਹਫ਼ਤੇ ਮਿਜ਼ਾਈਲ ਹਮਲੇ 'ਚ ਮਾਰੇ ਗਏ 87 ਲੋਕਾਂ ਦਾ ਜ਼ਿਕਰ ਵੀ ਕੀਤਾ। ਜ਼ੇਲੈਂਸਕੀ ਨੇ ਕਿਹਾ ਕਿ ਰੂਸੀ ਫ਼ੌਜ ਨੇ ਹੁਣ ਤੱਕ 1474 ਮਿਜ਼ਾਈਲਾਂ ਨਾਲ ਸ਼ਹਿਰੀ ਇਲਾਕਿਆਂ 'ਚ ਹਮਲੇ ਕੀਤੇ ਹਨ। ਇਸ ਦੌਰਾਨ ਤਿੰਨ ਹਜ਼ਾਰ ਤੋਂ ਜ਼ਿਆਦਾ ਹਵਾਈ ਹਮਲੇ ਵੀ ਕੀਤੇ ਗਏ। ਉਧਰ ਰੂਸ ਵੱਲੋਂ ਡੋਨਬਾਸ ਦੇ ਪੂਰਬੀ ਸਨਅਤੀ ਕੇਂਦਰ 'ਤੇ ਧਿਆਨ ਕੇਂਦਰਤ ਕੀਤਾ ਗਿਆ ਹੈ। ਡੋਨਬਾਸ 'ਚ ਜਿੱਤ ਯਕੀਨੀ ਬਣਾਉਣ ਲਈ ਮਾਸਕੋ ਨੇ ਖਾਰਕੀਵ ਨੇੜਿਉਂ ਆਪਣੀ ਕੁਝ ਫ਼ੌਜ ਪਿੱਛੇ ਹਟਾ ਲਈ ਹੈ। ਖੇਰਸਨ ਖਿੱਤੇ 'ਚ ਰੂਸ ਪੱਖੀ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਰੂਸ ਨੂੰ ਉਥੇ ਆਪਣਾ ਫ਼ੌਜੀ ਅੱਡਾ ਬਣਾਉਣ ਦੀ ਅਪੀਲ ਕਰਨਗੇ। ਯੂਕਰੇਨੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਰੂਸ ਵੱਲੋਂ ਖ਼ਿੱਤੇ 'ਚ ਰਾਏਸ਼ੁਮਾਰੀ ਕਰਵਾ ਕੇ ਉਸ ਨੂੰ ਆਜ਼ਾਦ ਐਲਾਨਿਆ ਜਾ ਸਕਦਾ ਹੈ। -ਏਪੀ

ਯੂਕਰੇਨ ਦੇ ਜੰਗ ਜਿੱਤਣ ਤੱਕ ਹਰ ਸੰਭਵ ਸਹਾਇਤਾ ਕਰਾਂਗੇ: ਯੂਰਪੀ ਕਮਿਸ਼ਨ

ਦਾਵੋਸ: ਯੂਰਪੀਅਨ ਕਮਿਸ਼ਨ ਦੀ ਮੁਖੀ ਉਰਸੁਲਾ ਵੋਨ ਡੇਰ ਲੇਯੇਨ ਨੇ ਕਿਹਾ ਹੈ ਕਿ ਯੂਕਰੇਨ ਨੂੰ ਰੂਸ ਨਾਲ ਜੰਗ ਜਿੱਤਣੀ ਚਾਹੀਦੀ ਹੈ ਅਤੇ ਯੂਰਪ ਉਸ ਨੂੰ ਹਰ ਸੰਭਵ ਮਦਦ ਦੇਣ ਲਈ ਵਚਨਬੱਧ ਹੈ। ਵਿਸ਼ਵ ਆਰਥਿਕ ਫੋਰਮ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਯੂਕਰੇਨ ਦੀ ਹੋਂਦ ਦਾ ਮਾਮਲਾ ਨਹੀਂ ਹੈ। 'ਇਹ ਯੂਰਪ ਬਾਰੇ ਨਹੀਂ ਪੂਰੇ ਆਲਮੀ ਫਿਰਕੇ ਬਾਰੇ ਹੈ। ਯੂਕਰੇਨ ਨੂੰ ਇਹ ਜੰਗ ਜਿੱਤਣੀ ਚਾਹੀਦੀ ਹੈ ਅਤੇ ਪੂਤਿਨ ਦੇ ਹਮਲਾਵਰ ਰੁਖ਼ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਸਾਰਾ ਕੁਝ ਕਰਾਂਗੇ।' ਉਨ੍ਹਾਂ ਕਿਹਾ ਕਿ ਯੂਰਪੀ ਯੂਨੀਅਨ ਪਹਿਲੀ ਵਾਰ ਹਮਲੇ ਦਾ ਸਾਹਮਣਾ ਕਰ ਰਹੇ ਕਿਸੇ ਮੁਲਕ ਨੂੰ ਫ਼ੌਜੀ ਸਹਾਇਤਾ ਦੇ ਰਹੀ ਹੈ। 'ਅਸੀਂ ਯੂਕਰੇਨ ਨੂੰ 10 ਅਰਬ ਯੂਰੋ ਤੋਂ ਵਧ ਦੀ ਸਹਾਇਤਾ ਦੇਣ ਦਾ ਮਤਾ ਰੱਖਿਆ ਹੈ।' ਉਧਰ ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਨੇ ਵਿਸ਼ੇਸ਼ ਸੰਬੋਧਨ ਦੌਰਾਨ ਕਿਹਾ ਕਿ ਰੂਸ ਨੇ ਯੂਕਰੇਨ 'ਤੇ ਨਹੀਂ ਸਗੋਂ ਯੂਰਪੀ ਯੂਨੀਅਨ ਉਪਰ ਸਿੱਧਾ ਹਮਲਾ ਕੀਤਾ ਹੈ। -ਪੀਟੀਆਈ



Most Read

2024-09-19 16:50:57